ਬਾਜਵਾ ਪਰਿਵਾਰ ਨੇ ‘ਛੱਡੀ’ ਨੌਕਰੀ

ਚੰਡੀਗੜ੍ਹ (ਸਮਾਜ ਵੀਕਲੀ): ਕਾਦੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਸਿਆਸੀ ਦਬਾਅ ਬਣਨ ਮਗਰੋਂ ਆਖਰ ਅੱਜ ਆਪਣੇ ਪੁੱਤਰ ਨੂੰ ਮਿਲੀ ਸਰਕਾਰੀ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ। ਬਾਜਵਾ ਪਰਿਵਾਰ ਨੇ ਨੌਕਰੀ ਛੱਡਣ ਨੂੰ ਪੰਜਾਬ ਦੀ ਸਿਆਸਤ ਵਿਚ ‘ਤਿਆਗ’ ਦੀ ਇੱਕ ਨਿਵੇਕਲੀ ਪਿਰਤ ਦਾ ਨਾਮ ਦਿੱਤਾ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪੁੱਤ ਦੀ ਨੌਕਰੀ ਛੱਡ ਕੇ ਨਵੀਂ ਪਿਰਤ ਪਾਈ ਹੈ, ਜਿਸ ਕਰ ਕੇ ਹੁਣ ਬਾਕੀ ਸਿਆਸੀ ਆਗੂ ਵੀ ਇਸ ਲੀਹ ’ਤੇ ਚੱਲਣ।

ਬਾਜਵਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਖਾਸ ਤੌਰ ’ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਜ਼ੀਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਹੁਣ ਇਹ ਆਗੂ ਵੀ ਆਪਣੇ ਸਕੇ-ਸਬੰਧੀਆਂ ਨੂੰ ਅਹੁਦਿਆਂ ਤੋਂ ਲਾਂਭੇ ਕਰਾ ਕੇ ਬਾਜਵਾ ਪਰਿਵਾਰ ਵੱਲੋਂ ਅੱਜ ਪਾਈ ਪਿਰਤ ’ਤੇ ਪਹਿਰਾ ਦੇਣ। ਚੇਤੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕ ਬਾਜਵਾ ਦੇ ਪੁੱਤਰ ਨੂੰ ਨੌਕਰੀ ਦੇਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਨੇ ਬਾਜਵਾ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਇਆ ਹੈ। ਪੰਜਾਬ ਵਜ਼ਾਰਤ ਨੇ 18 ਜੂਨ ਨੂੰ ਕਾਂਗਰਸੀ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਇੰਸਪੈਕਟਰ ਅਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਦੀ ‘ਤਰਸ ਦੇ ਆਧਾਰ’ ਉੱਤੇ ਨੌਕਰੀ ਦਿੱਤੇ ਜਾਣ ’ਤੇ ਮੋਹਰ ਲਾਈ ਸੀ। ਇਹ ਨੌਕਰੀਆਂ ਪਿਛਲੇ ਦਿਨਾਂ ਵਿਚ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਦਾ ਜ਼ਰੀਆ ਬਣ ਗਈਆਂ ਸਨ।

ਅੱਜ ਵਿਧਾਇਕ ਬਾਜਵਾ ਨੇ ਸਫਾਈ ਦਿੱਤੀ ਕਿ ਉਨ੍ਹਾਂ ਨੇ ਤਾਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੂੰ ਕੋਈ ਨੌਕਰੀ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਇਹ ਵੀ ਆਖਿਆ ਕਿ ਅਗਰ ‘ਆਈਜੀ’ ਦੀ ਵੀ ਨੌਕਰੀ ਹੁੰਦੀ ਤਾਂ ਵੀ ਉਨ੍ਹਾਂ ਨੇ ਨਹੀਂ ਲੈਣੀ ਸੀ। ਜਦੋਂ ਉਨ੍ਹਾਂ ਦੇ ਪਿਤਾ ਦੀ ਸ਼ਹਾਦਤ ਮੌਕੇ ਦਰਜ ਹੋਈ ਐੱਫਆਈਆਰ ’ਤੇ ਉਂਗਲ ਉੱਠਣ ਦੀ ਗੱਲ ਬਾਰੇ ਪੁੱਛਿਆ ਗਿਆ ਤਾਂ ਵਿਧਾਇਕ ਬਾਜਵਾ ਨੇ ਕਿਹਾ ਕਿ ਪੁਲੀਸ ਰਿਕਾਰਡ ਵਿਚ ਸਭ ਕੁਝ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਹੁਣ ਮੁੱਖ ਮੰਤਰੀ ਦੇ ਸਲਾਹਕਾਰਾਂ ’ਤੇ ਉਂਗਲ ਉਠਾ ਰਹੇ ਹਨ ਜਦੋ ਕਿ ਪਹਿਲਾਂ ਉਹ ਵੀ ਚਾਰ ਸਾਲ ਸਲਾਹਾਂ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਾਖੜ ਦਾ ਭਤੀਜਾ ਅਜੈਵੀਰ ਕਿਸਾਨ ਕਮਿਸ਼ਨ ਦਾ ਚੇਅਰਮੈਨ ਹੈ। ਅੱਜ ਸਿਆਸੀ ਹਲਕਿਆਂ ਵਿਚ ਚਰਚੇ ਰਹੇ ਕਿ ਵਿਧਾਇਕ ਰਾਕੇਸ਼ ਪਾਂਡੇ ਦਾ ਪਰਿਵਾਰ ਵੀ ਇਸ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰੀਵਾਲ ਦੇ ਪਿੰਡ ਫੱਜੂਪੁਰ ਦੇ ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ
Next articleਬਾਜਵਾ ਪਰਿਵਾਰ ਜਨਤਕ ਮੁਆਫ਼ੀ ਮੰਗੇ: ਜਾਖੜ