ਮਹਾਨ ਕੋਸ਼ ਦੇ ਕਰਤਾ-ਭਾਈ ਕਾਨ੍ਹ ਸਿੰਘ ਨਾਭਾ

ਭਾਈ ਕਾਨ੍ਹ ਸਿੰਘ ਨਾਭਾ

23 ਨਵੰਬਰ ਨੂੰ ਬਰਸੀ ’ਤੇ ਵਿਸ਼ੇਸ਼

(ਸਮਾਜ ਵੀਕਲੀ) ਭਾਰਤ ਦੇ ਪੁਰਾਣੇ ਪ੍ਰੰਪਰਾਵਾਦੀ ਸਾਹਿਤ ਵਿੱਚ ਸਾਨੂੰ ਕਵੀਆਂ ਜਾਂ ਲਿਖਾਰੀਆਂ ਦਾ ਜੀਵਨ ਬਿਰਤਾਂਤ ਲਿਖਤੀ ਰੂਪ ਵਿੱਚ ਨਹੀਂ ਮਿਲਦਾ। ਅਸਲ ਵਿੱਚ ਉਸ ਸਮੇਂ ਸਾਡੇ ਦੇਸ਼ ਵਿੱਚ ਅਜਿਹੀਆਂ ਜੀਵਨੀਆਂ ਲਿਖਣ ਦਾ ਰਿਵਾਜ ਹੀ ਨਹੀਂ ਸੀ। ਇਹ ਲਿਖਣ ਦੀ ਪ੍ਰੇਰਨਾ ਸਾਨੂੰ ਪੱਛਮ ਤੋਂ ਮਿਲੀ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਤੇ ਹੋਰ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦੀ ਬਹੁਤ ਵੱਡੀ ਸੇਵਾ ਕੀਤੀ ਹੈ।
ਭਾਈ ਕਾਨ੍ਹ ਸਿੰਘ ਦਾ ਜਨਮ 27 ਅਗਸਤ 1861 ਈ: ਨੂੰ ਨਾਭਾ ਨੇੜੇ ਪਿੰਡ ਸਬਜ ਬਨੇਰਾ ਰਿਆਸਤ ਪਟਿਆਲਾ ਵਿਖੇ ਪਿਤਾ ਭਾਈ ਨਰਾਇਣ ਸਿੰਘ ਦੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ ਪੜਦਾਦਾ ਬਾਬਾ ਨੌਧ ਸਿੰਘ ਪਿੰਡ ਪਿੱਥੋ ਰਿਆਸਤ ਨਾਭਾ ਦੇ ਚੌਧਰੀ ਸਨ ਅਤੇ ਦਾਦਾ ਬਾਬਾ ਸਰੂਪ ਸਿੰਘ ਬੜੇ ਭਜਨ-ਬੰਦਗੀ ਕਰਨ ਵਾਲੇ ਪੁਰਸ਼ ਸਨ। ਭਾਈ ਕਾਨ੍ਹ ਸਿੰਘ ਦੇ ਦੋ ਛੋਟੇ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਅਤੇ ਇੱਕ ਭੈਣ ਬੀਬੀ ਕਾਨ੍ਹ ਕੌਰ ਸੀ ਜੋ ਛੋਟੀ ਉਮਰ ਵਿੱਚ ਹੀ ਗੁਜ਼ਰ ਗਈ ਸੀ। ਭਾਈ ਕਾਨ੍ਹ ਸਿੰਘ ਨੇ ਛੋਟੀ ਉਮਰ ਵਿੱਚ ਡੇਰੇ ’ਚ ਪਿਤਾ ਜੀ ਪਾਸੋਂ ਪੰਜਾਬੀ, ਹਿੰਦੀ ਅਤੇ ਸਿੱਖ ਸਾਹਿਤ ਦਾ ਅਧਿਐਨ ਕੀਤਾ। ਜਦੋਂ ਉਹ ਪੰਜ ਸਾਲ ਦੇ ਸਨ ਤਾਂ ਪਿਤਾ ਜੀ ਨੇ ਉਹਨਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ। ਸੱਤ ਸਾਲ ਦੀ ਉਮਰ ਵਿੱਚ ਉਹ ਪਾਠ ਕਰਨ ਲੱਗ ਪਏ ਸਨ।
ਭਾਈ ਕਾਨ੍ਹ ਸਿੰਘ ਦੇ ਪਹਿਲੇ ਉਸਤਾਦ ਭਾਈ ਭੂਪ ਸਿੰਘ ਸਨ ਜਿਨ੍ਹਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮੁਖੀ ਪੜ੍ਹਾਈ। ਜਦੋਂ ਉਹ 20 ਸਾਲ ਦੇ ਹੋਏ ਤਾਂ ਉਹਨਾਂ ਦੇ ਮਨ ਵਿੱਚ ਫ਼ਾਰਸੀ ਅਤੇ ਅੰਗਰੇਜ਼ੀ ਪੜ੍ਹਨ ਦਾ ਸ਼ੌਕ ਜਾਗਿਆ। ਉਹਨਾਂ ਦੇ ਭਾਈ ਭੂਪ ਸਿੰਘ ਤੋਂ ਇਲਾਵਾ ਹੋਰ ਵੀ ਉਸਤਾਦ ਸਨ। ਇਹਨਾਂ ਵਿੱਚ ਬਾਵਾ ਕਲਿਆਣ ਦਾਸ, ਪੰਡਿਤ ਸ੍ਰੀ ਧਰ, ਭਾਈ ਰਾਮ ਸਿੰਘ, ਭਾਈ ਭਗਵਾਨ ਸਿੰਘ ਦੁੱਗ, ਭਾਈ ਸੰਤ ਸਿੰਘ ਸ਼ਾਮਲ ਸਨ। ਜਿਨ੍ਹਾਂ ਪਾਸੋਂ ਉਹਨਾਂ ਨੇ ਸੰਗੀਤ, ਫ਼ਾਰਸੀ, ਸੰਸਕ੍ਰਿਤ, ਅੰਗਰੇਜ਼ੀ ਆਦਿ ਦਾ ਗਿਆਨ ਹਾਸਲ ਕੀਤਾ। ਸੰਨ 1883 ਵਿੱਚ ਜਦੋਂ ਉਹਨਾਂ ਦੀ ਉਮਰ 22 ਸਾਲ ਦੀ ਹੋਈ ਤਾਂ ਆਪ ਲਾਹੌਰ ਪਹੁੰਚੇ। ਲਾਹੌਰ ਵਿੱਚ ਉਹਨਾਂ ਨੇ ਗੁਰਮਤਿ ਸੰਬੰਧੀ ਪੰਜ ਗ੍ਰੰਥਾਂ ਦਾ ਸੰਪਾਦਨ ਸ਼ੁਰੂ ਕੀਤਾ ਅਤੇ ਅਨੇਕਾਂ ਹੀ ਪੁਸਤਕਾਂ ਪੜ੍ਹੀਆਂ। ਲਾਹੌਰ ਵਿੱਚ ਆਪ ਦੋ ਸਾਲ ਰਹੇ ਅਤੇ ਫਿਰ ਵਾਪਸ ਨਾਭੇ ਆ ਗਏ। ਹੁਣ ਮਾਤਾ-ਪਿਤਾ ਉਹਨਾਂ ਦੇ ਵਿਆਹ ਬਾਰੇ ਸੋਚਣ ਲੱਗੇ। ਉਹਨਾਂ ਦਾ ਪਹਿਲਾ ਵਿਆਹ ਪਿੰਡ ਧੂਰੇ ਰਿਆਸਤ ਪਟਿਆਲਾ ਅਤੇ ਦੂਜਾ ਵਿਆਹ ਮੁਕਤਸਰ ਵਿਖੇ ਹੋਇਆ। ਦੋਵਾਂ ਪਤਨੀਆਂ ਦੇ ਗੁਜ਼ਰਨ ਪਿੱਛੋਂ ਉਹਨਾਂ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਬਸੰਤ ਕੌਰ ਨਾਲ ਹੋਇਆ।
1888 ਵਿੱਚ ਟਿੱਕਾ ਰਿਪੁਦਮਨ ਸਿੰਘ ਨੂੰ ਪੜ੍ਹਾਉਣ ਦਾ ਕੰਮ ਉਹਨਾਂ ਦੇ ਜ਼ੁੰਮੇ ਲਾਇਆ। ਵਿਆਹ ਤੋਂ ਬਾਅਦ ਉਹ ਮਹਾਰਾਜਾ ਹੀਰਾ ਸਿੰਘ ਨਾਭਾ ਕੋਲ ਆ ਕੇ ਮੁਨਸ਼ੀ ਲੱਗ ਗਏ। ਮਹਾਰਾਜਾ ਹੀਰਾ ਸਿੰਘ ਵਿਦਵਾਨਾਂ ਦੇ ਬੜੇ ਕਦਰਦਾਨ ਸਨ ਅਤੇ ਚੰਗੇ-ਮੰਦੇ ਆਦਮੀ ਨੂੰ ਸਹਿਜੇ ਹੀ ਪਰਖ ਲੈਂਦੇ ਸਨ। ਉਹਨਾਂ 1892 ’ਚ ਭਾਈ ਕਾਨ੍ਹ ਸਿੰਘ ਨੂੰ ਪ੍ਰਾਈਵੇਟ ਸਕੱਤਰ ਮੁਕੱਰਰ ਕੀਤਾ। ਇਸ ਤੋਂ ਥੋੜ੍ਹੇ ਚਿਰ ਪਿੱਛੋਂ ਹੀ ਸਿਟੀ ਮੈਜਿਸਟਰੇਟ, ਡਿਪਟੀ ਕਮਿਸ਼ਨਰ ਅਤੇ ਬਾਵਲ (ਮੰਤਰੀ) ਦੇ ਅਹੁਦੇ ’ਤੇ ਵੀ ਰਹੇ। ਉਹ ਜਿਸ ਵੀ ਕੰਮ ਤੇ ਲੱਗੇ, ਉਸ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਹਨਾਂ ਨੇ 1903 ਵਿੱਚ ਖ਼ਾਲਸਾ ਕਾਲਜ ਦਾ ਪੱਕਾ ਪ੍ਰਬੰਧ ਕਰਨ ਲਈ 21 ਲੱਖ ਰੁਪਏ ਫੰਡ ਇਕੱਤਰ ਕੀਤਾ। ਮਿਸਟਰ ਮੈਕਾਲਿਫ਼ ਵਰਗੇ ਅੰਗਰੇਜ਼ ਨੂੰ ਉਹਨਾਂ ਨੇ ਬੜੀ ਮਿਹਨਤ ਨਾਲ ਸਿੱਖ ਧਰਮ ਤੇ ਸਿੱਖ ਇਤਿਹਾਸ ਪੜ੍ਹਾਇਆ ਤੇ ਉਹਨਾਂ ਤੋਂ ‘ਸਿੱਖ ਰਿਲੀਜ਼ਨ’ (ਸਿੱਖ ਧਰਮ) ਪੁਸਤਕ ਲਿਖਵਾਈ। ਪੱਖੋਵਾਲ ਦੇ ਮੁਕੱਦਮੇ ਦੀ ਪੈਰਵੀ ਲਈ 1907, 1908 ਤੇ 1910 ਵਿੱਚ ਉਹ ਲੰਡਨ ਗਏ। ਵਲਾਇਤ ਦੀਆਂ ਇਹਨਾਂ ਫੇਰੀਆਂ ਦੌਰਾਨ ਉਹਨਾਂ ਦੋ ਕੰਮਾਂ ਤੇ ਜਿੱਤ ਪ੍ਰਾਪਤ ਕੀਤੀ। ਪਹਿਲਾ ਰਿਆਸਤ ਨਾਭਾ ਦੀ ਅਪੀਲ ਦਾ ਫੈਸਲਾ ਸੀ ਤੇ ਦੂਜਾ ਮੈਕਾਲਿਫ਼ ਦੀ ‘ਸਿੱਖ ਧਰਮ’ ਨਾਮੀ ਪੁਸਤਕ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਛਪ ਕੇ ਛੇ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਣਾ ਸੀ।
25 ਦਸੰਬਰ 1911 ਨੂੰ ਮਹਾਰਾਜਾ ਹੀਰਾ ਸਿੰਘ ਦਾ ਦੇਹਾਂਤ ਹੋ ਗਿਆ। ਰਿਆਸਤ ਨਾਭਾ ਦੀ ਨੌਕਰੀ ਖ਼ਤਮ ਹੋਣ ਉਪਰੰਤ 1912 ਵਿੱਚ ਭਾਈ ਸਾਹਿਬ ਨੇ ਕਸ਼ਮੀਰ ਜਾ ਕੇ ਸਿੱਖ ਸਾਹਿਤ ਦੇ ਆਧਾਰ ’ਤੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਲਿਖਣਾ ਸ਼ੁਰੂ ਕੀਤਾ ਜੋ 14 ਸਾਲ ਦੀ ਸਖ਼ਤ ਘਾਲਣਾ ਤੋਂ ਬਾਅਦ 1926 ਵਿੱਚ ਪੂਰਾ ਹੋਇਆ ਅਤੇ 1930 ਵਿੱਚ ਦਰਬਾਰ ਪਟਿਆਲਾ ਵੱਲੋਂ ਛਪ ਕੇ ਪ੍ਰਕਾਸ਼ਿਤ ਹੋਇਆ। ਇਸ ਦੀ ਛਪਾਈ ਉੱਤੇ ਉਸ ਸਮੇਂ ਸਰਕਾਰ ਦੇ 51,000 ਰੁਪਏ ਖ਼ਰਚ ਆਏ ਸਨ। ਇਹ ਗ੍ਰੰਥ 3338 ਪੰਨਿਆਂ ਦੀਆਂ ਵੱਡੀਆਂ-ਵੱਡੀਆਂ ਚਾਰ ਜਿਲਦਾਂ ਵਿੱਚ ਛਪਿਆ। ਇਸ ਦਾ ਮੁੱਲ ਉਸ ਸਮੇਂ 110 ਰੁਪਏ ਸੀ ਜਿਸ ਕਰਕੇ ਆਮ ਗਾਹਕਾਂ ਲਈ ਇਸ ਨੂੰ ਖਰੀਦਣਾ ਮੁਸ਼ਕਲ ਸੀ। ਇਹ ਮੁਸ਼ਕਲ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਨੇ ਨਵੇਂ ਢੰਗ ਨਾਲ ਇਸ ਦੀ ਛਪਾਈ ਕਰਕੇ ਹੱਲ ਕਰ ਦਿੱਤੀ। ਅੱਜ ਕੱਲ੍ਹ ਇਹ ਨੈਸ਼ਨਲ ਬੁੱਕ ਸ਼ਾਪ ਦਿੱਲੀ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਸਥਾਪਿਤ ਲਾਇਬਰੇਰੀ ਦਾ ਨਾਂ ਵੀ ‘ਭਾਈ ਕਾਨ੍ਹ ਸਿੰਘ ਨਾਭਾ’ ਨੂੰ ਸਮਰਪਿਤ ਹੈ। ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ-ਦਿਨ ਹਰ ਸਾਲ ‘ਕਿਤਾਬ ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਭਾਈ ਸਾਹਿਬ ਉੱਚੇ ਸੋਹਣੇ, ਸੁਨੱਖੇ ਤੇ ਤੰਦਰੁਸਤ ਵਿਅਕਤੀ ਸਨ। ਉਹ ਬੋਲਦੇ ਬੜਾ ਘੱਟ ਸਨ।  ਉਹ ਜੋ ਗੱਲ ਕਰਦੇ, ਬੜੀ ਸੋਚ ਸਮਝ ਕੇ ਤੇ ਥੋੜ੍ਹੇ ਸ਼ਬਦਾਂ ਵਿੱਚ ਕਰਦੇ ਸਨ। ਉਹਨਾਂ ਦੇ ਸੁਭਾਅ ਵਿੱਚ ਮਿਠਾਸ ਸੀ। ਉਹਨਾਂ ਦੀ ਲਿਖਤ ਬੜੀ ਸਾਫ਼ ਤੇ ਸ਼ੁੱਧ ਹੁੰਦੀ ਸੀ। ਸੰਗੀਤ ਦੇ ਚੰਗੇ ਪਾਰਦਰਸ਼ੀ ਵਿਦਵਾਨ ਹੋਣ ਕਰਕੇ ਉਹ ਕਈ ਵੱਡੇ-ਵੱਡੇ ਸੰਗੀਤ ਦਰਬਾਰਾਂ ਦੇ ਪ੍ਰਧਾਨ ਵੀ ਰਹੇ। ਮਹਾਰਾਜਾ ਨਾਭਾ ਨੇ ਉਹਨਾਂ ਦਾ ਉਪਨਾਮ ‘ਨੀਤੀ’ ਰੱਖਿਆ ਹੋਇਆ ਸੀ। ਭਾਈ ਸਾਹਿਬ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਹੈ। ਉਹਨਾਂ ਨੇ ਰਾਜ ਧਰਮ ਨਾਟਕ, ਭਾਵਾਰਥ ਦੀਪਿਕਾ ਟੀਕਾ, ਹਮ ਹਿੰਦੂ ਨਹੀਂ, ਗੁਰਮਤਿ ਸੁਧਾਕਰ, ਸਮੱਸਿਆ ਪੂਰਤੀ, ਗੁਰਮਤਿ ਮਾਰਤੰਡ, ਗੁਰ ਮਹਿਮਾ ਸੰਗ੍ਰਹਿ, ਅਨੇਕਾਰਥ ਕੋਸ਼, ਨਾਮ ਮਾਲਾ ਕੋਸ਼, ਗੁਰਮਤਿ ਪ੍ਰਭਾਕਰ, ਠੱਠ ਲੀਲਾ, ਬਾਗੜੀਆਂ ਦਾ ਇਤਿਹਾਸ, ਹਨੂੰਮਾਨ ਨਾਟਕ, ਮਹਾਨ ਕੋਸ਼, ਗੁਰੂ ਗਿਰਾ ਕਸੌਟੀ, ਪਹਾੜ ਯਾਤਰਾ, ਵਲਾਇਤ ਯਾਤਰਾ, ਸ਼ਰਾਬ ਨਿਖੇਧ, ਇੱਕ ਜੋਤਿਸ਼ ਗ੍ਰੰਥ ਆਦਿ ਪੁਸਤਕਾਂ ਲਿਖ ਕੇ ਆਉਣ ਵਾਲੀਆਂ ਨਸਲਾਂ ਨੂੰ ਭੇਟ ਕੀਤੀਆਂ।
ਭਾਈ ਸਾਹਿਬ ਦਾ ਸਭ ਤੋਂ ਮਹੱਤਵਪੂਰਨ ਗ੍ਰੰਥ ‘ਮਹਾਨ ਕੋਸ਼’ ਹੈ। ਇਸ ਦਾ ਅਸਲ ਨਾਂ ‘ਗੁਰ ਸ਼ਬਦ ਰਤਨਾਕਰ’ ਜਾਂ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ’ ਹੈ। ਭਾਈ ਕਾਨ੍ਹ ਸਿੰਘ ਨਾਭਾ ਨੂੰ 3 ਅਪ੍ਰੈਲ 1931 ਨੂੰ ਅੰਮ੍ਰਿਤਸਰ ਵਿਖੇ ਹੋਈ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦਾ ਚੀਫ਼ ਖ਼ਾਲਸਾ ਦੀਵਾਨ ਵੱਲੋਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਹ ਵਿੱਦਿਅਕ ਸੇਵਾ ਦੇ ਨਾਲ-ਨਾਲ ਪੰਥਕ ਸੇਵਾ ਵੀ ਕਰਦੇ ਰਹੇ ਜੋ ਗੁਰਦੁਆਰਿਆਂ ਦੀ ਇਤਿਹਾਸਕ ਖੋਜ ਨਾਲ ਸੰਬੰਧਿਤ ਸੀ। ਸੰਨ 1931 ਵਿੱਚ ਜਦੋਂ ਅੰਗਰੇਜ਼ਾਂ ਨੇ ਰਾਜਧਾਨੀ ਕਲਕੱਤਾ ਤੋਂ ਦਿੱਲੀ ਬਦਲੀ ਤਾਂ ਉਸ ਤੋਂ ਕਾਫ਼ੀ ਸਾਲ ਪਹਿਲਾਂ ਸੰਨ 1912 ਵਿੱਚ ਗੁਰਦੁਆਰਾ ਰਕਾਬਗੰਜ ਦੇ ਸਾਹਮਣੇ ਵਾਇਸਰਾਏ ਦੀ ਕੋਠੀ ਬਣਾਉਣ ਦਾ ਫੈਸਲਾ ਹੋਇਆ ਜਿਸ ਕਰਕੇ ਗੁਰਦੁਆਰੇ ਦੀ ਕੰਧ ਦਾ ਕੁਝ ਹਿੱਸਾ ਡੇਗ ਦਿੱਤਾ ਗਿਆ, ਜੋ ਕੋਠੀ ਦੇ ਘੇਰੇ ਵਿੱਚ ਫ਼ਰਕ ਪਾਉਂਦਾ ਸੀ। ਅੰਗਰੇਜ਼ਾਂ ਦੇ ਇਸ ਧੱਕੇ ਨਾਲ ਸਿੱਖਾਂ ਵਿੱਚ ਰੋਹ ਪੈਦਾ ਹੋ ਗਿਆ ਤੇ ਐਜੀਟੇਸ਼ਨ ਸ਼ੁਰੂ ਹੋਈ। ਸੰਨ 1914 ਵਿੱਚ ਪਹਿਲਾ ਮਹਾਂਯੁੱਧ ਸ਼ੁਰੂ ਹੋ ਗਿਆ, ਜਿਸ ਕਰਕੇ ਕੋਠੀ ਦਾ ਕੰਮ ਰੁਕ ਗਿਆ ਅਤੇ ਉਹ ਮਾਮਲਾ ਕੁਝ ਚਿਰ ਠੰਡਾ ਹੋ ਗਿਆ। ਸੰਨ 1918 ਵਿੱਚ ਜਦੋਂ ਸਿੱਖਾਂ ਵੱਲੋਂ ਕੰਧ ਦੀ ਉਸਾਰੀ ਰੋਕਣ ਲਈ ਜਥਾ ਭੇਜਣ ਦਾ ਫੈਸਲਾ ਹੋਇਆ ਤਾਂ ਭਾਈ ਕਾਨ੍ਹ ਸਿੰਘ ਨਾਭਾ ਤੇ ਹੋਰ ਸਨੇਹੀਆਂ ਦੀ ਪ੍ਰੇਰਨਾ ਸਦਕਾ ਮਹਾਰਾਜਾ ਰਿਪੁਦਮਨ ਸਿੰਘ ਨੇ ਸਰਕਾਰ ਤੋਂ ਕੰਧ ਬਣਵਾ ਦਿੱਤੀ ਜਿਸ ਕਰਕੇ ਮਾਮਲਾ ਇੱਥੇ ਹੀ ਠੱਪ ਹੋ ਗਿਆ।
1930 ਵਿੱਚ ਗੁਰਦੁਆਰਾ ਮਾਲ ਟੇਕੜੀ ਨਾਂਦੇੜ (ਦੱਖਣ) ਦਾ ਝਗੜਾ ਵੀ ਭਾਈ ਕਾਨ੍ਹ ਸਿੰਘ ਜੀ ਦੇ ਜੀਵਨ ਵਿੱਚ ਬੜੀ ਅਹਿਮੀਅਤ ਰੱਖਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਲ ਟੇਕੜੀ ਦੇ ਸਥਾਨ ਤੇ ਖ਼ਜ਼ਾਨੇ ਦੱਬੇ ਸਨ। ਕੁਝ ਲੋਕ ਇਸ ਥਾਂ ਤੇ ਇਹ ਕਹਿ ਕੇ ਕਬਜ਼ਾ ਜਮਾਉਣ ਲੱਗੇ ਕਿ ਇਹ ਉਹਨਾਂ ਦਾ ਕਦੀਮੀ ਕਬਰਸਤਾਨ ਹੈ। ਸਿੱਖਾਂ ਨੇ ਇਸ ਬੇਇਨਸਾਫ਼ੀ ਵਿਰੁੱਧ ਸਰਕਾਰੀ ਤੌਰ ਤੇ ਚਾਰਾਜੋਈ ਕੀਤੀ। ਚੀਫ਼ ਖ਼ਾਲਸਾ ਦੀਵਾਨ ਵੱਲੋਂ ਭਾਈ ਕਾਨ੍ਹ ਸਿੰਘ ਜੀ ਬਤੌਰ ਗਵਾਹ ਭੇਜੇ ਗਏ। ਆਪ ਨੇ ਇਤਿਹਾਸਕ ਹਵਾਲੇ ਤੇ ਸ਼੍ਰੀ ਹਜ਼ੂਰ ਸਾਹਿਬ ਦੀ ਪੈਦਲ ਯਾਤਰਾ ਸਮੇਂ ਲਿਖੀ ਡਾਇਰੀ ਦੇ ਆਧਾਰ ’ਤੇ ਇਹ ਸਾਬਤ ਕੀਤਾ ਕਿ ਇਹ ਸਥਾਨ ਸਿੱਖਾਂ ਦਾ ਹੈ। ਇਸੇ ਬਿਆਨ ਤੇ ਕੇਸ ਦਾ ਫੈਸਲਾ ਸਿੱਖਾਂ ਦੇ ਹੱਕ ਵਿੱਚ ਹੋ ਗਿਆ।
ਉਹ ਚੌਥੀ ਵਾਰ ਸੰਨ 1923 ਵਿੱਚ ਅਫਗਾਨਿਸਤਾਨ ਗਏ। ਇਸ ਯਾਤਰਾ ਦੌਰਾਨ ਕਾਬਲ ਤੇ ਅਫਗਾਨਿਸਤਾਨ ਦੇ ਸਾਰੇ ਗੁਰਦੁਆਰਿਆਂ ਦੀ ਯਾਤਰਾ ਕੀਤੀ। ਗੁਰਦੁਆਰਿਆਂ ਤੋਂ ਬਿਨਾਂ ਬਾਬਰ ਦੀ ਕਬਰ, ਕਾਬਲ ਦਾ ਹਸਪਤਾਲ, ਮੁਰਗੀਖ਼ਾਨਾ, ਦਾਰੁਲ ਅਮਾਨ ਯੂਨੀਵਰਸਿਟੀ, ਪਗਮਾਨ ਖਵਾਜਾਸ਼ਾਹ ਪਹਾੜ, ਤਪਤ ਤਾਜਦਾਰ, ਗੁਲਬਾਗ ਆਦਿ ਪ੍ਰਸਿੱਧ ਸਥਾਨ ਦੇਖੇ।
ਭਾਈ ਕਾਨ੍ਹ ਸਿੰਘ ਨੇ ਧਾਰਮਿਕ, ਭਾਈਚਾਰਕ, ਸਾਹਿਤਿਕ, ਅਤੇ ਵਿੱਦਿਅਕ ਖੇਤਰ ਵਿੱਚ ਜੋ ਸੇਵਾ ਕੀਤੀ ਸੀ। ਉਹ ਸ਼ਲਾਘਾਯੋਗ ਸੀ। ਉਹ ਉੱਘੇ ਖੋਜੀ, ਵਿਦਵਾਨ ਤੇ ਲਿਖਾਰੀ ਸਨ। 1930 ਤੋਂ 1938 ਤੱਕ ਲਗਾਤਾਰ ਅੱਠ ਸਾਲ ਉਹਨਾਂ ਨੇ ਪੁਸਤਕਾਂ ਦੀ ਸੋਧ-ਸੁਧਾਈ ਤੇ ਘਰੇਲੂ ਜੀਵਨ  ਵੱਲ ਵਧੇਰੇ ਧਿਆਨ ਦਿੱਤਾ। 27 ਨਵੰਬਰ 1936 ਨੂੰ ਉਹਨਾਂ ਦੇ ਛੋਟੇ ਭਰਾ ਬਿਸ਼ਨ ਸਿੰਘ ਦਾ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਦਿਹਾਂਤ ਹੋ ਗਿਆ। ਇਸ ਤੋਂ 7 ਕੁ ਮਹੀਨੇ ਬਾਅਦ ਦੂਜਾ ਭਰਾ ਭਾਈ ਮੀਹਾਂ ਸਿੰਘ 17 ਜੂਨ 1937 ਨੂੰ ਵਿਛੋੜਾ ਦੇ ਗਿਆ। ਭਾਈ ਸਾਹਿਬ ਬੜੇ ਧੀਰਜਵਾਨ ਸਨ, ਉਹਨਾਂ ਇਹ ਦੁੱਖ ਆਪਣੇ ਚਿਹਰੇ ਤੋਂ ਕਦੇ ਪ੍ਰਗਟ ਨਾ ਹੋਣ ਦਿੱਤਾ। ਪ੍ਰਸਿੱਧ ਵਿਦਵਾਨ ਤੇ ਖੋਜੀ ਲੇਖਕ ਭਾਈ ਕਾਨ੍ਹ ਸਿੰਘ ਨਾਭਾ 77 ਸਾਲ ਦੀ ਉਮਰ ਭੋਗ ਕੇ 23 ਨਵੰਬਰ 1938 ਈ: ਨੂੰ ਬਿਨਾਂ ਕਿਸੇ ਬਿਮਾਰੀ ਦੇ ਨਾਭਾ ਵਿਖੇ ਸਦੀਵੀ ਵਿਛੋੜਾ ਦੇ ਗਏ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- karnailSinghma@gmail.com

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਝੂੰਗਾ…*
Next articleਇਤਫ਼ਾਕ