(ਸਮਾਜ ਵੀਕਲੀ)- ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ ਅਤੇ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕੇ ਸਿਰਸਾ (ਹਰਿਆਣਾ) ਤੋਂ ਬੇਹੱਦ ਮੰਦਭਾਗੀ ਖ਼ਬਰ ਪੑਾਪਤ ਹੋਈ ਹੈ ਕਿ ਪੰਜਾਬੀ ਸਾਹਿਤ ਸਭਾ ਸਿਰਸਾ (ਹਰਿਆਣਾ) ਦੇ ਪ੍ਧਾਨ ਸ਼੍ਰੀ. ਜੀ. ਡੀ. ਚੌਧਰੀ ਜੀ ਅੱਜ ਸਾਡੇ ਨਾਲੋਂ ਸਦਾ ਲਈ ਵਿਛੜ ਗਏ ਹਨ। ਜਿੱਥੇ ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਹਰਿਆਣਾ ਤੋਂ ਸਰਪ੍ਰਸਤ ਸਨ ਉੱਥੇ ਹੀ ਉਹ ਹੋਰ ਬਹੁਤ ਸਾਰੀਆਂ ਸਾਹਿਤ ਸਭਾਵਾਂ ਨਾਲ ਵੀ ਤਨੋ ਮਨੋ ਜੁੜੇ ਹੋਏ ਸਨ।ਉਨ੍ਹਾਂ ਨੇ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਅਤੇ ਹਿੰਦੀ ਵਿੱਚ ਲਿਖ ਕੇ ਸਾਹਿਤ ਜਗਤ ਦੀ ਝੋਲ਼ੀ ਪਾਈਆਂ। ਸ਼੍ਰੀ. ਜੀ. ਡੀ. ਚੌਧਰੀ ਜੀ ਬਹੁਤ ਹੀ ਮਿਲਣਸਾਰ ਵਿਅਕਤਿਤਵ ਦੇ ਮਾਲਕ ਅਤੇ ਵਿਦਵਾਨ ਲੇਖਕ ਸਨ। ਉਨ੍ਹਾਂ ਦੀ ਪੁਸਤਕ “ਜਵਾਲਾਮੁਖੀ” (ਮਹਾਕਾਵਿ) ਇਕ ਚਿਰ ਜੀਵੀ ਰਚਨਾ ਹੈ। ਉਹ ਸਿਰਮੌਰ ਕਵੀ ਅਤੇ ਗ਼ਜ਼ਲਗੋ ਵੀ ਸਨ।ਆਪਣੀਆਂ ਅਮਰ ਰਚਨਾਵਾਂ ਕਰ ਕੇ ਉਹ ਹਮੇਸ਼ਾ ਯਾਦ ਰਹਿਣਗੇ।
ਉਹ ਸਿਹਤ ਵਿਭਾਗ ਤੋਂ ਸੇਵਾ ਮੁਕਤੀ ਤੋਂ ਬਾਅਦ ਬਹੁਤ ਚਿਰ ਹੋਮਿਓਪੈਥਿਕ ਪ੍ਰੈਕਟੀਸ਼ਨਰ ਵੀ ਰਹੇ। ਉਹ 84 ਸਾਲ ਦੇ ਹੋਣ ਦੇ ਬਾਵਜੂਦ ਵੀ ਤੰਦਰੁਸਤ ਤੇ ਕਾਰਜਸ਼ੀਲ ਜੀਵਨ ਜਿਉਂ ਰਹੇ ਸਨ ਪਰ ਕੁਝ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਕਾਰਣ ਉਨ੍ਹਾਂ ਨੂੰ ਇੱਕ ਅਪਰੇਸ਼ਨ ਕਰਵਾਉਣਾ ਪਿਆ, ਹਾਲਾਂਕਿ ਅਪਰੇਸ਼ਨ ਤੋਂ ਬਾਅਦ ਵੀ ਉਹ ਚੜਦੀਕਲਾ ਵਿੱਚ ਸਨ ਪਰ ਅਚਾਨਕ ਹੀ ਅੱਜ ਮੰਦਭਾਗੀ ਖ਼ਬਰ ਆਈ ਕਿ ਉਹ ਸਾਡੇ ਵਿੱਚ ਨਹੀਂ ਰਹੇ।
ਉਹ ਆਪਣੇ ਪਿਛੇ ਇੱਕ ਸਪੁੱਤਰ ਸੰਦੀਪ ਚੌਧਰੀ ਅਤੇ ਤਿੰਨ ਧੀਆਂ ਛੱਡ ਗਏ ਹਨ। ਇਕ ਚੰਗੀ ਗੱਲ ਹੈ ਕਿ ਉਨ੍ਹਾਂ ਦੀ ਸਾਹਿਤਕ ਵਿਰਾਸਤ ਉਨ੍ਹਾਂ ਦੀ ਪਿਆਰੀ ਪੋਤਰੀ ਰੂਹੀ ਨੇ ਅੱਠ ਸਾਲ ਦੀ ਉਮਰ ਵਿੱਚ ਹੀ ਸੰਭਾਲ ਲਈ ਹੈ। ਜੋ ਅੰਤਰ-ਰਾਸ਼ਟਰੀ ਪੱਧਰ ਤੇ ਪ੍ਸਿੱਧੀ ਪ੍ਰਾਪਤ ਕਰ ਚੁੱਕੀ ਹੈ।
ਜਿਥੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਉਨ੍ਹਾਂ ਨੂੰ ਬਾਬਾ ਸ਼ੇਖ ਫਰੀਦ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ ਉੱਥੇ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਸ਼ੋ੍ਮਣੀ ਪੰਜਾਬੀ ਸਾਹਿਤਕਾਰ (ਪੰਜਾਬ ਤੋਂ ਬਾਹਰੋਂ) 2017 ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ ਪਰ ਕੁਝ ਲੇਖਕਾਂ ਵੱਲੋਂ ਸਨਮਾਨਾਂ ਤੇ ਕਿੰਤੂ-ਪ੍ੰਤੂ ਕਰਨ ਅਤੇ ਅਦਾਲਤੀ ਕੇਸ ਕਰਨ ਤੇ ਇਹ ਸਨਮਾਨ ਵਿੱਚ-ਵਿਚਾਲੇ ਹੀ ਲਟਕੇ ਹੋਣ ਕਾਰਣ ਬਹੁਤ ਸਾਰੇ ਸਨਮਾਨਤ ਲੇਖਕ ਪ੍ਭਾਵਿਤ ਹੋਏ ਅਤੇ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਸ਼੍ਰੀ ਜੀ. ਡੀ. ਚੌਧਰੀ ਵੀ ਹਨ ਜੋ ਇਹ ਸਨਮਾਨ ਪ੍ਰਾਪਤ ਕਰਨ ਤੋਂ ਬਿਨਾ ਇਸ ਜਹਾਨ ਤੋਂ ਕੂਚ ਕਰ ਗਏ। ਉਹਨਾਂ ਦੇ ਇਸ ਸਦੀਵੀ ਵਿਛੋੜੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਕੇਂਦਰੀ ਸਭਾ ਨਾਲ ਸੰਬੰਧਿਤ ਰਾਸ਼ਟਰੀ-ਅੰਤਰ ਰਾਸ਼ਟਰੀ ਲੇਖਕ ਸਭਾਵਾਂ ਅਤੇ ਉਨ੍ਹਾਂ ਦੇ ਸਨੇਹੀ ਅਤੇ ਹੋਰ ਲੇਖਕਾਂ ਸਤਪਾਲ ਸਾਹਲੋਂ, ਨਾਕਾਸ਼ ਚਿੱਤੇਵਾਣੀ, ਪ੍ਰੋ ਅਕਵੀਰ ਕੌਰ, ਡਾ.ਕੰਵਲ ਭੱਲਾ, ਗੁਰਦੀਪ ਸਿੰਘ ਔਲਖ, ਸਵਿੰਦਰ ਸੰਧੂ, ਸੋਹਣ ਸਿੰਘ ਸੂਨੀ, ਜਸਵਿੰਦਰ ਜੱਸੀ, ਗੁਰਦੀਪ ਸਿੰਘ ਸੈਣੀ, ਮੱਖਣ ਲੁਹਾਰ, ਜਸਪਾਲ ਜ਼ੀਰਵੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ , ਹਰਦਿਆਲ ਹੁਸ਼ਿਆਰਪੁਰੀ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਂਟ ਕਰਦੇ ਹਨ ਅਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦੇ ਹਨ।