‘ਆਮ ਆਦਮੀ ਸਰਕਾਰ ਤੋਂ ਅੱਕੇ ਓ.ਡੀ.ਐਲ ਅਧਿਆਪਕਾਂ ਵੱਲੋਂ 30 ਅਪ੍ਰੈਲ ਨੂੰ ਜਲੰਧਰ ਵਿਖੇ ਰੋਸ ਰੈਲੀ ਦਾ ਐਲਾਨ

ਇੱਕ ਦਹਾਕਾ ਬੀਤਣ ‘ਤੇ ਵੀ ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਨਹੀਂ ਹੋਏ ਜ਼ਾਰੀ 

(ਸਮਾਜ ਵੀਕਲੀ): ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਨਾਲ ਬੀਤੀ 30 ਦਸੰਬਰ 2022 ਨੂੰ ਹੋਈ ਪੈਨਲ ਮੀਟਿੰਗ ਦੌਰਾਨ ਪਿਛਲੇ 11 ਸਾਲਾਂ ਤੋਂ ਪੈਂਡਿੰਗ 7654, 3442, 5178 ਭਰਤੀਆਂ ਦੇ ਓਪਨ ਡਿਸਟੈਂਸ ਲਰਨਿੰਗ (ਓ.ਡੀ.ਐੱਲ.) ਨਾਲ ਸਬੰਧਿਤ 125 ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪ੍ਰੰਤੂ ਹੁਣ ਤੱਕ ਇਹ ਭਰੋਸਾ ਸਿਰਫ ਲਾਰਾ ਹੀ ਸਿੱਧ ਹੋ ਰਿਹਾ ਹੈ ਅਜੇ ਤੱਕ ਸਰਕਾਰ ਵੱਲੋਂ ਇੰਨਾ ਅਧਿਆਪਕਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ । ਜਿਸ ਦੇ ਮੱਦੇਨਜ਼ਰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ ਨੂੰ ਆਰ-ਪਾਰ ਦੀ ਮੰਗ ਬਣਾਉਂਦਿਆਂ ਅਤੇ ਹੋਰ ਅਧਿਆਪਕ ਮੰਗਾਂ ਦੇ ਹੱਲ ਲਈ 30 ਅਪ੍ਰੈਲ 2023 ਨੂੰ ਜਲੰਧਰ ਸ਼ਹਿਰ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਜ਼ਿਮਨੀ ਚੋਣ ਦੌਰਾਨ ਸਰਕਾਰ ਨੂੰ ਘੇਰਣ ਦਾ ਐਲਾਨ ਕੀਤਾ ਗਿਆ ।

ਇਸ ਸਬੰਧੀ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਆਗੂਆਂ ਬਲਜਿੰਦਰ ਗਰੇਵਾਲ ਤੇ ਜਤਿੰਦਰ ਮਾਲੇਰਕੋਟਲਾ ਨੇ ਦੱਸਿਆ ਕੇ ਸਿੱਖਿਆ ਵਿਭਾਗ ਦੀਆਂ 7654, 3442, 5178 ਭਰਤੀਆਂ ਵਿਚੋਂ 125 ਦੇ ਕਰੀਬ ਓਡੀਐਲ ਅਧਿਆਪਕਾਂ ਦੇ ਰੈਗੂਲਰ ਆਰਡਰ ਪਿਛਲੇ ਲਗਭਗ 11 ਸਾਲਾਂ ਤੋਂ ਰੋਕਦਿਆਂ, ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੁਆਰਾ ਅਧਿਆਪਕਾਂ ਨਾਲ ਘੋਰ ਨਾ-ਇਨਸਾਫ਼ੀ ਕੀਤੀ ਜਾ ਰਹੀ ਹੈ ਅਤੇ ਸਿਰਫ 10,300/- ਰੁਪਏ ਪ੍ਰਤੀ ਮਹੀਨਾ ਬੱਝਵੀਂ ਤਨਖਾਹ ਦੇ ਕੇ ਇਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਪੀੜਤ ਸਾਥੀ ਅਧਿਆਪਕ ਅਵਤਾਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਤੋਂ ਬਾਹਰ ਸਥਿਤ ਯੂਨੀਵਰਸਿਟੀਆਂ ਤੋਂ ਓਪਨ ਡਿਸਟੈਂਸ ਲਰਨਿੰਗ ਮੋਡ ਰਾਹੀਂ ਹਾਸਲ ਵਿੱਦਿਅਕ ਯੋਗਤਾਵਾਂ ਦੇ ਅਧਾਰ ‘ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਇਨ੍ਹਾਂ ਅਧਿਆਪਕਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਜ਼ਾਰਾਂ ਕਰਮਚਾਰੀ ਨਿਯੁਕਤ ਕੀਤੇ ਗਏ ਹਨ ਅਤੇ ਨਿਰੰਤਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਸਿਰਫ ਇਨ੍ਹਾਂ ਅਧਿਆਪਕਾਂ ਨੂੰ ਹੀ ਬਣਦੇ ਰੈਗੂਲਰਾਈਜੇ਼ਸ਼ਨ ਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਜਦਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਨੰ: 11049/2017 ਕਰਮਜੀਤ ਕੋਰ ਬਨਾਮ ਪੰਜਾਬ ਸਰਕਾਰ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਹੁਕਮ ਦਿੱਤਾ ਹੈ, ਇਸ ਦੇ ਬਾਵਜੂਦ ਪੰਜਾਬ ਸਰਕਾਰ ਕਾਨੂੰਨੀ ਅੜਿੱਕੇ ਦਾ ਬਹਾਨਾ ਬਣਾ ਕੇ ਇਹਨਾਂ ਅਧਿਆਪਕਾਂ ਨੂੰ ਲਗਾਤਾਰ ਖੱਜਲ ਖੁਆਰ ਕਰ ਰਹੀ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਸਮੂਹ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਵੀ ਖਾਲਸਾ ਜੀ ਨੇ ਕੀਤੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਸੀ ਭਲਵਾਨ ਦੁਬਾਰਾ ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੀ ਓਲੰਪਿਕ ਕਮੇਟੀ ਦੇ ਪ੍ਧਾਨ ਨਿਯੁਕਤ ਹੋਏ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖਹਿਰਾ ਮੁਸ਼ਤਰਕਾ ਦਾ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿਬੜਿਆ ।