(ਸਮਾਜ ਵੀਕਲੀ)
ਅੱਜ ਗੁਰਜੀਤ ਨੂੰ ਸਵੇਰ ਤੋਂ ਹੀ ਮਜ਼ਦੂਰੀ ਦਾ ਕੰਮ ਨਹੀਂ ਸੀ ਮਿਲਿਆ। ਕੜਾਕੇ ਦੀ ਗਰਮੀ ਨੇ ਵੀ ਉਸ ਦਾ ਬੁਰਾ ਹਾਲ ਕੀਤਾ ਹੋਇਆ ਸੀ। ਉੱਪਰੋਂ ਦੁਪਹਿਰ ਹੋ ਜਾਣ ਕਾਰਨ ਭੁੱਖ ਨਾਲ ਹਾਲੋ- ਬੇਹਾਲ ਹੋ ਗਿਆ ਸੀ। ਕੀ ਕਰੇ ? ਕੀ ਨਾ ਕਰੇ । ਆਖਿਰ ਉਹ ਚੌਕ ਚੋਂ ਉੱਠ ਕੇ ਤੁਰ ਪਿਆ ।
ਉਸ ਨੂੰ ਲੱਗ ਰਿਹਾ ਸੀ ਕਿ ਹੁਣੇ ਡਿੱਗ ਪਵੇਗਾ। ਕਿਧਰੇ ਪਾਣੀ ਵੀ ਨਜ਼ਰ ਨਹੀਂ ਸੀ ਆ ਰਿਹਾ ਤੇ ਉਪਰੋਂ ਜੇਬ ਵੀ ਖਾਲੀ।
ਹਾਲੋਂ ਬੇਹਾਲ ਹੋਇਆ ਉਹ ਇੱਕ ਪਾਸੇ ਬੈਠ ਗਿਆ। ਅਚਾਨਕ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਗੁਰਦੁਆਰਾ ਸਾਹਿਬ ਜਾਇਆ ਜਾਏ ਪਰ ਉਹ ਤਾਂ ਇੱਥੋਂ ਡੇਢ- ਦੋ ਕਿਲੋਮੀਟਰ ਦੀ ਦੂਰੀ ਤੇ ਸੀ। ਪਰ ਉੱਥੇ ਲੰਗਰ ……। ਸੋਚ ਕੇ ਉਸ ਦੀਆਂ ਬੇਜਾਨ ਹੋਈਆਂ ਲੱਤਾਂ ‘ਚ ਜਿਵੇਂ ਜਾਨ ਆ ਗਈ। ਤੇ ਉਹ ਹੌਲੇ-ਹੌਲੇ ਤੁਰ ਪਿਆ। ‘ ਰੱਬਾ! ਅੱਜ ਬੱਸ ਦਾਲ -ਫੁਲਕਾ ਦੁਆ ਦੀ ਬਹੁਤ ਭੁੱਖ ਲੱਗੀ ਆ। ਕੱਲ੍ਹ ਰਾਤ ਦਾ ਹੀ ਕੁਝ ਨਹੀਂ ਖਾਧਾ।’ ਉਹ ਅੱਖਾਂ ‘ਚ ਉਤਰ ਆਏ ਹੰਝੂਆਂ ਨੂੰ ਪੂੰਝਦਾ ਰੱਬ ਅੱਗੇ ਅਰਦਾਸ ਤੇ ਤਰਲੇ ਕਰਨ ਲੱਗਾ।
ਲੰਬਾ ਪੈਂਡਾ ਤੈਅ ਕਰ ਉਹ ਮਸਾਂ ਹੀ ਗੁਰਦੁਆਰਾ ਸਾਹਿਬ ਪਹੁੰਚਿਆ। ਉਹ ਬਹੁਤ ਥੱਕ ਵੀ ਗਿਆ ਸੀ । ਜਾਂਦਿਆਂ ਹੀ ਠੰਡੇ ਪਾਣੀ ਦੀਆਂ ਟੂਟੀਆਂ ਦੇਖ ਉਹ ਖਿੜ ਗਿਆ। ਉਸ ਨੇ ਰੱਜ ਕੇ ਪਾਣੀ ਪੀਤਾ। ਅੰਦਰ ਜਾ ਕੇ ਹੱਥ- ਮੂੰਹ ਧੋ ਕੇ ਉਹ ਮੱਥਾ ਟੇਕਣ ਚਲਾ ਗਿਆ । ਕੀਰਤਨ ਦੀ ਰਸਮਈ ਆਵਾਜ਼ ਉਸ ਦੇ ਕੰਨਾਂ ‘ਚ ਜਿਵੇਂ ਅੰਮ੍ਰਿਤ ਘੋਲ ਉਸ ਨੂੰ ਆਪਣੇ ਵੱਲ ਖਿੱਚ ਰਹੀ ਸੀ। ਪਰ ਭੁੱਖ ਨਾਲ ਹਾਲੋ-ਬੇਹਾਲ ਉਹ ਜਲਦੀ ਨਾਲ ਮੱਥਾ ਟੇਕ ਕੇ ਲੰਗਰ ਹਾਲ ਵੱਲ ਵਧਿਆ। ਥਾਲ ਲੈ ਉਹ ਪੰਗਤ ਵਿੱਚ ਬੈਠ ਗਿਆ।
ਜਿਹੜੇ ਬਾਬੇ ਲੰਗਰ ਵਰਤਾ ਰਹੇ ਸੀ , ਉਨ੍ਹਾਂ ਨੇ ਦੇਖਦਿਆਂ ਹੀ ਦੇਖਦਿਆਂ ਉਸ ਦਾ ਥਾਲ ਭਾਂਤ -ਭਾਂਤ ਦੇ ਭੋਜਨਾਂ ਨਾਲ ਭਰ ਦਿੱਤਾ। ਦਾਲ ,ਚਾਵਲ ,ਕੜੀ ,ਸਬਜ਼ੀ, ਫੁਲਕੇ ,ਆਚਾਰ……। ਤੇ ਉਹ ਦੇਖ ਹੀ ਰਿਹਾ ਸੀ ਕਿ ਇੱਕ ਬਾਬਾ ਜੀ ਨੇ ਉਸ ਦੀ ਕਟੋਰੀ ਖੀਰ ਨਾਲ ਭਰ ਦਿੱਤੀ। ਇਹ ਦੇਖ ਤਾਂ ਖ਼ੁਸ਼ੀ ਨਾਲ ਉਸ ਦੀਆਂ ਅੱਖਾਂ ‘ਚ ਹੰਝੂ ਹੀ ਆ ਗਏ, “ਵਾਹ ਉਹ ਮੇਰਿਆ ਰੱਬਾ!! ਤੇਰਾ ਲੱਖਾਂ ਗੁਣਾਂ ਧੰਨਵਾਦ! ਤੇਰੇ ਰੰਗ ਨਿਆਰੇ ਦਾਤਿਆ!! ” ਤੇ ਉਹ ਖੁਸ਼ੀ ਨਾਲ ਲੰਗਰ ਖਾਣ ਲੱਗਾ ….ਤੇ ਰੱਜ ਕੇ ਲੰਗਰ ਖਾ ਹੁਣ ਉਹ ਵਾਹਿਗੁਰੂ- ਵਾਹਿਗੁਰੂ ਕਰਦਾ ਬਰਤਨਾਂ ਦੀ ਸੇਵਾ ‘ਚ ਜੁੱਟ ਗਿਆ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ .ਐੱਡ । ਫਿਰੋਜ਼ਪੁਰ ਸ਼ਹਿਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly