ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਭਾਰਤ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਪਾਕਿਸਤਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਥੇ ਅਤਿਵਾਦੀ ‘ਫਰੀ ਪਾਸ’ ਦੀਆਂ ਮੌਜਾਂ ਲੁੱਟ ਰਹੇ ਹਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਦਾ ਦੇਸ਼ ਦਾ ਇੱਕ ਸਥਾਪਤ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਪਾਬੰਦੀਸ਼ੁਦਾ ਅਤਿਵਾਦੀਆਂ ਨੂੰ ਵੱਡੀ ਗਿਣਤੀ ਵਿੱਚ ਪਨਾਹ ਦੇਣ ਦਾ ਨਮੋਸ਼ੀਜਨਕ ਰਿਕਾਰਡ ਵੀ ਪਾਕਿਸਤਾਨ ਦੇ ਨਾਮ ਹੀ ਹੈ। ਇੱਥੇ ‘ਫਰੀ ਪਾਸ’ ਦਾ ਅਰਥ ਹੈ ਕਿ ਅਤਿਵਾਦੀਆਂ ਨੂੰ ਦੇਸ਼ ਵਿੱਚ ਆਰਾਮ ਨਾਲ ਘੁੰਮਣ-ਫਿਰਨ ਦੀ ਆਜ਼ਾਦੀ ਮਿਲੀ ਹੋਈ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਸਲਾਹਕਾਰ ਕਾਜਲ ਭੱਟ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਕਿਹਾ, ‘‘ਮੈਂ, ਅੱਜ ਪਾਕਿਸਤਾਨ ਦੇ ਨੁਮਾਇੰਦੇ ਵੱਲੋਂ ਕੀਤੀਆਂ ਗਈਆਂ ਕੁੱਝ ਤੁੱਛ ਟਿੱਪਣੀਆਂ ਦਾ ਜਵਾਬ ਦੇਣ ਲਈ ਇੱਕ ਵਾਰ ਫਿਰ ਇਸ ਮੰਚ ਦੀ ਵਰਤੋਂ ਕਰਨ ਲਈ ਮਜਬੂਰ ਹਾਂ।’’
ਉਨ੍ਹਾਂ ਕਿਹਾ, ‘‘ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਗਏ ਮੰਚ ਦੀ ਵਰਤੋਂ, ਮੇਰੇ ਦੇਸ਼ ਖ਼ਿਲਾਫ਼ ਝੂਠੇ ਤੇ ਕੂੜ-ਪ੍ਰਚਾਰ ਕਰਨ ਅਤੇ ਦੁਨੀਆ ਦਾ ਧਿਆਨ ਆਪਣੇ ਦੇਸ਼ ਦੀ ਤਰਸਯੋਗ ਹਾਲਤ ਤੋਂ ਹਟਾਉਣ ਦੀ ਕੋਸ਼ਿਸ਼ ਕਰਨ ਲਈ ਕੀਤੀ ਹੈ। ਇੱਥੇ ਅਤਿਵਾਦੀ ‘ਫਰੀ ਪਾਸ’ ਮੌਜਾਂ ਮਾਣ ਰਹੇ ਹਨ, ਜਦਕਿ ਆਮ ਲੋਕਾਂ ਖ਼ਾਸ ਕਰਕੇ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।’’
ਸੰਯੁਕਤ ਰਾਸ਼ਟਰ ਵਿੱਚ ਖੁੱਲ੍ਹੀ ਚਰਚਾ ਦੌਰਾਨ ਪਾਕਿਸਤਾਨ ਦੇ ਸਫ਼ੀਰ ਮੁਨੀਰ ਅਕਰਮ ਵੱਲੋਂ ਜੰਮੂ-ਕਸ਼ਮੀਰ ਦਾ ਮੁੱਦਾ ਉਠਾਏ ਜਾਣ ਮਗਰੋਂ ਭੱਟ ਨੇ ਇੱਕ ਵਾਰ ਫਿਰ ਭਾਰਤ ਵੱਲੋਂ ਮੰਚ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਪਾਕਿਸਤਾਨ ਸਮੇਤ ਸਾਰੇ ਦੇਸ਼ਾਂ ਨਾਲ ਆਮ ਗੁਆਂਢੀਆਂ ਵਾਲਾ ਸਬੰਧ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਸਿਰਫ਼ ਅਤਿਵਾਦ, ਵੈਰ ਤੇ ਹਿੰਸਾ ਮੁਕਤ ਮਾਹੌਲ ਵਿੱਚ ਹੀ ਹੋ ਸਕਦੀ ਹੈ। ਅਜਿਹਾ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly