ਨਾਗਪੁਰ (ਸਮਾਜ ਵੀਕਲੀ):ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਅਤਿਵਾਦੀ ਡਰ ਦਾ ਮਾਹੌਲ ਬਣਾਉਣ ਲਈ ਲੋਕਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਰਹੱਦਾਂ ’ਤੇ ਫ਼ੌਜ ਦੀ ਤਿਆਰੀ ਹਰ ਤਰ੍ਹਾਂ ਨਾਲ ਅਤੇ ਹਰ ਸਮੇਂ ਮਜ਼ਬੂਤ ਬਣਾਈ ਰੱਖਣ ਦੀ ਲੋੜ ਹੈ। ਇਥੋਂ ਦੇ ਰੇਸ਼ਮਬਾਗ ਮੈਦਾਨ ’ਚ ਵਿਜੈਦਸ਼ਮੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਅਗਲੇ 50 ਵਰ੍ਹਿਆਂ ਨੂੰ ਧਿਆਨ ’ਚ ਰਖਦਿਆਂ ਕੌਮੀ ਆਬਾਦੀ ਨੀਤੀ ਦੀ ਸਮੀਖਿਆ ਅਤੇ ਉਸ ਦੀ ਨਵੇਂ ਸਿਰੇ ਤੋਂ ਤਿਆਰੀ ਕਰਨ ਦੀ ਵਕਾਲਤ ਕੀਤੀ। ਸੰਘ ਮੁਖੀ ਨੇ ਓਟੀਟੀ ਪਲੇਟਫਾਰਮ ’ਤੇ ਉਪਲੱਬਧ ਸਮੱਗਰੀ ’ਤੇ ਵੀ ਚਿੰਤਾ ਜ਼ਾਹਿਰ ਕੀਤੀ।
ਕ੍ਰਿਪਟੋਕਰੰਸੀ ’ਤੇ ਫਿਕਰ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਬਿਟਕੁਆਇਨ ਜਿਹੀਆਂ ਗੁਪਤ, ਬੇਕਾਬੂ ਮੁਦਰਾਵਾਂ ’ਚ ਸਾਰੇ ਮੁਲਕਾਂ ਦਾ ਅਰਥਚਾਰਾ ਅਸਥਿਰ ਕਰਨ ਅਤੇ ਗੰਭੀਰ ਚੁਣੌਤੀਆਂ ਖੜ੍ਹੀਆਂ ਕਰਨ ਦੀ ਸਮਰੱਥਾ ਹੈ। ਜੰਮੂ ਕਸ਼ਮੀਰ ਦੇ ਹੁਣੇ ਜਿਹੇ ਕੀਤੇ ਗਏ ਦੌਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਹੋਣ ਮਗਰੋਂ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ਪਰ ਇਕ ਕਦਮ ਅੱਗੇ ਵਧਾਉਂਦਿਆਂ ਮੁਲਕ ਦੇ ਬਾਕੀ ਹਿੱਸਿਆਂ ’ਚ ਇਸ ਦੇ ਭਾਵਨਾਤਮਕ ਏਕੇ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਹੈ। ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਾ ਜ਼ਿਕਰ ਕਰਦਿਆਂ ਭਾਗਵਤ ਨੇ ਕਿਹਾ ਕਿ ਉਨ੍ਹਾਂ ਦੀ ਆਦਤ ਇਸਲਾਮ ਦੇ ਨਾਮ ’ਤੇ ਭਾਵੁਕ ਕੱਟੜਤਾ, ਜ਼ੁਲਮ ਅਤੇ ਅਤਿਵਾਦ ਫੈਲਾਉਣਾ ਹੈ ਅਤੇ ਉਨ੍ਹਾਂ ਦੇ ਮਨਸ਼ੇ ’ਤੇ ਸ਼ੱਕ ਜ਼ਾਹਿਰ ਕਰਨ ਲਈ ਇਹ ਗੱਲਾਂ ਬਥੇਰੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਚੀਨ, ਪਾਕਿਸਤਾਨ ਅਤੇ ਤੁਰਕੀ ਤਾਲਿਬਾਨ ਨਾਲ ਇਕ ‘ਅਪਵਿੱਤਰ ਗੱਠਜੋੜ’ ’ਚ ਸ਼ਾਮਲ ਹੋ ਗੲੇ ਹਨ।
ਮੰਦਰਾਂ ਦੇ ਪ੍ਰਬੰਧਨ ਦੇ ਵਿਸ਼ੇ ’ਤੇ ਭਾਗਵਤ ਨੇ ਕਿਹਾ ਕਿ ਸਰਕਾਰ ਤਹਿਤ ਕੰਮ ਕਰ ਰਹੇ ਕੁਝ ਮੰਦਰਾਂ ਦਾ ਪ੍ਰਬੰਧਨ ਠੀਕ ਹੈ। ‘ਜਿਥੇ ਕੰਮ ਠੀਕ ਨਾਲ ਨਹੀਂ ਹੋ ਰਹੇ ਹਨ, ਉਥੇ ਲੁੱਟ ਮਚੀ ਹੋਈ ਹੈ। ਕੁਝ ਮੰਦਰਾਂ ’ਚ ਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਹੈ। ਮੰਦਰਾਂ ਦੀ ਚੱਲ ਅਤੇ ਅਚੱਲ ਸੰਪਤੀਆਂ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਆ ਰਹੇ ਹਨ।’ ਭਾਗਵਤ ਨੇ ਕਿਹਾ ਕਿ ਹਿੰਦੂ ਮੰਦਰਾਂ ਦੀ ਸੰਪਤੀ ਦੀ ਵਰਤੋਂ ਗੈਰ ਹਿੰਦੂਆਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦੀਆਂ ਹਿੰਦੂ ਭਗਵਾਨਾਂ ’ਚ ਕੋਈ ਆਸਥਾ ਨਹੀਂ ਹੈ। ਹਿੰਦੂਆਂ ਨੂੰ ਵੀ ਇਸ ਦੀ ਲੋੜ ਹੈ ਪਰ ਉਨ੍ਹਾਂ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly