ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਝੰਡਾ ਕਲਾਂ (ਮਾਨਸਾ)

(ਸਮਾਜ ਵੀਕਲੀ)

ਝੰਡਾ ਕਲਾਂ ਮਾਨਸਾ ਜ਼ਿਲ੍ਹੇ ਦਾ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਨਾਲ ਲੱਗਦਾ ਪੰਜਾਬ ਦਾ ਆਖਰੀ ਪਿੰਡ ਹੈ।ਇਹ ਬਰਨਾਲਾ ਸਰਸਾ ਰੋਡ ਤੇ ਸਬ ਡਵੀਜ਼ਨ ਸਰਦੂਲਗੜ੍ਹ ਤੋਂ ਦੱਖਣ ਦਿਸ਼ਾ ਵੱਲ ਛੇ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।ਇਹ ਮਾਲਵੇ ਦਾ ਪੁਰਾਣਾ ਵੱਡਾ ਤੇ ਇਤਿਹਾਸਕ ਪਿੰਡ ਹੈ।ਇਹ ਪਿੰਡ ਆਪਣੇ ਪਿਛੋਕੜ ਵਿੱਚ ਭਾਰਤ ਦੀ ਵੰਡ ਸਮੇਂ ਦੀਆਂ ਬਹੁਤ ਸਾਰੀਆਂ ਯਾਦਾਂ ਲੁਕਾਈ ਬੈਠਾ ਹੈ।1947 ਦੇ ਬਟਵਾਰੇ ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਮਾਨ ਬਹੁ ਗਿਣਤੀ ਵਿੱਚ ਰਹਿੰਦੇ ਸਨ।ਇਸ ਲਈ ਜਦ 1947 ਵਿੱਚ ਹੱਲਾ ਗੁੱਲਾ ਹੋਇਆ ਤਾਂ ਨੇੜਲੇ ਪਿੰਡਾਂ ਦੇ ਮੁਸਲਮਾਨ ਵੀ ਇੱਥੇ ਇਕੱਠੇ ਹੋਏ ਸਨ।ਉਸ ਸਮੇਂ ਦੌਰਾਨ ਹੋਈ ਵੱਢ ਟੁੱਕ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ ਤੇ ਬਾਕੀ ਜਾਨ ਬਚਾ ਕੇ ਲਹਿੰਦੇ ਪੰਜਾਬ ਵਿੱਚ ਚਲੇ ਗਏ ਸਨ।

ਇਸੇ ਤਰ੍ਹਾਂ ਹੀ ਇਸ ਪਿੰਡ ਵਿੱਚ ਵੀ 1947 ਦੀ ਵੰਡ ਤੋਂ ਬਾਅਦ ਜ਼ਿਆਦਾ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਸਿੱਖ ਪਰਿਵਾਰ ਵਸੇ ਹਨ।ਇਹ ਪਿੰਡ ਇਤਿਹਾਸ ਦੇ ਨਾਲ ਧਾਰਮਿਕ ਮਹੱਤਤਾ ਵੀ ਰੱਖਦਾ ਹੈ ਤੇ ਇਸ ਪਿੰਡ ਨੂੰ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਆਖ਼ਰੀ ਸਮੇਂ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਨਾਂਦੇੜ ਵੱਲ ਜਾਂਦਿਆਂ ਇੱਥੇ ਕੁਝ ਸਮਾਂ ਠਹਿਰੇ ਸਨ। ਸਥਾਨਕ ਰਵਾਇਤ ਅਨੁਸਾਰ ਕਿਹਾ ਜਾਂਦਾ ਹੈ ਕਿ ਪੀਰ ਵਲਾਇਤ ਸ਼ਾਹ ਗੁਰੂ ਜੀ ਦੇ ਅਨਿਨ ਭਗਤ ਸਨ ਤੇ ਉਹ ਹਰ ਰੋਜ਼ ਆਪਣਾ ਨਿੱਤਨੇਮ ਕਰਨ ਤੋਂ ਬਾਅਦ ਝੰਡਾ ਕਲਾਂ ਤੋਂ ਦਮਦਮਾ ਸਾਹਿਬ ਦੇ ਰਾਹ ਤੇ ਪਾਣੀ ਛਿੜਕਦੇ ਸਨ।

ਜਦ ਲੋਕ ਫ਼ਕੀਰ ਵਲਾਇਤ ਸ਼ਾਹ ਤੋਂ ਪੁੱਛਦੇ ਕਿ ਤੂੰ ਇਸ ਰਾਹ ਤੇ ਹੀ ਪਾਣੀ ਕਿਉਂ ਛਿੜਕਦਾ ਹੈ ਤਾਂ ਉਹ ਕਹਿੰਦਾ ਇਸ ਰਸਤੇ ਮੇਰਾ ਰੰਗਲਾ ਮਾਹੀ ਗੁਰੂ ਗੋਬਿੰਦ ਸਿੰਘ ਜੀ ਆ ਰਿਹਾ ਹੈ। ਗੁਰੂ ਜੀ ਪੀਰ ਵਲਾਇਤ ਸ਼ਾਹ ਦੀ ਪ੍ਰੇਮ ਭਗਤੀ ਵੇਖ ਕੇ ਹੀ ਉਸਨੂੰ ਇੱਥੇ ਮਿਲਣ ਆਏ ਸਨ।ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਇੱਥੋ ਦੇ ਖੂਹਾਂ ਦਾ ਪਾਣੀ ਖਾਰਾ ਹੁੰਦਾ ਸੀ।ਪਰ ਜਦ ਗੁਰੂ ਜੀ ਆਏ ਤਾਂ ਉਨ੍ਹਾਂ ਪੀਰ ਵਲਾਇਤ ਸ਼ਾਹ ਨੂੰ ਖ਼ੂਹ ਪੁੱਟਣ ਲਈ ਕਿਹਾ ਤਾਂ ਉਸਦਾ ਪਾਣੀ ਮਿੱਠਾ ਨਿਕਲਿਆ ਸੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ।

ਪਹਿਲਾਂ ਇਹ ਗੁਰਧਾਮ ਉਦਾਸੀ ਸਾਧਾਂ ਕੋਲ ਸੀ ਪਰ ਫਿਰ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ ਤਾਂ ਇਹ ਗੁਰਦੁਆਰਾ ਸਾਹਿਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਹੋ ਗਿਆ। ਅੱਜਕੱਲ੍ਹ ਇੱਥੇ ਬੁੱਢਾ ਦਲ ਦੇ ਨਿਹੰਗ ਸਿੰਘ ਸੇਵਾ ਨਿਭਾ ਰਹੇ ਹਨ।ਇੱਥੇ ਹਰ ਸਾਲ 21,22,23 ਕੱਤਕ ਨੂੰ ਜੋੜ ਮੇਲਾ ਲੱਗਦਾ ਹੈ ਜਿਸ ਵਿੱਚ ਪੰਜਾਬ ਸਮੇਤ ਹਰਿਆਣਾ ਦੇ ਲੋਕ ਵੀ ਬੜੀ ਸ਼ਰਧਾ ਭਾਵਨਾ ਨਾਲ ਆਉਂਦੇ ਹਨ।ਇਸ ਤੋਂ ਇਲਾਵਾ ਇੱਥੇ ਹਰ ਮਹੀਨੇ ਮੱਸਿਆ ਵੀ ਭਰਦੀ ਹੈ ਤੇ ਲੋਕ ਸੁੱਖਣਾ ਸੁੱਖਣ ਆਉਂਦੇ ਹਨ।

ਇੱਥੇ ਹੀ ਪੀਰ ਵਲਾਇਤ ਸ਼ਾਹ ਦੀ ਦਰਗਾਹ ਬਣੀ ਵੀ ਹੋਈ ਹੈ ਜਿੱਥੇ ਹਰ ਵੀਰਵਾਰ ਲੋਕੀਂ ਸਰੋਂ ਦੇ ਤੇਲ ਦੇ ਦੀਵੇ ਬਾਲ ਕੇ ਮੰਨਤਾਂ ਮੰਗਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਾਲ ਲੋਕ ਪੀਰ ਵਲਾਇਤ ਸ਼ਾਹ ਪ੍ਰਤੀ ਵੀ ਪੂਰੀ ਸ਼ਰਧਾ ਭਾਵਨਾ ਰੱਖਦੇ ਹਨ।ਇਸ ਸਾਲ ਵੀ ਇੱਥੇ ਜੋੜ ਮੇਲਾ 6,7,8 ਨਵੰਬਰ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਬਲਾਕ ਧੂਰੀ ਵੱਲੋਂ SEVA ਪ੍ਰੋਗਰਾਮ ਵਿਖੇ ਕਰਵਾਇਆ ਗਿਆ
Next articleਗ਼ਜ਼ਲ ਵਰਗੀਏ..….!!