ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ

ਬ੍ਰਿਸਬਨ (ਸਮਾਜ ਵੀਕਲੀ):  ਸੰਘੀ ਅਦਾਲਤ ਦੇ ਬੈਂਚ ਵੱਲੋਂ ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਅਤੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਹੱਕ ਵਿੱਚ ਫ਼ੈਸਲੇ ਤੋਂ ਬਾਅਦ ਨੋਵਾਕ ਜੋਕੋਵਿਚ ਨੂੰ ਹੁਣ ਦੇਸ਼ ਛੱਡਕੇ ਜਾਣਾ ਪਵੇਗਾ। ਸਰਬੀਆ ਦੇ ਖਿਡਾਰੀ ਨੇ ਫ਼ੈਸਲੇ ਤੋਂ ਤੁਰੰਤ ਬਾਅਦ ਕਿਹਾ, “ਮੈਂ ਬਹੁਤ ਨਿਰਾਸ਼ ਹਾਂ, ਪਰ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਦੇਸ਼ ਛੱਡਣ ਦੇ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਨਾਲ ਸਹਿਯੋਗ ਕਰਾਂਗਾ।” ਜ਼ਿਕਰਯੋਗ ਹੈ ਕਿ ਜੋਕੋਵਿਚ ਨੂੰ ਸੋਮਵਾਰ ਨੂੰ ਆਸਟਰੇਲੀਅਨ ਓਪਨ ਵਿੱਚ ਖੇਡਣ ਲਈ ਸੂਚੀਬੱਧ ਕੀਤਾ ਗਿਆ ਸੀ। ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਐਲੇਕਸ ਹਾਕ ਦੇ ਫ਼ੈਸਲੇ ਦੀ ਨਿਆਂਇਕ ਸਮੀਖਿਆ ਦੀ ਸੁਣਵਾਈ ਅਦਾਲਤ ਦੇ ਪੂਰੇ ਬੈਂਚ ਨੇ ਕੀਤੀ।

ਫ਼ੈਸਲੇ ਦੇ ਕਾਰਨ ਅਜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ। ਜੋਕੋਵਿਚ ਦੇ ਵਕੀਲਾਂ ਨੇ ਮੰਤਰੀ ’ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ ਕਿ ਆਸਟਰੇਲੀਆ ਵਿੱਚ ਜੋਕੋਵਿਚ ਦੀ ਮੌਜੂਦਗੀ ਟੀਕਾਕਰਨ ਵਿਰੋਧੀ ਭਾਵਨਾਵਾਂ ਨੂੰ ਭੜਕਾਵੇਗੀ। ਜਾਣਕਾਰੀ ਮੁਤਾਬਕ 86,000 ਤੋਂ ਵੱਧ ਲੋਕਾਂ ਨੇ ਅਦਾਲਤ ਦੀ ਸੁਣਵਾਈ ਨੂੰ ਯੂ-ਟਿਊਬ ’ਤੇ ਲਾਈਵ ਦੇਖਿਆ। ਸਮਰਥਕਾਂ ਵੱਲੋਂ ਮੈਲਬਰਨ ਦੀ ਸੰਘੀ ਅਦਾਲਤ ਦੀ ਇਮਾਰਤ ਵਿੱਚ ਇਕੱਠੇ ਹੋ ਕੇ ਸਰਬੀਆ ਦੇ ਝੰਡਿਆਂ ਨਾਲ ਜੋਕੋਵਿਚ ਦੇ ਹੱਕ ’ਚ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਵਿੱਚ ਛੇ ਜਣਿਆਂ ਨੂੰ ਗੋਲੀ ਮਾਰੀ, ਸ਼ੱਕੀ ਫ਼ਰਾਰ
Next articleਭਾਜਪਾ ਨੂੰ ਚੋਣਾਂ ਵਿੱਚ ਸ਼ੀਸ਼ਾ ਦਿਖਾਉਣਗੇ ਕਿਸਾਨ: ਟਿਕੈਤ