(ਸਮਾਜ ਵੀਕਲੀ)
ਸਿੰਘੂ ਬਾਰਡਰ ਤੇ ਵਿਆਹ ਵਰਗਾ ਮਾਹੌਲ ਸੀ।ਸਾਰੇ ਸਮਾਨ ਬੰਨ ਰਹੇ ਸੀ।ਟੈਟਾਂ ਨੂੰ ਹੌਲੀ ਹੌਲੀ ਉਖਾੜਨਾ ਸੁਰੂ ਕਰ ਦਿੱਤਾ ਗਿਆ ਸੀ। ਉੱਧਰ ਨਿਹੰਗ ਸਿੰਘ ਵੀ ਖੁਸ਼ੀ ਖੁਸ਼ੀ ਵਾਪਸੀ ਲਈ ਕਮਰ ਕੱਸੇ ਕਰ ਰਹੇ ਸਨ। ਕੁੱਝ ਲੋਕ ਨੇੜੇ ਖੜ੍ਹੇ ਰੋ ਰਹੇ ਸਨ। ਨਿਹੰਗ ਸਿੰਘਾਂ ਦੇ ਜੱਥੇਦਾਰ ਨੇ ਉੱਚੀ ਦੇਣੀ ਕਿਹਾ ,”ਕੋਈ ਸਿੰਘ ਉੱਧਰ ਜਾ ਕੇ ਦੇਖੋ ਉਹ ਲੋਕ ਰੋ ਕਿਉਂ ਰਹੇ ਨੇ”।ਇਸ ਤੋਂ ਪਹਿਲਾਂ ਕਿ ਹਲਕੀ ਜਿਹੀ ਉਮਰ ਦਾ ਸਿੰਘ ਉਨ੍ਹਾਂ ਕੋਲ ਜਾਂਦਾ ,ਉਹ ਲੋਕ ਖੁਦ ਹੀ ਕੋਲ ਆ ਗਏ।”ਬਾਬਾ ਜੀ ਆਪ ਤੋਂ ਪੰਜਾਬ ਚਲੇ ਜਾਓਗੇ ,ਹਮਾਰਾ ਕਿਆ ਹੋਗਾ” ਇਕ ਬਜੁਰਗ ਬੋਲਿਆ। ਨਾਲ ਹੀ ਖੜ੍ਹੀ ਔਰਤ ਬੋਲੀ,”ਅਬ ਖਾਣਾ ਕਹਾਂ ਸੇ ਖਾਏਂਗੇ,ਦਵਾ ਕਹਾਂ ਸੇ ਲੇਂਗੇ।”
ਜਥੇਦਾਰ ਹੱਲੇ ਸੋਚ ਹੀ ਰਹੇ ਸੀ ਕਿ ਦਿੱਲੀ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕਰਦੀਆਂ ਕੁੱਝ ਲੜਕੀਆਂ ਵੀ ਆ ਗਈਆਂ ਜੋ ਨਰੇਲਾ ਰਹਿੰਦੀਆਂ ਸਨ । ਉਹਨਾਂ ਕਿਹਾ ਅਸੀਂ ਰੋਜ਼ ਏਥੇ ਲੰਗਰਾਂ ਵਿੱਚ ਸੇਵਾ ਕਰਦੀਆਂ ਸਾਂ,ਇੰਨਾ ਪਿਆਰ ਤਾਂ ਸਾਨੂੰ ਘਰੋਂ ਵੀ ਨਹੀਂ ਮਿਲਿਆ ,ਜਿੰਨਾ ਆਪ ਸਭ ਤੋਂ ਮਿਲਿਆ। ਜਥੇਦਾਰ ਜੀ ਕੋਲ ਬਹੁਤ ਸਾਰੇ ਆਲੇ ਦੁਆਲੇ ਤੋਂ ਲੋਕ ਇੱਕਠੇ ਹੋ ਚੁੱਕੇ ਸਨ।
ਉਨ੍ਹਾਂ ਕੋਲ ਕਪੂਰਥਲੇ ਤੋਂ ਆਈ ਕਿਸਾਨ ਸਭਾ ਦੀ ਜ਼ਿਲ੍ਹਾ ਪ੍ਰਧਾਨ ਬੋਲੀ, “ਧੀਓ !ਤੁਹਾਨੂੰ ਸਾਡੇ ਤੋਂ ਡਰ ਨਹੀਂ ਲਗਦਾ ਕਿਉਂਕਿ ਅਖੌਤੀ ਮੀਡੀਆ ਤਾਂ ਸਾਨੂੰ ਅੱਤਵਾਦੀ,ਖ਼ਾਲਸਤਾਨੀ,ਹਿੰਸਕ ਦੱਸਦਾ ਹੈ। ਉਹਨਾਂ ਕੁੜੀਆਂ ਵਿਚੋਂ ਪ੍ਰੀਤੀ ਨਾਂ ਦੀ ਕੁੜੀ ਨੇ ਦੱਸਿਆ ਜਦ ਪਹਿਲੇ ਦਿਨ ਆਉਣਾ ਚਾਹੰਦੀਆਂ ਸਾਂ ,ਤਾਂ ਘਰਦਿਆਂ ਤੇ ਮੁਹੱਲੇ ਵਾਲਿਆਂ ਨੇ ਆਉਣ ਨਹੀਂ ਦਿੱਤਾ।ਕੁੱਝ ਦਿਨ ਬਾਅਦ ਜਦ ਸਾਡੇ ਲੋਕਾਂ ਨੇ ਆ ਕੇ ਚੈੱਕ ਤਾਂ ਇੱਥੇ ਰਾਮ ਰਾਜ ਵਾਲਾ ਮਾਹੌਲ ਵੇਖਿਆ। ਸਾਨੂੰ ਆਉਣ ਦੀ ਆਗਿਆ ਮਿਲ ਗਈ।ਇੰਨੇ ਨੂੰ ਇਕ ਬਜੁਰਗ ਨੂੰ ਵੇਖ ਕੇ ਕੁੜੀਆਂ ਭੱਜੀਆਂ ਤੇ ਬਾਪੂ ਜੀ ਬਾਪੂ ਜੀ ਕਹਿ ਕੇ ਗਲੇ ਲੱਗ ਗਈਆਂ ਤੇ ਉੱਚੀ ਉੱਚੀ ਰੋਣ ਲਗੀਆਂ।ਬਾਪੂ ਨੇ ਅੱਖਾਂ ਪੂੰਝਦੇ ਕਿਹਾ,ਧੀਓ ਫਿਰੋਜ਼ਪੁਰ ਕੋਲ ਸਾਡਾ ਪਿੰਡ ਹੈ ਮਾਪਿਆਂ ਨਾਲ ਆਇਓ,ਨਾਲੇ ਆਪਣੇ ਵਿਆਹ ਤੇ ਜਰੂਰ ਬੁਲਾਇਓ, ਦਾਦਕਿਆਂ ਵਾਲ਼ੇ ਫਰਜ਼ ਨਿਭਾਵਾਂਗੇ”।ਇੰਨਾ ਪਿਆਰ ਦੇਖ ਕੇ ਸਭ ਦੀਆਂ ਅੱਖਾਂ ਭਰ ਆਈਆਂ।ਨਾਲ ਦੀ ਸੋਸਾਇਟੀ ਦਾ ਪ੍ਰਧਾਨ ਤੇ ਸੈਕਟਰੀ ਵੀ ਟੀਵੀ ਤੇ ਖ਼ਬਰ ਦੇਖ ਕੇ ਭੱਜੇ ਆ ਗਏ।ਸਾਰਿਆਂ ਨੂੰ ਸੰਬੋਧਿਤ ਹੋ ਕੇ ਬੋਲੇ,”ਆਪ ਸਭ ਜਹਾਂ ਸੇ ਮਤ ਜਾਣਾ, ਹਮ ਸਭ ਕਾ ਦਿਲ ਨਹੀਂ ਲਗੇਗਾ।ਪਹਿਲੇ ਪਹਿਲੇ ਕੁੱਛ ਬੁਰਾ ਲਗਾ ਥਾ ਜਬ ਆਪ ਆਏ ਲੇਕਿਨ ਆਪ ਲੋਗੋਂ ਕਾ ਨੇਚਰ ਤੋਂ ਬਹੁਤ ਅੱਛਾ ਹੈ।ਆਪ ਲੋਗੋਂ ਨੇ ਹਮੇਂ ਅਪਨਾ ਕਾਇਲ ਕਰ ਲੀਆ ਹੈ।” ਸਭ ਦਾ ਦਿਲ ਕਰ ਰਿਹਾ ਸੀ ਕਿ ਸਮਾਂ ਇੱਥੇ ਹੀ ਠਹਿਰ ਜਾਵੇ। ਇੰਨੇ ਨੂੰ ਜੱਥੇਦਾਰ ਜੀ ਦੇ ਕੰਨ ਵਿੱਚ ਇਕ ਅਧਖੜ੍ਹ ਉਮਰ ਦਾ ਸਿੰਘ ਕੁੱਝ ਕਹਿ ਕੇ ਗਿਆ।
ਜੱਥੇਦਾਰ ਜੀ ਗੱਜ ਕੇ ਬੋਲੇ,” ਸਭ ਸਿਰ ਢੱਕ ਕੇ ,ਹੱਥ ਧੋ ਕੇ ਪੰਗਤ ਵਿੱਚ ਸੱਜ ਜਾਓ ਆਪ ਜੀ ਲਈ ਪੀਜ਼ੇ ਤੇ ਦੇਸੀ ਘਿਓ ਦੀਆਂ ਜਲੇਬੀਆਂ ਤਿਆਰ ਨੇ”। ਜੱਥੇਦਾਰ ਜੀ ਨੇ ਦੂਜੇ ਪਾਸੇ ਨੂੰ ਮੂੰਹ ਕਰਕੇ ਅੱਖਾਂ ਪੁੰਝਦੇ ਹੋਏ ਕਿਸੇ ਨੂੰ ਵੀ ਆਪਣੇ ਅੱਖਾਂ ਵਿਚੋਂ ਵਗਦੇ ਜ਼ਜ਼ਬਾਤਾਂ ਦਾ ਪਤਾ ਹੀ ਨਹੀਂ ਲੱਗਣ ਦਿੱਤਾ।
ਜਸਵੰਤ ਸਿੰਘ ਮਜਬੂਰ
ਫੋਨ ਨੰਬਰ 98722 28500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly