ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)ਸਾਹਿਤ ਅਕਾਦਮੀ, ਪਟਿਆਲਾ ਵੱਲੋਂ ਪੰਜਾਬੀ ਦੇ ਦੋ ਲੇਖਕਾਂ ਤੇਜਿੰਦਰ ਫਰਵਾਹੀ ਅਤੇ ਡਾ. ਹਰਪ੍ਰੀਤ ਰਾਣਾ ਦੀਆਂ ਕਹਾਣੀਆਂ ਬਾਰੇ ਇੱਕ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਕਹਾਣੀਕਾਰ *ਸੁਖਮਿੰਦਰ ਸਿੰਘ ਸੇਖੋਂ* ਅਤੇ ਮੁੱਖ ਮਹਿਮਾਨ ਵਜੋਂ ਤੇਜਿੰਦਰ ਸਿੰਘ ਗਿੱਲ, ਸਹਾਇਕ ਨਿਰਦੇਸ਼ਕ, ਭਾਸ਼ਾ ਵਿਭਾਗ ਪੰਜਾਬ, ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਡਾ. ਅਮਰਜੀਤ ਕੌਂਕੇ ਨੇ ਸਾਹਿਤ ਅਕਾਦਮੀ ਦੇ ਉਦੇਸ਼ਾਂ ਅਤੇ ਕਾਰਜਾਂ ਦਾ ਜ਼ਿਕਰ ਕਰਦਿਆਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਤਜਿੰਦਰ ਫਰਵਾਹੀ ਨੇ ਆਪਣੀ ਲੰਬੀ ਕਹਾਣੀ ‘ਮੰਜ਼ਰ’ ਦਾ ਪਾਠ ਕੀਤਾ ਜਿਸ ਬਾਰੇ ਬੋਲਦਿਆਂ ਡਾ. ਇਕਬਾਲ ਸੋਮੀਆ ਨੇ ਕਿਹਾ ਕਿ ਇਸ ਕਹਾਣੀ ਦਾ ਵਿਸ਼ਾ ਬਿਲਕੁਲ ਅਲੱਗ ਹੈ ਪਰ ਇਸ ਦੇ ਨਿਭਾਅ ਵਿੱਚ ਕੁਝ ਕਮਜ਼ੋਰੀਆਂ ਹਨ। ਉਹਨਾਂ ਨੇ ਬਹੁਤ ਹੀ ਵਿਸਥਾਰ ਨਾਲ ਇਸ ਕਹਾਣੀ ਸੰਬੰਧੀ ਚਰਚਾ ਕੀਤੀ।
ਉਪਰੰਤ ਪੰਜਾਬੀ ਦੇ ਪ੍ਰਸਿੱਧ ਕਵੀ, ਅਨੁਵਾਦਕ ਤੇ ਸੰਪਾਦਕ ਡਾ. ਅਮਰਜੀਤ ਕੌਂਕੇ ਨੇ ਇਸ ਕਹਾਣੀ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਇਹ ਕਹਾਣੀ ਸ਼ਿਲਪ ਦੇ ਪੱਖੋਂ ਬਹੁਤ ਢਿੱਲੀ ਹੈ। ਇਸ ਵਿੱਚ ਅਨੇਕ ਕਹਾਣੀਆਂ ਨੂੰ ਗੁੰਦਿਆ ਗਿਆ ਹੈ ਪਰ ਇਸ ਕਹਾਣੀ ਦੇ ਪਲਾਟ ਵਿੱਚ ਢਿੱਲਾਪਣ ਹੈ। ਮੈਡਮ ਹਰਪ੍ਰੀਤ ਕੌਰ ਸੰਧੂ ਨੇ ਵੀ ਇਸ ਕਹਾਣੀ ਦੇ ਤਕਨੀਕੀ ਪੱਖਾਂ ਉੱਤੇ ਚਾਨਣਾ ਪਾਇਆ। ਇਸ ਕਹਾਣੀ ਬਾਰੇ ਹੋਰ ਵੀ ਅਨੇਕ ਹਾਜ਼ਰ ਦੋਸਤਾਂ ਨੇ ਆਪਣੀ ਆਪਣੀ ਰਾਏ ਦਿੱਤੀ। ਇਸ ਤੋਂ ਬਾਅਦ ਹਰਪ੍ਰੀਤ ਰਾਣਾ ਨੇ ਆਪਣੀਆਂ ਤਿੰਨ ਮਿੰਨੀ ਕਹਾਣੀਆਂ ਪੜੀਆਂ ਜਿਨ੍ਹਾਂ ਬਾਰੇ ਬੋਲਦਿਆਂ ਦਵਿੰਦਰ ਪਟਿਆਲਵੀ ਨੇ ਕਿਹਾ ਕਿ ਇਹ ਕਹਾਣੀਆਂ ਬਹੁਤ ਹੀ ਵਧੀਆ ਕਹਾਣੀਆਂ ਹਨ, ਪਰ ਇਹਨਾਂ ਵਿੱਚ ਕੁਝ ਕੁ ਕਾਂਟ ਛਾਂਟ ਨਾਲ ਇਹ ਕਹਾਣੀਆਂ ਹੋਰ ਵੀ ਖੂਬਸੂਰਤ ਬਣ ਸਕਦੀਆਂ ਹਨ। ਹਰਪ੍ਰੀਤ ਰਾਣੇ ਦੀਆਂ ਕਹਾਣੀਆਂ ਬਾਰੇ ਡਾਕਟਰ ਸੁਰਜੀਤ ਖੁਰਮਾ, ਤਰਲੋਕ ਢਿੱਲੋਂ, ਭੁਪਿੰਦਰ ਉਪਰਾਮ, ਗੁਰਜੰਟ ਰਾਜੇਆਣਾ, ਚਮਕੌਰ ਸਿੰਘ ਚਹਿਲ ਅਤੇ ਹੋਰ ਦੋਸਤਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸੁਖਮਿੰਦਰ ਸੇਖੋ ਨੇ ਸਾਹਿਤ ਅਕਾਦਮੀ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਝੂਠੀ ਪ੍ਰਸ਼ੰਸਾ ਤੋਂ ਉੱਤੇ ਉੱਠ ਕੇ ਕਹਾਣੀਆਂ ਦੇ ਰਚਨਾਤਮਕ ਪੱਖਾਂ ਬਾਰੇ ਬਹੁਤ ਹੀ ਉਸਾਰੂ ਅਤੇ ਭਾਵਪੂਰਤ ਬਹਿਸ ਕੀਤੀ ਗਈ ਹੈ।
ਤੇਜਿੰਦਰ ਸਿੰਘ ਗਿੱਲ ਨੇ ਦੋਹਾਂ ਕਹਾਣੀਕਾਰਾਂ ਦੀਆਂ ਰਚਨਾਵਾਂ ਤੇ ਬਹੁਤ ਹੀ ਭਾਵਪੂਰਤ ਨੁਕਤੇ ਉਠਾਏ। ਡਾ. ਭੀਮਇੰਦਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੇ ਵਿੱਚ ਪਟਿਆਲਾ ਵਿਖੇ ਹੋ ਰਹੇ ਇਸ ਗੰਭੀਰ ਤੇ ਰਚਨਾਤਮਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚੋਂ ਸਾਰਥਕ ਸੰਵਾਦ ਖਤਮ ਹੁੰਦਾ ਜਾ ਰਿਹਾ ਹੈ, ਪਰ ਪੰਜਾਬੀ ਅਕਾਦਮੀ, ਪਟਿਆਲਾ ਦਾ ਇਹ ਉਪਰਾਲਾ ਅਜਿਹੇ ਹਾਲਾਤਾਂ ਵਿੱਚ ਬਹੁਤ ਹੀ ਸ਼ੁਭ ਸ਼ਗਨ ਹੈ। ਇਸ ਕੰਮ ਲਈ ਉਹਨਾਂ ਨੇ ਪੰਜਾਬੀ ਅਕਾਦਮੀ ਦੇ ਪ੍ਰਬੰਧਕਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ। ਅੰਤ ਤੇ ਅਕਾਦਮੀ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਭਾਸ਼ਣ ਦੇ ਨਾਲ ਆਏ ਹੋਏ ਲੇਖਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਅਕਾਦਮੀ ਦੇ ਜਨਰਲ ਸਕੱਤਰ ਡਾ. ਕੰਵਰ ਜਸਮਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਉਪਰੋਕਤ ਬੁਲਾਰਿਆਂ ਤੋਂ ਬਿਨਾਂ ਹੋਰ ਅਨੇਕ ਮਾਣਯੋਗ ਸ਼ਖਸ਼ੀਅਤਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਬੰਬੇ ਤੋਂ ਮੈਡਮ ਕੁਲਦੀਪ, ਨਵਦੀਪ ਮੁੰਡੀ, ਡਾ. ਹਰਨੇਕ ਸਿੰਘ ਢੋਟ, ਲਵਪ੍ਰੀਤ, ਰਮਨਦੀਪ ਵਿਰਕ, ਡਾ. ਪੁਸ਼ਵਿੰਦਰ ਕੌਰ, ਭੁਪਿੰਦਰ ਉਪਰਾਮ ਅਤੇ ਹੋਰ ਦੋਸਤਾਂ ਦੇ ਨਾਮ ਜ਼ਿਕਰਯੋਗ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly