(ਸਮਾਜ ਵੀਕਲੀ)
ਪੈਰਾਂ ਦੀਆਂ ਪਾਟੀਆਂ
ਬਿਆਈਆਂ ਦੀ ਟੀਸ ਨੂੰ
ਜੀ ਚਾਹੁੰਦਾ ਹੈ ਕਹਾਂ,
“ਐਵੇਂ ਨਾ ਰੌਲ਼ਾ ਪਾਇਆ ਕਰ।
ਪਤਾ ਹੈ ਮੈਂਨੂੰ ਵੀ,
ਜਦ ਵੀ ਪਿਛਾਂਹ ਝਾਤੀ ਮਾਰਦਾ ਹਾਂ,
ਤੇਰੀਆਂ ਪੈੜਾਂ ਦਾ ਸਫਰ
ਦੂਰ ਅਤੀਤ ਚੋਂ
ਬੰਜਰਾਂ, ਵੱਤਰਾਂ ਤੋਂ
ਕੱਚੇ ਪਹਿਆਂ ਤੇ
ਤਾਰਕੋਲੀ ਸੜਕਾਂ ਨੂੰ ਗਾਹੁੰਦਾ
ਮਹਾਂ ਨਗਰਾਂ ਦੀਆਂ ਸੀਮਾਵਾਂ ਵੀ
ਸਰ ਕਰਦਾ ਹੈ।
ਵਕਤ ਦੇ ਹਰ ਸਿਤਮ ਨੂੰ ਜਰਦਾ ਹੈ।”
ਫਿਰ ਅੰਦਰਲਾ ਹਾਉਕਾ
ਕਰਵਟ ਲੈਂਦਾ ਹੈ
“ਯਾ ਮੌਲਾ
ਕਦੀ ਤਾਂ ਇਧਰ ਵੀ ਨਜ਼ਰ ਕਰ
ਮੈਂ ਕਿੱਥੇ ਕਿੱਥੇ ਥਾਹ ਪਾਵਾਂ,
ਪੁਸ਼ਤ ਦਰ ਪੁਸ਼ਤ
ਸਫ਼ਰ ਇਸ ਟੀਸ ਦਾ ਹੈ ਕਿ
ਮੁੱਕਦਾ ਹੀ ਨਹੀਂ।
ਜੇ ਕਿਸਮਤ ਦੀ ਪੱਤਰੀ ਖੁੱਹਲਾਂ,
ਘਰ ਦੇ ਕੱਚੇ,
ਕਦੀ ਸੁਲਘਦੇ,
ਕਦੀ ਫਾਕੇ ਕੱਟਦੇ,
ਚੁੱਲ੍ਹੇ ਨੂੰ ਪੁੱਛਾਂ,
ਹਉਕਾ ਜਿਹਾ ਭਰਦਾ
ਉਹ ਵੀ ਕਹਿੰਦਾ ਹੈ
‘ਤੂੰ ਵੀ ਤਾਂ
ਕੁੱਝ ਕਰ ਨਹੀਂ ਪਾਇਆ
ਉੱਥੇ ਹੀ ਖਲੋਤਾ ਹੈਂ
ਜਿੱਥੇ
ਤੇਰੇ ਬਾਪ ਦੇ ਬਾਪ ਦਾ ਬਾਪ
ਖੜ੍ਹਾ ਸੀ।
ਤੂੰ ਵੀ ਕਿਹੜਾ ਛੱਡੀ ਹੈ
ਸਮੇਂ ਤੇ ਕੋਈ ਛਾਪ।
ਨਾ ਤੇਰੀ ਕਿਸਮਤ ਬਦਲੀ ਹੈ,
ਨਾ ਮੇਰਾ ਮੁੰਹ-ਮੱਥਾ ਸੰਵਰਿਆ ਹੈ।’
ਤੇ ਮੈਂ ਨਿੰਮੋਝੂਣਾ ਜਿਹਾ ਹੋ
ਕਹਿੰਦਾ ਹਾਂ
ਨਹੀਂ, ਨਹੀਂ
ਹੁਣ ਵਕਤ ਬਦਲ ਗਿਆ ਹੈ,
ਅੰਬਰ ਦੀ ਤਾਸੀਰ ਬਦਲੀ ਹੈ।
ਮੈਂ ਤੁਰਾਂਗਾ,
ਵਕਤ ਤੇ ਹਵਾ ਦੇ
ਥਪੇੜਿਆਂ ਨਾਲ ਲੜਾਂਗਾ
ਦੂਰ ਦੁਮੇਲ ਤੇ ਉੱਗਦੀ ਲਾਲੀ
ਦੇ ਬੂਹੇ ਤੇ ਦਸਤਕ ਦਿਆਂਗਾ।
ਮੇਰਾ ਬੇਟਾ ਕਦੀ ਵੀ ਤੇਰਾ
ਇਹ ਉਲਾਂਭਾ ਨਹੀਂ ਸੁਣੇਗਾ
ਕਿ ਤੂੰ ਵੀ ਉੱਥੇ ਹੀ ਖੜ੍ਹਾ ਹੈਂ
ਜਿੱਥੇ ਤੇਰਾ ਬਾਪ ਖੜ੍ਹਾ ਸੀ। ”
ਜਗਤਾਰ ਸਿੰਘ ਹਿੱਸੋਵਾਲ
98783-30324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly