ਜੇਲ੍ਹ ਵਿਚ ਅਖੰਡ-ਪਾਠ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਕਾਂਡ – 13
ਜੇਲ੍ਹ ਵਿਚ ਅਖੰਡ ਪਾਠ ਕਰਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ, ਪ੍ਰਿੰਸੀਪਲਾਂ ਅਤੇ ਸਰਗਰਮ ਵਰਕਰਾਂ ਦੀ ਮੀਟਿੰਗ ਪ੍ਰਧਾਨ ਜੀ ਕਰ ਰਹੇ ਸਨ ਕਿਉਂਕਿ ਅਖੰਡ ਪਾਠ ਕਰਾਉਣ ਲਈ ਬਹੁਤ ਕੁਝ ਲੋੜੀਂਦਾ ਸੀ। ਜੇਲ੍ਹ ਵਿਚ ਅਖੰਡ ਪਾਠ ਕਿਸ ਜਗ੍ਹਾ ‘ਤੇ ਰਖਾਇਆ ਜਾਵੇ, ਇਹ ਗੱਲ ਸਭ ਤੋਂ ਵੱਧ ਵਿਚਾਰਯੋਗ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਰਮਾਇਣ ਜੀ ਦਾ ਪ੍ਰਕਾਸ਼ ਕਿੱਥੇ ਹੋਏ‌? ਇਸ ਬਾਰੇ ਸਾਰੇ ਅਧਿਆਪਕਾਂ ਦੀਆਂ ਵੱਖ-ਵੱਖ ਰਾਵਾਂ ਸਨ। ਰੌਲ ਲਾਉਣ ਵਾਲੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਹੜੇ ਨੁਮਾਇੰਦੇ ਹੋਣ। ਅਧਿਆਪਕਾਂ ਵਿਚ ਤੁਹਾਨੂੰ ਹਰ ਕਿਸਮ ਦੀ ਨਫ਼ਰੀ ਮਿਲ ਜਾਵੇਗੀ। ਸ਼ੁੱਧ ਉਚਾਰਨ ਵਾਲੇ ਪਾਠੀ ਤੋਂ ਲੈ ਕੇ ਸਾਰੀਆਂ ਮਰਿਆਦਾਵਾਂ ਦਾ ਪਾਲਣ ਕਰਨ ਵਾਲੇ, ਸਭ ਜੇਲ੍ਹ ਵਿਚ ਮੌਜੂਦ ਸਨ। ਕੁਝ ਅਧਿਆਪਕਾਂ ਸਲਾਹ ਦਿੱਤੀ ਕਿ ਜਿੱਥੇ ਕੰਧ ਨਾਲ ਭੁੱਖ ਹੜਤਾਲ ਕੀਤੀ ਸੀ, ਓਥੇ ਪਾਠ ਰਖਾਇਆ ਜਾਵੇ। ਕੁਝ ਨੇ ਕਿਹਾ,” ਕਿਸੇ ਇੱਕ ਬੈਰਕ ਦੇ ਖੂੰਜੇ ਵਿਚ ਰੱਖ ਲਿਆ ਜਾਵੇ।” ਇੱਕ ਸੱਜਣ ਦੀ ਰਾਏ ਸੀ ਕਿ ਪਾਠ ਜੇਲ੍ਹ ਦੇ ਗੁਰਦੁਆਰੇ ਵਿਚ ਰੱਖ ਲਿਆ ਜਾਵੇ। ਪਰ ਕਿਸੇ ਸਿੱਟੇ ‘ਤੇ ਨਾ ਪਹੁੰਚਿਆ ਜਾ ਸਕਿਆ, ਕਿਉਂਕਿ ਧਾਰਮਿਕ ਰਹੁ-ਰੀਤਾਂ ਦੇ ਲਈ ਆਲਾ-ਦੁਆਲਾ ਬਹੁਤ ਸ਼ੁੱਧ ਹੋਣਾ ਚਾਹੀਦਾ ਹੈ।ਸੌਣ ਵਾਲੇ ਟਿਕਾਣੇ ਅਤੇ ਮੈੱਸ ਤੋਂ ਦੂਰ, ਸਭ ਗੱਲਾਂ ਧਿਆਨ ਵਿਚ ਰੱਖਣ ਵਾਲੀਆਂ ਸਨ।

ਜੇਲ੍ਹ ਵਿਚ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਸੀ, ਓਥੇ ਕੁਝ ਖਾੜਕੂ ਨਾਲ ਦੀਆਂ ਬੈਰਕਾਂ ਵਿੱਚ ਰਹਿੰਦੇ ਸਨ। ਕੁਝ ਅਧਿਆਪਕ ਤਾਂ ਓਧਰ ਡਰਦੇ ਮੱਥਾ ਟੇਕਣ ਵੀ ਨਹੀਂ ਜਾਂਦੇ ਸੀ। ਕੁਝ ਨਵੇਂ ਝਮੇਲੇ ਵਿਚ ਵੀ ਨਹੀਂ ਪੈਣਾ ਚਾਹੁੰਦੇ ਸਨ ਦੀ ਰਹਿੰਦੀ-ਖੂੰਹਦੀ ਕਸਰ ਜੇਲ੍ਹ ਸੁਪਰਡੈਂਟ ਨੇ ਕੱਢ ਦਿੱਤੀ,” ਕਿ ਕਿਸੇ ਅਧਿਆਪਕ ਨੂੰ ਓਧਰ ਜ਼ਿਆਦਾ ਮੇਲ-ਜੋਲ ਨਾ ਕਰਨ ਦੇਣਾ, ਕਿਤੇ ਬਾਅਦ ਵਿਚ ਕਿਸੇ ‘ਤੇ ਮੁਸੀਬਤ ਆ ਜਾਵੇ। ਪਰ ਓਥੇ ਅਜਿਹਾ ਕੁਝ ਵੀ ਨਹੀਂ ਸੀ। ਮੈਂ ਕਈ ਵਾਰ ਗੁਰਦੁਆਰੇ ਮੱਥਾ ਟੇਕਣ ਗਿਆ, ਓਥੇ ਸੰਤਰੀ ਤਲਾਸ਼ੀ ਜ਼ਰੂਰ ਲੈਂਦਾ ਸੀ।

ਕੁਝ ਹੋਰ ਭਰਾ ਵੀ ਸਨ ਜਿਨ੍ਹਾਂ ‘ਤੇ ਇਸ ਗੱਲ ਦਾ ਕੋਈ ਬੋਝ ਨਹੀਂ ਸੀ ਕਿ ਪਾਠ ਰਖਾਇਆ ਜਾਵੇ ਜਾਂ ਨਹੀਂ। ਜੇ ਰਖਾ ਲਿਆ ਠੀਕ ਹੈ, ਜੇ ਨਹੀਂ ਰਖਾਇਆ ਉਸ ਤੋਂ ਵੀ ਠੀਕ ਹੈ ਕਿਉਂਕਿ ਹਰੇਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਭਾਂਤ ਭਾਂਤ ਦੇ ਬੰਦੇ ਤਾਂ ਤੁਹਾਨੂੰ ਇੱਕ ਜ਼ਿਲ੍ਹੇ ਵਿਚ ਹੀ ਮਿਲ ਜਾਂਦੇ ਹਨ, ਓਥੇ ਤਾਂ ਵੱਖ-ਵੱਖ ਰੰਗਾਂ ਦੇ ਫ਼ੁੱਲ ਸਨ। ਵਣ-ਵਣ ਦੀ ਲੱਕੜੀ ਇਕੱਠੀ ਹੋਈ ਸੀ। ਇਸ ਕਰਕੇ ਅਜਿਹੀ ਰੰਗੀਲੀ ਦੁਨੀਆਂ ਵਿੱਚੋ ਜ਼ਿਆਦਾ ਬੰਦਿਆਂ ਦੀ ਰਾਏ ਲੈਣਾ ਵੀ ਕਿਸੇ ਸਿੱਟੇ ‘ਤੇ ਨਹੀਂ ਪਹੁੰਚਣ ਦਿੰਦਾ।

ਅਖ਼ੀਰ ਫ਼ੈਸਲਾ ਹੋਇਆ ਕਿ ਅਖੰਡ ਪਾਠ ਜੇਲ੍ਹ ਵਿਚ, ਜੋ ਚੱਕੀਆਂ ਹਨ ਕਿਸੇ ਇੱਕ ਚੱਕੀ ਨੂੰ ਸਾਫ਼ ਕਰਵਾ ਕੇ, ਰਖਾ ਲਿਆ ਜਾਵੇ। ਜੇਲ੍ਹ ਦੀ ਉਸ ਥਾਂ ਨੂੰ ਪਾਠ ਰਖਾ ਕੇ ਪਵਿੱਤਰ ਕਰਾਇਆ ਜਾਵੇ, ਜਿੱਥੇ ਮਨੁੱਖ ਸਭ ਤੋਂ ਵੱਧ ਕਸ਼ਟ ਤੇ ਤਸ਼ੱਦਦ ਸਹਿੰਦਾ ਹੈ।

( ਇੱਥੇ ਸਧਾਰਨ ਪਾਠਕਾਂ ਨੂੰ ਦੱਸ ਦੇਵਾਂ ਕਿ ਚੱਕੀ ਕੋਈ ਆਟਾ ਪੀਸਣ ਵਾਲੀ ਨਹੀਂ, ਸਗੋਂ ਛੋਟਾ ਜਿਹਾ ਸਟੋਰ ਜਿੰਨਾਂ ਕਮਰਾ ਹੁੰਦਾ ਹੈ, ਜਿਸ ਵਿੱਚ ਇੱਕ ਥੜ੍ਹਾ ਸੌਣ ਲਈ ਅਤੇ ਅੰਦਰ ਹੀ ਜੰਗਲ ਪਾਣੀ ਤੇ ਨਹਾਉਣ ਲਈ ਜਗ੍ਹਾ ਹੁੰਦੀ ਹੈ। ਕਈ ਵਾਰ ਇੱਕ ਚੱਕੀ ਵਿਚ, ਦੋ-ਦੋ ਤਿੰਨ-ਤਿੰਨ ਖ਼ਤਰਨਾਕ ਸਮਝੇ ਜਾਂਦੇ ਮੁਜ਼ਰਮਾਂ ਨੂੰ ਡੱਕ ਦਿੱਤਾ ਜਾਂਦਾ ਹੈ, ਜਿੱਥੇ ਉਹ ਨਾ ਤਾਂ ਘੁੰਮ ਫਿਰ ਸਕਦੇ ਹਨ, ਤੇ ਨਾਲ ਹੀ ਚੱਜ ਨਾਲ ਸੌਂ ਸਕਦੇ ਹਨ। ਖਾਣਾ ਵੀ ਉਨ੍ਹਾਂ ਨੂੰ ਚੱਕੀ ਵਿਚ ਹੀ ਦਿੱਤਾ ਜਾਂਦਾ ਹੈ)

ਇਕ ਚੱਕੀ ਖ਼ਾਲੀ ਕਰਵਾਈ ਗਈ। ਜੋ ਸਾਡੀ ਬੈਰਕ ਦੇ ਕੋਲ ਸੀ। ਚੱਕੀਆਂ ਅਤੇ ਸਾਡੀ ਬੈਰਕ ਵਿਚਕਾਰ ਇੱਕ ਤੇਰਾਂ ਇੰਚ ਮੋਟੀ ਤੇ ਅੱਠ ਕੁ ਫੁੱਟ ਉੱਚੀ ਕੰਧ ਸੀ। ਓਸ ਕੰਧ ਨੂੰ ਤੋੜ ਕੇ ਚੱਕੀਆਂ ਵਿਚ ਸਾਡੀ ਬੈਰਕ ਤੋਂ ਜਾਣ ਲਈ ਰਸਤਾ ਬਣਾਇਆ ਗਿਆ ਸੀ। ਚੱਕੀ ਦੀ ਸਫ਼ਾਈ ਲਈ ਜੇਲ੍ਹ ਪ੍ਰਸ਼ਾਸਨ ਨੇ, ਦੋ ਤਿੰਨ ਕੈਦੀ ਭੇਜ ਕੇ ਸਫ਼ੈਦੀ ਕਰਵਾਈ। ਸਾਰੀ ਚੱਕੀ ਦਾ ਵਾਤਾਵਰਣ ਸ਼ੁੱਧ ਕਰਨ ਤੋਂ ਬਾਅਦ, ਚਿੱਟੀਆਂ ਚਾਦਰਾਂ ਅਤੇ ਚਾਨਣੀਆਂ ਬਗੈਰਾ ਲਗਾਈਆਂ ਗਈਆਂ। ਅਖੰਡ ਪਾਠ ਲਈ ਲੋੜੀਂਦਾ ਸਮਾਨ ਮੰਗਵਾ ਕੇ ਤੇ ਬਾਬਾ ਜੀ ਦੀ ਬੀੜ ਲਿਆ ਕੇ ਪਾਠ ਦਾ ਅਰੰਭ ਦਿੱਤਾ ਗਿਆ। ਸਾਰੇ ਅਧਿਆਪਕਾਂ ਵਿਚ ਇੱਕ ਨਵੇਂ ਕਿਸਮ ਦਾ ਜੋਸ਼ ਸੀ। ਸੋ ਗੁਰਬਾਣੀ ਦੇ ਰਸੀਏ ਉੱਥੇ ਬੈਠ ਕੇ ਸ਼ਬਦਾਂ ਦਾ ਅਨੰਦ ਮਾਣਦੇ। ਅਲੱਗ-ਅਲੱਗ ਜਿਲ੍ਹਿਆਂ ਦੇ ਗੁਰ-ਮਰਯਾਦਾ ਤੇ ਨਿਤਨੇਮ ਕਰਨ ਵਾਲੇ ਅਧਿਆਪਕ ਪਾਠੀ ਆਪਣੇ ਆਪਣੇ ਸਮੇਂ ਮੁਤਾਬਕ ਰੌਲ ਲਗਾਉਂਦੇ।

ਬਠਿੰਡਾ ਜ਼ਿਲ੍ਹੇ ਵੱਲੋਂ ਸਰਦਾਰ ਪ੍ਰਿਤਪਾਲ ਸਿੰਘ (ਸਾਡੇ ਸਕੂਲ ਦੇ ਪੰਜਾਬੀ ਅਧਿਆਪਕ) ਪਾਠ ਕਰਦੇ। ਜੇਲ੍ਹ ਵਿੱਚ ਇੱਕ ਖਾਸ ਕਿਸਮ ਦਾ,ਸ਼ਾਂਤ ਮਾਹੌਲ ਬਣ ਗਿਆ ਸੀ। ਜਿਸ ਦਿਨ ਸਵੇਰੇ ਭੋਗ ਪੈਣਾ ਸੀ, ਸਾਰੀਆਂ ਬੈਰਕਾਂ ਦੇ ਅਧਿਆਪਕ ਸਵੇਰੇ ਹੀ ਨਹਾ ਧੋ ਕੇ ਤਿਆਰ ਹੋ ਗਏ ਸਨ।‌ ਮੱਥਾ ਟੇਕਣ ਵੇਲੇ ਜਦੋਂ ਸਾਰੀ ਜੇਲ੍ਹ ਦੇ ਕੈਦੀ ਮੱਥਾ ਟੇਕਣ ਆਏ, ਕੁਝ ਖਾੜਕੂ ਜਥੇਬੰਦੀ ਦੇ ਮੈਂਬਰ ਵੀ ਸ਼ਾਂਤ ਚਿੱਤ ਪਾਠ ਸੁਣ ਰਹੇ ਸਨ। ਉਹਨਾਂ ‘ਚੋਂ ਖਾੜਕੂ ਜਥੇਬੰਦੀ ਦੇ ਇੱਕ ਬੁਲਾਰੇ ਨੇ ਜਦੋਂ ਖੜ੍ਹੇ ਹੋ ਕੇ, ਸਪੀਕਰ ਵਿੱਚ ਕਿਹਾ ਕਿ,” ਮੈਂ ਵੀ ਤੁਹਾਡੇ ਨਾਲ ਕੁੱਝ ਗੱਲਾਂ ਕਰਨੀਆਂ ਹਨ” ਤਾਂ ਕਈ ਅਧਿਆਪਕ ਘਬਰਾ ਗਏ ਕਿਉਂਕਿ ਕੁਝ ਅਧਿਆਪਕ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੇ ਸਨ ਤੇ ਕੁਝ ਹਮਦਰਦੀ ਵੀ ਰੱਖਦੇ ਸਨ। ਬੁਲਾਰਾ ਆਪਣੀ ਗੱਲ ਕਹਿ ਗਿਆ ਸੀ। ਕੁਝ ਸਾਥੀ ਉਸ ਦੇ ਵਿਰੋਧ ਵਿੱਚ,ਉੱਥੋਂ ਉੱਠ ਕੇ ਚਲੇ ਗਏ ਸਨ।

ਜਦੋਂ ਪ੍ਰਧਾਨ ਜੀ ਨੂੰ ਇਸ ਘਟਨਾ ਦਾ ਪਤਾ ਲੱਗਿਆ ਉਹ ਨਾਲ ਦੀ ਨਾਲ ਦਲੇਰੀ ਕਰ ਕੇ ਮਾਇਕ ‘ਤੇ ਆਏ, ਉਹਨਾਂ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ,” ਇਹ ਕੋਈ ਰਾਜਨੀਤਿਕ ਪਾਰਟੀ ਦੀ ਸਟੇਜ ਨਹੀਂ। ਏਥੇ ਸਾਰੇ ਵਰਗਾਂ, ਧਰਮਾਂ ਦੇ ਲੋਕ ਹਨ ਤਾਂ ਜਾ ਕੇ ਮਾਹੌਲ ਸ਼ਾਂਤ ਹੋਇਆ। ਸਭ ਨੂੰ ਸ਼ਾਂਤ ਕਰਨ ਤੋਂ ਬਾਅਦ ਭੋਗ ਪੈ ਗਿਆ। ਪ੍ਰਸ਼ਾਦ ਵੰਡਿਆ ਗਿਆ। ਜਦੋਂ ਭੋਗ ਤੋਂ ਬਾਅਦ ਪ੍ਰਧਾਨ ਜੀ ਮੈਨੂੰ ਮਿਲੇ ਤਾਂ ਕਹਿੰਦੇ,”! ਤੂੰ ਅੱਜ ਕਿੱਥੇ ਸੀ ? ਤੂੰ ਸਟੇਜ ਕਿਉਂ ਨਾ ਸੰਭਾਲੀ ? ਮੈਂ ਪ੍ਰਧਾਨ ਜੀ ਨੂੰ ਦੱਸਿਆ ਕਿ ਮੈਂ ਪਿੱਛੇ ਸਿੱਧੂ ਸਾਹਿਬ ਹੋਰਾਂ ਕੋਲ ਹੀ ਬੈਠਾ ਸਾਂ ਕਿਉਂਕਿ ਮੈਂ ਰਹਿਤ ਮਰਿਆਦਾ ਤੋਂ ਕੋਹਾਂ ਦੂਰ ਹਾਂ, ਇਸ ਕਰਕੇ ਮੈਂ ਪਾਠ ਦੀ ਸਟੇਜ ਨਹੀਂ ਸੰਭਾਲੀ।

ਪ੍ਰਧਾਨ ਜੀ ਨੇ ਸਟੇਜ ‘ਤੇ ਹੀ ਸਭ ਦੀ ਤਸੱਲੀ ਕਰਵਾ ਦਿੱਤੀ ਸੀ ਕਿ ਇਸ ਗੱਲ ‘ਤੇ ਇੱਥੇ ਹੀ ਮਿੱਟੀ ਪਾਈ ਜਾਵੇ ਤਾਂ ਜੋ ਕਿਸੇ ਦਾ ਮਨ ਖ਼ਰਾਬ ਨਾ ਹੋਵੇ ਤੇ ਨਾ ਹੀ ਇਸ ਗੱਲ ਨੂੰ ਕਿਸੇ ਚਰਚਾ ‘ਚ ਲਿਆਂਦਾ ਜਾਵੇ। ਬਾਬਾ ਜੀ ਦੀ ਬੀੜ ਅਦਬ ਨਾਲ ਗੁਰੂ ਘਰ ਪਹੁੰਚਾਈ ਗਈ। ਫ਼ੇਰ ਵੀ ਉਸ ਦਿਨ ਦਾ ਵਿਸ਼ਾ ਖਾੜਕੂ ਜਥੇਬੰਦੀ ਦਾ ਬੁਲਾਰਾ ਰਿਹਾ, ਜਿੱਥੇ ਵਿਰੋਧੀ ਵਿਰੋਧ ਕਰਦੇ ਰਹੇ ਉੱਥੇ ਕੁਝ ਉਨ੍ਹਾਂ ਨਾਲ਼, ਹਮਦਰਦੀ ਦੀ ਸੁਰ ਵੀ ਦੇਖਣ ਨੂੰ ਮਿਲੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਗਲੇ ਦਿਨ ਸ੍ਰੀ ਰਮਾਇਣ ਜੀ ਦੇ ਅਖੰਡ ਪਾਠ ਬੜੀ ਸ਼ਰਧਾ ਨਾਲ ਓਸੇ ਸਥਾਨ ਤੇ ਰਖਵਾਏ ਗਏ । ਓਸੇ ਸ਼ਰਧਾ ਨਾਲ ਹੀ ਪ੍ਰਧਾਨ ਜੀ ਤੇ ਵਰਮਾ ਜੀ ਨੇ ਹਵਨ ਕਰਵਾਏ ਤੇ ਸ੍ਰੀ ਰਮਾਇਣ ਜੀ ਦੇ ਭੋਗ ਤੇ ਸ੍ਰੀ ਵਿਸੰਭਰ ਸਹਾਇ ਜੀ ਦਾ ਭਗਤੀ ਨ੍ਰਿਤ ਵੇਖਣ ਯੋਗ ਸੀ।

(ਜਸਪਾਲ ਜੱਸੀ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਆਈਆਂ ਦੀ ਟੀਸ
Next articleਗਲਤ ਪਾਸੇ ਆ ਰਹੀ ਕਾਰ ਨੂੰ ਬਚਾਉਂਦਿਆਂ ਮੋਟਰਸਾਈਕਲ ਟਰੱਕ ਨਾਲ ਟਕਰਾਇਆ ਨੋਜਵਾਨ ਦੀ ਮੋਤ