(ਸਮਾਜ ਵੀਕਲੀ) ਅਜੋਕੇ ਇਕੱਵੀਂ ਸਦੀਂ ਦੇ ਤਕਨਾਲੋਜੀ ਭਰੇ ਦੌਰ ਦੇ ਵਿੱਚ ਭਾਵੇਂ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਇਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੇ ਨਾਲ ਜ਼ਿੰਦਗੀ ਕਾਫੀ ਸੁਖਾਲੀ ਬਣਾ ਲਈ ਹੈ। ਪਰ ਬਹੁਤ ਸਾਰੀਆਂ ਗੱਲਾਂ ਕਰਕੇ ਇਨਸਾਨੀ ਰਿਸ਼ਤਿਆਂ ਦੇ ਵਿੱਚ ਨਿਘਾਰ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸ਼ੋਸ਼ਲ ਮੀਡੀਆਂ ਦੀ ਕੀਤੀ ਜਾ ਰਹੀ ਬੇਲੋੜੀ ਵਰਤੋਂ ਹੈ। ਅੱਜ ਕੱਲ ਪਰਿਵਾਰਾਂ ਦੇ ਵਿੱਚ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਰੁਝਾਨ ਲੱਗਭੱਗ ਖਤਮ ਹੀ ਹੋ ਰਿਹਾ ਹੈ ਜਾਂ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਆਪਣੇ ਸਾਕ ਸੰਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਸਰੀਰਕ ਤੌਰ ਤੇ ਘੱਟ ਹੀ ਮਿਲਦੇ ਹਾਂ, ਕਿਉਂਕਿ ਉਹਨਾਂ ਨਾਲ ਜ਼ਿਆਦਾ ਗੱਲਬਾਤ ਤਾ ਸਾਡੀ ਸ਼ੋਸ਼ਲ ਮੀਡੀਆ ਜਾ ਮੋਬਾਇਲ ਫੋਨ ਤੇ ਹੀ ਹੋ ਜਾਂਦੀ ਹੈ, ਫਿਰ ਸਾਡੇ ਕੋਲ ਉਹਨਾਂ ਕੋਲ ਸਰੀਰਕ ਤੌਰ ਤੇ ਜਾਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਇਸ ਤੋਂ ਇਲਾਵਾ ਜਦੋਂ ਵੀ ਅਸੀਂ ਕੰਮ ਤੋਂ ਸ਼ਾਮ ਨੂੰ ਆਪਣੇ ਘਰ ਜਾਂਦੇ ਹਾਂ ਜਾਂ ਕਦੇ ਵੀ ਆਪਣੇ ਕਿਸੇ ਦੋਸਤ ਜਾਂ ਸਾਕ ਸੰਬੰਧੀ ਨੂੰ ਮਿਲਣ ਜਾਂਦੇ ਹਾਂ ਤਾਂ ਸਾਡਾ ਜਿਆਦਾ ਸਮਾਂ ਤਾਂ ਮੋਬਾਇਲ ਫੋਨ ਤੇ ਹੀ ਬੀਤਦਾ ਹੈ। ਇਹ ਸਭ ਕੰਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਅਸੀਂ ਦਿਨੋ ਦਿਨ ਆਪਣੇ ਰਿਸ਼ਿਤਿਆਂ ਨੂੰ ਜਾਂ ਤਾਂ ਵਿਗਾੜ ਰਹੇ ਹਾਂ ਜਾਂ ਲੱਗਭੱਗ ਖਤਮ ਹੀ ਕਰਦੇ ਜਾ ਰਹੇ ਹਾਂ, ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਮਾਜ ਲਈ ਘਾਤਕ ਸਿੱਧ ਹੋਣਗੇ। ਜਦੋਂ ਤੱਕ ਸਾਨੂੰ ਜਾਗ ਲੱਗੇਗੀ ਜਾਂ ਤਾਂ ਰਿਸ਼ਤੇ ਕਾਫੀ ਹੱਦ ਤੱਕ ਵਿਗੜ ਚੁੱਕੇ ਹੋਣਗੇ ਜਾਂ ਬਿਲਕੁਲ ਹੀ ਖਤਮ ਹੋਣ ਦੀ ਕਗਾਰ ਤੇ ਹੋਣਗੇ। ਜੇ ਸਮਾਂ ਰਹਿੰਦਿਆਂ ਅਸੀਂ ਇਹਨਾਂ ਤੇ ਧਿਆਨ ਨਾ ਦਿੱਤਾ ਤਾਂ ਸਾਡੇ ਕੋਲ ਪਛਤਾਵੇ ਤੋਂ ਹੱਥ ਪੱਲੇ ਕੁੱਝ ਨਹੀਂ ਰਹਿ ਜਾਵੇਗਾ। ਤੁਸੀਂ ਸਾਰੇ ਆਪਣੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਝਾਂਤ ਮਾਰ ਕੇ ਦੇਖੋ ਕਿ ਤੁਸੀਂ ਆਪਣੇ ਕਿਸੇ ਦੋਸਤ ਜਾਂ ਸਾਕ ਸੰਬੰਧੀ ਕੋਲ ਸਰੀਰਕ ਤੌਰ ਤੇ ਕਿੰਨਾ ਕੁ ਜਾਂਦੇ ਹੋ ਅਤੇ ਕਿੰਨੀ ਕੁ ਕਿਸੇ ਨਾਲ ਗੱਲਬਾਤ ਕਰਦੇ ਹੋ। ਇਸ ਤੋਂ ਤੁਹਾਨੂੰ ਆਪਣੇ ਰਿਸ਼ਿਤਿਆਂ ਬਾਰੇ ਸਹਿਜੇ ਹੀ ਅੰਦਾਜਾ ਹੋ ਜਾਵੇਗਾ। ਸੋ ਸਾਨੂੰ ਸਭ ਨੂੰ ਉਪਰੋਕਤ ਗੱਲਾਂ ਬਾਰੇ ਜਾਗਰੂਕ ਹੋਣ ਦੀ ਲੋੜ ਹੈ ਅਤੇ ਸਾਨੂੰ ਆਪਣੇ ਰਿਸ਼ਿਤਿਆਂ ਦੀ ਕਦਰ ਕਰਦੇ ਹੋਏ ਇਹਨਾਂ ਨੂੰ ਸਾਂਭਣਾ ਚਾਹੀਦਾ ਹੈ ਤਾਂ ਕਿ ਅਸੀਂ ਰਿਸ਼ਤਿਆਂ ਨੂੰ ਜਿੰਦਾ ਰੱਖ ਸਕੀਏ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj