ਅੱਖਾਂ ਦੇ ਵਿੱਚ ਰੜਕਦਾ

(ਸਮਾਜ ਵੀਕਲੀ)

ਅੱਖਾਂ ਦੇ ਵਿੱਚ ਰੜਕਦਾ , ਮਿੱਤਰੋ ਫੇਰ ਪੰਜਾਬ,
ਸਬਕ ਸਿੱਖ ਇਤਿਹਾਸ ਤੋਂ , ਪੂਰੇ ਕਰਨੇ ਖ਼ੁਆਬ।

ਬਚੇ ਖੁਚੇ ਪੰਜਾਬ ਦੀ , ਰਹਿਜੇ ਸਿੱਧੀ ਧੌਣ,
ਪਛਤਾਵੇ ਦੀ ਪੀੜ ਤੋਂ , ਹੁਣ ਬਚਾਊ ਕੌਣ।

ਫਿਰਕੂ ਲਾਂਬੂ ਲਾਉਣ ਨੂੰ , ਹਾਕਮ ਫੇਰ ਤਿਆਰ ,
ਚਾਹੁੰਦਾ ਰੋਟੀ ਸੇਕਣੀ , ਰਿਹਾ ਛੜੱਪੇ ਮਾਰ।

ਹਿੰਦੂ ਸਿੱਖ ਵਿੱਚ ਜ਼ਹਿਰ ਦੀ, ਪਾਣ ਰਿਹਾ ਉਹ ਚਾੜ ,
ਗੁੱਝੀਆਂ ਰਮਜ਼ਾਂ ਨਾਲ਼ ਏ , ਲੱਭਦਾ ਫਿਰੇ ਦਰਾੜ ।

ਵਰਤਣ ਧਰਮੀ ਪੌੜੀਆਂ, ਸੱਤਾ ਦੇ ਇਹ ਦਲਾਲ ,
ਅਣਖ ਅਖੌਤੀ ਪਾਲਦੇ , ਮਨ ਦੇ ਲੋਕ ਚੰਡਾਲ ।

ਆਪਣੇ ਹੱਥੀਂ ਆਪਣਿਆਂ, ਖ਼ੁਦ ਹੀ ਕੀਤਾ ਘਾਣ ,
ਰੱਖਿਓ ਯਾਦ ਅਤੀਤ ਨੂੰ , ਮੱਚਿਆ ਸੀ ਘਮਸਾਨ।

ਬੱਚਿਓ ਜ਼ਹਿਰੀ ਡੰਗ ਤੋਂ , ਮੁੜ ਨਾ ਵੰਡੀਆਂ ਪੈਣ ,
ਸੋਗ ਦੇ ਬੱਦਲ਼ ਵਰਨ ਨਾ , ਸੁਣਨ ਨਾ ਕਿਧਰੇ ਲੈਣ ।

ਜਦ ਵੀ ਮੂੰਹ ਨੇ ਖੋਲ੍ਹਦੇ , ਬੋਲਣ ਊਲ ਜਲੂਲ ,
ਛੇਤੀ ਮੰਗਣ ਮਾਫੀ਼ਆਂ , ਮਸਲਾ ਫੜਦਾ ਤੂਲ ।

ਅਫ਼ਰਾ ਤਫਰੀ ਦੌਰ ਚੋਂ , ਮੌਕਾ ਲਓ ਪਛਾਣ ,
ਬਦਲੇ ਖੋ਼ਰੀ ਭਾਵਨਾ , ਕਰਦੀ ਬਹੁਤ ਨੁਕਸਾਨ।

ਨਫ਼ਰਤ ਦੇ ਵਣਜਾਰਿਆ , ਦੇਖ ਦਰਦ ਸੁਣ ਪੀੜ ,
ਬੇਮੁੱਖ ਹੋਣ ਹਕੂਮਤਾਂ , ਪੈ ਜਾਂਦੀ ਜਦ ਭੀੜ ।

ਰਜਿੰਦਰ ਸਿੰਘ ਰਾਜਨ
98761 84954

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ ਵਿੱਚ ਕੁਝ ਅਲੱਗ ਕਰਨ ਅਤੇ ਸਹੀ ਤੇ ਅਲੱਗ ਫ਼ੈਸਲੇ ਲੈਣ ਦੀ ਹਿੰਮਤ ਹੋਣਾ ਜ਼ਰੂਰੀ…
Next articleਗੀਤ