ਫਰੀਦਕੋਟ (ਸਮਾਜ ਵੀਕਲੀ): ਪੰਜਾਬ ਸਰਕਾਰ ਬਿਨਾਂ ਕੋਈ ਪੈਸੇ ਖਰਚਿਆਂ ਫ਼ਰੀਦਕੋਟ ਜ਼ਿਲ੍ਹੇ ਦੇ 85 ਸਮਾਰਟ ਸਕੂਲਾਂ ਨੂੰ ਵਿਲੱਖਣ ਦਿੱਖ ਵਾਲਾ ਬਣਾਉਣਾ ਚਾਹੁੰਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ 85 ਦੇ ਕਰੀਬ ਸਮਾਰਟ ਸਕੂਲ ਹਨ, ਜਿਨ੍ਹਾਂ ਵਿੱਚ ਸਟਾਫ ਰੂਮਜ਼ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ ਅਤੇ ਬਹੁਤੇ ਸਟਾਫ ਲਈ ਵਰਤਣਯੋਗ ਵੀ ਨਹੀਂ ਹਨ। ਇਸ ਕਰਕੇ ਸਕੂਲ ਪ੍ਰਬੰਧਕੀ ਅਤੇ ਸਿੱਖਿਆ ਕਾਰਜ ਪ੍ਰਭਾਵਿਤ ਹੋ ਰਹੇ ਹਨ।
ਸਿੱਖਿਆ ਵਿਭਾਗ ਪੰਜਾਬ ਨੇ ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਕਿ ਸਮਾਰਟ ਸਕੂਲਾਂ ਵਿੱਚ ਸਟਾਫ ਰੂਮਾਂ ਨੂੰ ਆਕਰਸ਼ਕ ਦਿੱਖ ਦਿੱਤੀ ਜਾਵੇ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਆਕਰਸ਼ਿਤ ਦਿੱਖ ਬਣਾਉਣ ਲਈ ਹਰੇਕ ਸਮਾਰਟ ਸਕੂਲ ਨੂੰ ਸਿਰਫ਼ 3000 ਰੁਪਏ ਫੰਡ ਦੇਣਗੇ, ਜਦਕਿ ਲੋੜ ਅਨੁਸਾਰ ਬਾਕੀ ਫੰਡਾਂ ਦਾ ਪ੍ਰਬੰਧ ਸਕੂਲ ਮੁਖੀਆਂ ਵੱਲੋਂ ਆਪਣੇ ਪੱਧਰ ’ਤੇ ਕਰਨਾ ਹੋਵੇਗਾ। ਸਰਕਾਰ ਦੀ ਇਸ ਨੀਤੀ ਤਹਿਤ ਇਸ ਰਾਸ਼ੀ ਨਾਲ ਸਮਾਰਟ ਸਕੂਲਾਂ ਤੇ ਸਟਾਫ ਰੂਮਾਂ ਵਿੱਚ ਫਰਨੀਚਰ, ਖਿੜਕੀਆਂ, ਦਰਵਾਜ਼ਿਆਂ ’ਤੇ ਪੇਂਟ, ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਵਾਉਣ, ਸਟਾਫ਼ ਦੇ ਜ਼ਰੂਰੀ ਸਾਮਾਨ ਲਈ ਰੈਕ ਅਤੇ ਅਲਮਾਰੀਆਂ ਦੀ ਸੁਵਿਧਾ, ਬਿਜਲੀ ਪ੍ਰਬੰਧ ਆਦਿ ਕੀਤੇ ਜਾਣਗੇ।
ਸਿੱਖਿਆ ਵਿਭਾਗ ਨੇ ਜ਼ਿਲ੍ਹੇ ਦੇ 85 ਸਮਾਰਟ ਸਕੂਲਾਂ ਲਈ 2.55 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ। ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੇ 85 ਸਕੂਲਾਂ ਵਿੱਚ ਖੂਬਸੂਰਤ ਸਟਾਫ ਰੂਮ ਬਣਾਏ ਜਾਣੇ ਹਨ ਅਤੇ ਇਸ ਲਈ ਸਿੱਖਿਆ ਵਿਭਾਗ ਸਿਰਫ਼ ਪ੍ਰਤੀ ਸਕੂਲ 3000 ਰੁਪਏ ਦੇਵੇਗਾ।
ਪੰਜਾਬ ਸਰਕਾਰ ਲੋਕਾਂ ਤੋਂ ਲੁਕਾ ਰਹੀ ਹੈ ਸੱਚਾਈ: ਅਧਿਆਪਕ ਆਗੂ
ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਜੇ ਅਧਿਆਪਕਾਂ ਨੇ ਆਪਣੇ ਸਰੋਤਾਂ ਤੋਂ ਪੈਸੇ ਖਰਚ ਕੇ ਸਮਾਰਟ ਸਕੂਲਾਂ ਦਾ ਵਿਕਾਸ ਕਰਨਾ ਹੈ ਤਾਂ ਪੰਜਾਬ ਸਰਕਾਰ ਸਮਾਰਟ ਸਕੂਲ ਬਣਾਉਣ ਦਾ ਦਾਅਵਾ ਕਿਵੇਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲਾਂ ਦੀ ਸੱਚਾਈ ਪੰਜਾਬ ਸਰਕਾਰ ਲੋਕਾਂ ਤੋਂ ਛੁਪਾ ਰਹੀ ਹੈ ਅਤੇ ਅਸਲ ਵਿੱਚ ਸਮਾਰਟ ਸਕੂਲਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਕੁਝ ਵੀ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly