(ਸਮਾਜ ਵੀਕਲੀ) ਮੈਂ ਖ਼ੁਦ ਨਵੰਬਰ 1973 ਤੋਂ ਅਪ੍ਰੈਲ 2013 ਤੱਕ ਸਰਕਾਰੀ ਸਕੂਲ ਅਧਿਆਪਕ ਰਿਹਾ ਹਾਂ । ਪੰਜ ਸਕੂਲਾਂ ਵਿੱਚ ਸੇਵਾ ਨਿਭਾ ਕੇ ਓਸੇ ਭਸੌੜ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ‘ਤੋਂ ਸੇਵਾ ਮੁਕਤ ਹੋਇਆ ਹਾਂ ਜਿਸ ਵਿੱਚ ਕਦੇ ਆਪ ਪੜ੍ਹਿਆ ਸੀ । ਅਜੇ ਤੱਕ ਵੀ ਜਦੋਂ ਕੋਈ ਵਿਦਿਆਰਥੀ ਮਿਲਦਾ ਹੈ ਗੋਡੀਂ ਹੱਥ ਲਾ ਕੇ ਸਤਿਕਾਰ ਦਿੰਦਾ ਹੈ । ਏਨਾਂ ਹੀ ਨਹੀਂ ਕਈ ਤਾਂ ਘਰੇਂ ਆ ਕੇ ਮਿਲ ਕੇ ਜਾਂਦੇ ਹਨ , ਆਪਣੀਆਂ ਖ਼ੁਸ਼ੀਆਂ ਗ਼ਮੀਆਂ ਵਿੱਚ ਵੀ ਬੁਲਾਉਂਦੇ ਹਨ ਕਿਉਂਕਿ ਸਿਲੇਬਸ ਦੀ ਕਿਤਾਬੀ ਸਿੱਖਿਆ ਤੋਂ ਇਲਾਵਾ ਨੈਤਿਕ ਸਿੱਖਿਆ ਮੁੱਠੀਆਂ ਭਰ ਭਰ ਵੰਡੀ ਸੀ , ਵਿਦਿਆਰਥੀਆਂ ਨੂੰ ਸਾਹਿਤ , ਸੱਭਿਆਚਾਰ ਅਤੇ ਕਲਾਤਮਿਕ ਗਤੀਵਿਧੀਆਂ ਨਾਲ਼ ਜੋੜਦੇ ਰਹੇ ਹਾਂ । ਵਿਦਿਆਰਥੀਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਸਮਝਦੇ ਰਹੇ ਹਾਂ , ਹੁਸ਼ਿਆਰ ਬੱਚਿਆਂ ਦੇ ਮਾਪਿਆਂ ਨਾਲ਼ ਵੀ ਸੰਪਰਕ ਰੱਖੀਂਦਾ ਸੀ । ਸਾਡੇ ਸਮਿਆਂ ਦੇ ਬਹੁ ਗਿਣਤੀ ਅਧਿਆਪਕਾਂ ਦਾ ਵੀ ਇਹੋ ਰੁਝਾਨ ਸੀ । ਅੱਜ ਕੱਲ੍ਹ ਬਹੁਤੇ ਜਾਣਕਾਰਾਂ ਵੱਲੋਂ ਇੱਕੋ ਸਵਾਲ ਵਾਰ ਵਾਰ ਕੀਤਾ ਜਾਂਦਾ ਹੈ ਕਿ ਹੁਣ ਪਹਿਲਾਂ ਵਰਗੇ ਅਧਿਆਪਕ ਅਤੇ ਵਿਦਿਆਰਥੀ ਨਹੀਂ ਰਹੇ । ਨੰਬਰ 90 ਫ਼ੀਸਦੀ ਤੋਂ ਵੀ ਉੱਪਰ ਅਸਲ ਗਿਆਨ ਨੇੜੇ ਤੇੜੇ ਵੀ ਨਹੀਂ ਤਾਂ ਮੇਰਾ ਇੱਕੋ ਜਵਾਬ ਹੁੰਦਾ ਹੈ ਕਿ ਇਸ ਦੇ ਕਾਰਨ ਤਾਂ ਭਾਵੇਂ ਅਨੇਕਾਂ ਹੋ ਸਕਦੇ ਹਨ ਪ੍ਰੰਤੂ ਮੈਨੂੰ ਸਭ ਤੋਂ ਮੁੱਢਲਾ ਅਤੇ ਵੱਡਾ ਕਾਰਨ ਇਹ ਜਾਪਦਾ ਹੈ ਕਿ ਪਹਿਲਾਂ ਅਧਿਆਪਕ ਸਿਰਫ਼ ਉਹ ਵਿਅਕਤੀ ਬਣਦਾ ਸੀ ਜਿਸ ਦੀ ਆਪਣੀ ਰੁਚੀ ਹੁੰਦੀ ਸੀ , ਜੋ ਇਸ ਨੂੰ ਨੌਕਰੀ ਘੱਟ ਸਗੋਂ ਸੇਵਾ ਸਮਝ ਕੇ ਅਪਣਾਉਂਦਾ ਸੀ , ਲੇਕਿਨ ਬਾਅਦ ਵਿੱਚ ਇਸ ਤਰ੍ਹਾਂ ਨਹੀਂ ਰਿਹਾ ।
ਪਦਾਰਥਵਾਦ ਭਾਰੂ ਹੋਣ ਤੋਂ ਬਾਅਦ ਅਸੀਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਨਸਿਕ ਤੌਰ ‘ਤੇ ਇਸ ਤਰ੍ਹਾਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਤੂੰ ਡਾਕਟਰ , ਇੰਜਨੀਅਰ , ਆਈ ਏ ਐੱਸ , ਪੀ ਸੀ ਐੱਸ , ਆਈ ਪੀ ਐੱਸ ਜਾਂ ਪੀ ਪੀ ਐੱਸ ਬਣਨਾ ਹੈ ਜਾਂ ਫ਼ਿਰ ਜੇਕਰ ਛੋਟਾ ਕਰਮਚਾਰੀ ਵੀ ਬਣਨਾ ਪਿਆ ਤਾਂ ਕਿਸੇ ਅਜਿਹੇ ਮਹਿਕਮੇ ਵਿੱਚ ਜਾਣਾ ਹੈ ਜਿੱਥੇ ਉੱਪਰਲੀ ਕਮਾਈ ਤਨਖਾਹ ਨਾਲ਼ੋਂ ਵੀ ਜ਼ਿਆਦਾ ਹੋਵੇ । ਜਦੋਂ ਵੱਡਾ ਹੋ ਕੇ ਕੋਈ ਧੀ ਪੁੱਤ ਇਹਨਾਂ ਵਿੱਚੋਂ ਕੁੱਝ ਵੀ ਨਹੀਂ ਬਣ ਸਕਦਾ ਤਾਂ ਮਾਪੇ ਉਸ ਨੂੰ ਕਹਿੰਦੇ ਹਨ ਕਿ ਹੁਣ ਤੂੰ ਬੀ.ਐੱਡ ਕਰ ਲੈ । ਸਰਕਾਰੀ ਨੌਕਰੀ ਨਾ ਵੀ ਮਿਲੀ ਤਾਂ ਪ੍ਰਾਈਵੇਟ ਸਹੀ ਜਾਂ ਫ਼ਿਰ ਟਿਊਸ਼ਨ ਤਾਂ ਮਿਲ ਹੀ ਜਾਊਗੀ । ਹੁਣ ਤੁਸੀਂ ਹੀ ਦੱਸੋ ਕਿ ਜਿਹੜਾ ਵਿਅਕਤੀ ਅਣਮੰਨੇ ਮਨ ਨਾਲ਼ ਅਧਿਆਪਕ ਬਣਿਆਂ ਹੋਵੇਗਾ ਉਹ ਆਪਣੇ ਕੰਮ ਅਤੇ ਫ਼ਰਜ਼ ਨਾਲ਼ ਕਿੰਨਾਂ ਕੁ ਇਨਸਾਫ਼ ਕਰ ਸਕੇਗਾ । ਇਸ ਗੱਲ ਦਾ ਅਸਰ ਵਿਦਿਆਰਥੀਆਂ ਉੱਪਰ ਵੀ ਸਾਫ਼ ਨਜ਼ਰ ਆਉਂਦਾ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਅਧਿਆਪਕ ਦਿਵਸ ‘ਤੇ ਭਾਈਚਾਰੇ ਤੋਂ ਮੁਆਫ਼ੀ ਮੰਗਦਿਆਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



