(ਸਮਾਜ ਵੀਕਲੀ)
ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਪ੍ਰਾਚੀਨ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ। ਉਸ ਸਮੇਂ ਵਿੱਚ ਵੀ ਅਧਿਆਪਕ ਨੂੰ ਗੁਰੂ ਕਿਹਾ ਜਾਂਦਾ ਸੀ ਤੇ ਅੱਜ ਵੀ । ਬੇਸ਼ੱਕ ਅਜੋਕੇ ਸਮੇਂ ਵਿੱਚ ਇਸ ਰਿਸ਼ਤੇ ਵਿੱਚ ਪਰਿਵਰਤਨ ਦੇਖਣ ਨੂੰ ਮਿਲਦਾ ਹੈ ਪਰ ਹੁਣ ਵੀ ਇਕ ਆਦਰਸ਼ ਅਤੇ ਚੰਗੇ ਅਧਿਆਪਕ ਗੁਰੂ ਦੀ ਹੈਸਿਅਤ ਰੱਖਦੇ ਹਨ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬੜਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਕੋਈ ਵੀ ਇਨਸਾਨ ਆਪਣੇ ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਹਰ ਇਨਸਾਨ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਇਕ ਉਸਤਾਦ ਦੀ ਜ਼ਰੂਰਤ ਹੁੰਦੀ ਹੈ ਜੋ ਉਸਨੂੰ ਸੱਚੇ ਦਿਲੋਂ ਵਿੱਦਿਆ ਦਾ ਗਿਆਨ ਦੇ ਸਕੇ। ਇਕ ਅਧਿਆਪਕ ਅਜਿਹਾ ਬਖ਼ੂਬੀ ਕਰ ਸਕਦਾ ਹੈ।
‘ ਅਧਿਆਪਕ ‘ ਸ਼ਬਦ ਦਿਮਾਗ ਵਿੱਚ ਆਉਂਦੇ ਹੀ ਇਕ ਸੁਲਝੇ ਹੋਏ ਵਿਚਾਰਾਂ ਨਾਲ ਗੰਢਿਆ ਤੇ ਸਿਆਣਾ ਵਿਅਕਤੀ ਸਾਹਮਣੇ ਨਜ਼ਰ ਆਉਂਦਾ ਹੈ। ਅਧਿਆਪਕਾਂ ਕੋਲ ਉਹ ਅਨੁਭਵ ਹੁੰਦਾ ਹੈ ਜਿਸ ਤੋਂ ਸੇਧ ਲੈ ਕੇ ਵਿਦਿਆਰਥੀ ਜੀਵਨ ਪੱਖ ਦੇ ਕਠਿਨ ਮੋੜ’ ਤੇ ਸਹੀ ਫ਼ੈਸਲਾ ਕਰ ਸਕਦਾ ਹੈ।
ਜੇਕਰ ਕੋਈ ਬੱਚਾ ਚੰਗਾ ਨਾਗਰਿਕ, ਚੰਗਾ ਇਨਸਾਨ ਜਾਂ ਜਿੰਦਗੀ ਵਿੱਚ ਕੁਝ ਵੀ ਬਣਨਾ ਚਾਹੁੰਦਾ ਹੋਵੇ ਤਾਂ ਉਸਨੂੰ ਲੋੜ ਹੁੰਦੀ ਹੈ ਚੰਗੀ ਸਿੱਖਿਆ ਦੀ, ਗਿਆਨ ਦੀ ਤੇ ਇਹ ਸਿੱਖਿਆ ਬੱਚਾ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇਕਰ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਚੰਗਾ ਹੋਵੇਗਾ। ਅਧਿਆਪਕ ਵਿਦਿਆਰਥੀ ਦਾ ਰਿਸ਼ਤਾ ਗੱਡੀ ਦੇ ਦੋ ਪਹੀਏ ਵਾਂਗ ਹੈ ਜਿਨ੍ਹਾਂ ਦੇ ਬਰਾਬਰ ਚੱਲਣ ਨਾਲ ਹੀ ਇਹ ਰਿਸ਼ਤਾ ਕਾਇਮ ਰਹਿ ਸਕਦਾ ਹੈ। ਦੋਹਾਂ ਨੂੰ ਹੀ ਆਪਣੇ ਅਧਿਕਾਰਾਂ ਤੇ ਕਰਤੱਵਾਂ ਦੀ ਠੀਕ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ।
ਅਧਿਆਪਕ ਕੌਮ ਦਾ ਨਿਰਮਾਤਾ ਹੈ ਇਸ ਦਾ ਰੁਤਬਾ ਸਭ ਤੋਂ ਮਹਾਨ ਹੈ। ਇਕ ਇੰਜੀਨੀਅਰ ਵੱਡੀਆਂ-ਵੱਡੀਆਂ ਇਮਾਰਤਾਂ ਖੜ੍ਹੀਆਂ ਕਰਦਾ ਹੈ, ਡਾਕਟਰ ਜਿੰਦਗੀਆਂ ਬਚਾਉਂਦਾ ਹੈ ਪਰ ਇਕ ਅਧਿਆਪਕ ਹੀ ਹੈ ਜੋ ਇੰਜੀਨੀਅਰ ਤੇ ਡਾਕਟਰ ਪੈਦਾ ਕਰਦਾ ਹੈ। ਸੋ ਸਾਨੂੰ ਸਭ ਨੂੰ ਆਪਣੇ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਹਾਂ ਤੇ ਚੰਗੇ ਨਾਗਰਿਕ ਬਣਾਉਣ ਵਿੱਚ ਸਾਡਾ ਸਭ ਤੋਂ ਵੱਧ ਯੋਗਦਾਨ ਹੈ।
ਜਿਸ ਤਰ੍ਹਾਂ ਸੂਰਜ ਸਭ ਨੂੰ ਰੋਸ਼ਨੀ ਦਿੰਦਾ ਹੈ ਅਤੇ ਚੰਦਰਮਾ ਆਪਣੀ ਚਾਂਦਨੀ ਨੂੰ ਪ੍ਰਕਾਸ਼ਿਤ ਕਰਦਾ ਹੈ ਤੇ ਬੱਦਲ ਬਿਨਾਂ ਕਿਸੇ ਦੇ ਕਹੇ ਸਭ ਨੂੰ ਪਾਣੀ ਦਿੰਦਾ ਹੈ ਉਸੇ ਤਰ੍ਹਾਂ ਆਓ ਅਸੀਂ ਵੀ ਸਾਰੇ ਬਿਨ੍ਹਾਂ ਕਿਸੇ ਦੇ ਕਹੇ ਵਿਦਿਆਰਥੀਆਂ ਦੀ ਮਦਦ ਕਰੀਏ ਤੇ ਗੁਰੂ ਤੇ ਸ਼ਿਸ਼ ਵਾਲੇ ਰਿਸ਼ਤੇ ਨੂੰ ਬਰਕਰਾਰ ਰੱਖੀਏ।
ਨੀਟਾ ਭਾਟੀਆ
ਪੰਜਾਬੀ ਮਿਸਟ੍ਰੈਸ
ਸਰਕਾਰੀ ਕੰਨਿਆਂ ਸੀ:ਸੈ:ਸਕੂਲ
ਕੈਂਪ ਬਟਾਲਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly