(ਸਮਾਜ ਵੀਕਲੀ)
ਨਿੱਕੀਆਂ ਨਿੱਕੀਆਂ ਕਰੂੰਬਲਾਂ ਨੂੰ
ਜੋ ਸੰਘਣੇ ਰੁੱਖ ਬਣਾ ਦੇਵੇ
ਕੱਚੀ ਮਿੱਟੀ ਨੂੰ ਵਿੱਚ ਢਾਲ ਸਾਂਚੇ ਦੇ
ਸ਼ਖ਼ਸੀਅਤ ਦੀ ਉਸਾਰੀ ਕਰ ਦੇਵੇ
ਬਣ ਕੇ ਮਾਰਗਦਰਸ਼ਕ ਬਣ ਉਹ
ਮਿੱਟੀ ਨੂੰ ਸੋਨਾ ਬਣਾ ਦੇਵੇ
ਨਹੀਂ ਹਨ ਸ਼ਬਦ ਮੇਰੇ ਕੋਲ
ਸਿਫ਼ਤ ਤੇਰੀ ਕਰਾਂ ਮੈਂ ਕਿਸ ਕਦਰ
ਵਿੰਗੇ ਟੇਡੇ ਰਸਤਿਆਂ ਤੇ ਵੀ
ਤੁਰਨਾ ਸਿਖਾ ਦੇਵੇ
ਮੁਰਝਾਏ ਬੂਟਿਆਂ ਵਿੱਚ ਪਾ ਪਾਣੀ
ਉਹ ਰੰਗ ਬਿਰੰਗੇ ਫੁੱਲਾਂ ਦਾ
ਗੁਲਦਸਤਾ ਸਜਾ ਦੇਵੇ
ਕਦੇ ਬਣ ਕੇ ਮਲਾਹ ਬੇੜੀ ਦਾ
ਮੰਜਿਲ ਕੰਢੇ ਪਹੁੰਚਾ ਦੇਵੇ
ਵਿੱਦਿਆ ਦਾ ਕਰੇ ਪ੍ਰਸਾਰ
ਹਰ ਪਾਸੇ ਚਾਨਣ ਖਿੜਾ ਦੇਵੇ
ਸਿਖਾ ਕੇ ਮੰਤ੍ਰ ਜੀਵਨ ਦੇ
ਜੀਵਨ ਉੱਚਾ ਸੁੱਚਾ ਬਣਾ ਦੇਵੇ
ਤੇਰੀ ਇੱਜ਼ਤ ਵਿੱਚ ਹੀ ਛੁਪਿਆ ਹੈ
ਰਾਜ ਤਰੱਕੀ ਦਾ
ਖ਼ਜ਼ਾਨਾ ਆਪਣੀ ਵਿੱਦਿਆ ਦਾ
ਭਰ ਭਰ ਝੋਲੀਆਂ ਲੁੱਟਾ ਦੇਵੇ
ਕਦੇ ਦੇ ਦੇ ਕੇ ਹੱਲਾਸ਼ੇਰੀਆਂ
ਕਮਜ਼ੋਰ ਨੂੰ ਬਹਾਦਰ ਬਣਾ ਦੇਵੇ
ਖਲੋ ਕੇ ਇੱਕ ਮੰਜਿਲ ਤੇ ਤੂੰ
ਭਾਂਤ ਭਾਂਤ ਦੇ ਬੂਟੇ ਖਿੜਾ ਦੇਵੇ
ਅਮਰਜੀਤ ਕੌਰ ਮਾਨਸਾ