(ਸਮਾਜ ਵੀਕਲੀ) ਚਾਹ ਅਤੇ ਬਿਸਕੁਟ ਦਾ ਬਹੁਤ ਪੁਰਾਣਾ ਨਾਤਾ ਹੈ। ਮੈਨੂੰ ਤਾਂ ਇੰਜ ਲਗਦਾ ਹੈ ਜਿਵੇਂ ਬਿਸਕੁਟ ਦਾ ਜਨਮ ਹੀ ਚਾਹ ਨਾਲ ਖਾਣ ਲਈ ਹੋਇਆ ਹੋਵੇ। ਜੇ ਚਾਹ ਦੀ ਉਮਰ ਬਿਸਕੁਟ ਨਾਲੋਂ ਛੋਟੀ ਹੈ ਤਾਂ ਫਿਰ ਇਹ ਦੁੱਧ ਨਾਲ ਖਾਂਦੇ ਹੋਣਗੇ। ਕਈ ਸੱਜਣ ਹਾਲਾਤ ਮੁਤਾਬਕ ਇਕੱਲੇ ਬਿਸਕੁਟ ਵੀ ਖਾਂਦੇ ਹਨ। ਉਹ ਅਲੱਗ ਮਜਬੂਰੀ ਹੋ ਸਕਦੀ ਹੈ। ਬਿਸਕੁਟ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ।
ਮੈਂ ਆਪਣੇ ਬਚਪਨ ਦੀ ਗੱਲ ਕਰਦਾ ਹਾਂ। ਮੈਂ 1960 ਮਾਡਲ ਹਾਂ। ਸਾਡੇ ਵੇਲਿਆਂ ਵਿੱਚ ਹੱਟੀ ਤੋਂ ਦੇਸੀ ਜਿਹੇ ਬਿਸਕੁਟ ਮਿਲਦੇ ਸਨ ਜਿਨ੍ਹਾਂ ਵਿੱਚ ਘਿਓ ਨਾ ਮਾਤਰ ਹੁੰਦਾ ਸੀ ਤੇ ਆਟਾ ਵੀ ਬਹੁਤ ਘੱਟ। ਪ੍ਰੰਤੂ ਕਿਸੇ ਰਿਸ਼ਤੇਦਾਰ ਦੇ ਆਉਣ ਤੇ ਡਾਲੀਮਾ ਦਾ ਇੱਕ ਰੁਪਏ ਵਾਲਾ ਗੁਲੂਕੋਜ਼ ਦੇ ਬਿਸਕੁਟਾਂ ਦਾ ਪੈਕਟ ਲਿਆਂਦਾ ਜਾਂਦਾ ਸੀ। ਅੱਧੇ ਆਇਆ ਗਿਆ ਮਹਿਮਾਨ ਖਾਂਦਾ ਸੀ ਬਾਕੀ ਮਹਿਮਾਨ ਦੇ ਜਾਣ ਤੋਂ ਬਾਅਦ ਮੇਰੇ ਵਰਗੇ ਜੁਆਕਾਂ ਨੂੰ ਵਰਤਾਏ ਜਾਂਦੇ ਸਨ। ਕਈ ਵਾਰੀ ਪਾਪਾ ਜੀ ਕਿਸੇ ਹੋਰ ਮਹਿੰਗੇ ਬ੍ਰਾਂਡ ਦੇ ਜਾਂ ਕਰੀਮ ਵਾਲੇ ਬਿਸਕੁਟਾਂ ਦਾ ਇੱਕ ਅੱਧਾ ਪੈਕਟ ਸਹਿਰੋਂ ਲਿਆਉਂਦੇ। ਪ੍ਰੰਤੂ ਉਹ ਪੈਕਟ ਕਈ ਕਈ ਦਿਨ ਕਿਸੇ ਚੰਗੇ ਮਹਿਮਾਨ ਦੇ ਆਉਣ ਦੀ ਉਡੀਕ ਵਿੱਚ ਪਿਆ ਰਹਿੰਦਾ। ਡਾਲੀਮਾ ਦੇ ਗੁਲਕੋਜ਼ ਤੋਂ ਇਲਾਵਾ ਹੋਰ ਕਿਸੇ ਕਿਸਮ ਦਾ ਬਿਸਕੁਟ ਮੈਂ ਬਹੁਤ ਘੱਟ ਹੀ ਖਾਧਾ ਹੋਵੇਗਾ।
ਸਾਲ ਵਿੱਚ ਇੱਕ ਅੱਧੇ ਵਾਰੀ ਅਸੀਂ ਸ਼ਹਿਰ ਵਿਚਲੀ ਭੱਠ ਤੋਂ ਦੇਸੀ ਬਿਸਕੁਟ ਬਨਵਾਕੇ ਲਿਆਉਂਦੇ। ਫਿਰ ਪੰਦਰਾਂ ਕੁ ਦਿਨ ਘਰੇ ਬਿਸਕੁਟਾਂ ਦਾ ਖੁੱਲ੍ਹਾ ਭੰਡਾਰਾ ਚੱਲਦਾ। ਉਦੋਂ ਬਜ਼ਾਰੀ ਬਿਸਕੁਟਾਂ ਦੀਆਂ ਕਿਸਮਾਂ ਬਹੁਤ ਹੀ ਸੀਮਤ ਹੁੰਦੀਆਂ ਸਨ। ਅੱਜ ਕੱਲ੍ਹ ਤਾਂ ਕਿਸਾਨਾਂ ਯੂਨੀਅਨਾਂ ਦੀ ਗਿਣਤੀ ਵਾੰਗੂ ਇਹਨਾਂ ਦੀਆਂ ਕੰਪਨੀਆਂ ਤੇ ਵਿਰਾਇਤੀਆਂ ਅਣਗਿਣਤ ਹਨ।
ਬਿਸਕੁਟ ਨੂੰ ਦੁੱਧ ਚਾਹ ਵਿੱਚ ਡਬੋਕੇ ਖਾਣ ਦਾ ਅਲੱਗ ਹੀ ਸੁਆਦ ਹੈ ਤੇ ਰਿਵਾਜ਼ ਵੀ। ਪ੍ਰੰਤੂ ਪੜ੍ਹੇ ਲਿਖੇ ਸਭਿਅਕ ਲੋਕ ਇਸਨੂੰ ਅਸਭਿਅਕ ਮੰਨਦੇ ਹਨ। ਅਦਬੀ ਗਲਿਆਰਿਆਂ ਵਿੱਚ ਇਸ ਨੂੰ ਸਿਸਟਾਚਾਰ ਦੇ ਖਿਲਾਫ ਮੰਨਿਆ ਜਾਂਦਾ ਹੈ। ਪ੍ਰੰਤੂ ਇਕੱਲਾ ਬਿਸਕੁਟ ਚਬਾਉਣ ਵੇਲੇ ਵੀ ਮੂੰਹ ਚੋਂ ਕਚਰ ਕਚਰ ਦੀ ਆਵਾਜ਼ ਆਉਂਦੀ ਹੈ ਖਾਣ ਵੇਲੇ ਮੂੰਹ ਚੌ ਆਵਾਜ਼ ਆਉਣ ਨੂੰ ਵੀ ਮਰਿਆਦਾ ਦੇ ਖਿਲਾਫ ਸਮਝਿਆ ਜਾਂਦਾ ਹੈ। ਖਾਣ ਵੇਲੇ ਮੂੰਹ ਚੋਂ ਆਵਾਜ਼ ਕਰਨ ਵਾਲੇ ਨੂੰ ਗੰਵਾਰ ਪੇਂਡੂ ਜਿਹੇ ਸ਼ਬਦਾਂ ਨਾਲ ਨਿਵਾਜਿਆ ਜਾਂਦਾ ਹੈ। ਪ੍ਰੰਤੂ ਜੋ ਮਜ਼ਾ ਸੜੂਕਾ ਮਾਰਕੇ ਬਾਟੀ ਵਾਲੀ ਚਾਹ ਪੀਣ ਵਿੱਚ ਆਉਂਦਾ ਉਹ ਮਜ਼ਾ ਕੱਪੀਆਂ ਵਿੱਚ ਚਾਹ ਪੀਣ ਵਿੱਚ ਕਿੱਥੇ।
ਬਿਸਕੁਟ ਤੋਂ ਬਿਸਕਿਟਸ ਤੇ ਫਿਰ ਇਹ ਕੂਕੀਜ਼ ਹੋ ਗਏ। ਹੋਰ ਵੀ ਬਥੇਰੇ ਨਾਮ ਹੋਣਗੇ ਇਹ੍ਹਨਾਂ ਦੇ। ਸਾਡੇ ਵੇਲਿਆਂ ਵਿੱਚ ਬਿਸਕੁਟਾਂ ਨਾਲ ਚਾਹ ਪਿਆਉਣੀ ਬਹੁਤ ਵੱਡੀ ਗੱਲ ਸਮਝੀ ਜਾਂਦੀ ਸੀ। ਟੀ ਪਾਰਟੀ ਵਰਗੇ ਸ਼ਾਹੀ ਸਮਾਗਮਾਂ ਦੀ ਸ਼ਾਨ ਹੁੰਦੇ ਸਨ ਇਹ ਬਿਸਕੁਟ।
ਹੁਣ ਸਵਾਲ ਇਹ ਉਠਦਾ ਹੈ ਕਿ ਚਾਹ ਦੇ ਕੱਪ ਨਾਲ ਕਿੰਨੇ ਬਿਸਕੁਟ ਖਾਧੇ ਜਾਣ? ਇਹ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ। ਪਰ ਵੇਖਣ ਵਿੱਚ ਆਇਆ ਹੈ ਵੱਡੇ ਲੋਕ ਚਾਹੁੰਦੇ ਹੋਏ ਵੀ ਇੱਕ ਬਿਸਕੁਟ ਮਸਾਂ ਹੀ ਖਾਂਦੇ ਹਨ। ਕਿਉਂਕਿ ਇਸ ਤੋਂ ਵੱਧ ਖਾਣ ਨੂੰ ਉਹ ਆਪਣੇ ਸਟੇਟਸ ਦੇ ਖਿਲਾਫ ਸਮਝਦੇ ਹਨ। ਪਰਿਵਾਰ ਵਿੱਚ ਬੈਠੇ ਲੋਕ ਅਮੂਮਨ ਆਪਣੇ ਹਿੱਸੇ ਮੁਤਾਬਿਕ ਬਿਸਕੁਟ ਖਾਂਦੇ ਹਨ। ਯਾਨੀ ਵੰਡਕੇ। ਕਈਆਂ ਦਾ ਟਾਰਗੇਟ ਸਾਰੇ ਬਿਸਕੁਟ ਮਕਾਉਣਾ ਹੁੰਦਾ ਹੈ। ਬਹੁਤੇ ਅਖੌਤੀ ਧਾਰਮਿਕ ਲੋਕ ਜੂਠਾ ਨਾ ਛੱਡਣ ਦੀ ਆੜ ਵਿੱਚ ਪਲੇਟ ਖਾਲੀ ਕਰਕੇ ਹੀ ਸਾਂਹ ਲੈਂਦੇ ਹਨ ਤੇ ਕਈ ਮੇਰੇ ਵਰਗੇ ਚਾਹ ਮੁੱਕਣ ਤੱਕ ਬਿਸਕੁਟਾਂ ਨੂੰ ਗੇੜਾ ਦੇਈ ਜਾਂਦੇ ਹਨ। ਜਦੋਂ ਬਿਸਕੁਟ ਦੇ ਡੁੱਬਣ ਜੋਗੀ ਚਾਹ ਨਾ ਬਚੇ ਤਾਂ ਉਹਨਾਂ ਨੂੰ ਮਜਬੂਰਨ ਬੱਸ ਕਰਨਾ ਪੈਂਦਾ ਹੈ।
ਆਪਣੇ ਲਈ ਉਚੇਚੇ ਬਣਾਏ ਬਿਸਕੁਟਾਂ ਨੂੰ ਘਰ ਦੇ ਬਿਸਕੁਟ ਕਿਹਾ ਜਾਂਦਾ ਹੈ। ਆਮ ਤੌਰ ਤੇ ਇਹ੍ਹਨਾਂ ਬਿਸਕੁਟਾਂ ਲਈ ਆਟਾ, ਦੁੱਧ, ਘਿਓ ਘਰੋਂ ਹੀ ਲਿਜਾਇਆ ਜਾਂਦਾ ਹੈ। ਭੱਠ ਵਾਲੇ ਨੂੰ ਸਿਰਫ ਬਣਵਾਈ ਦਿੱਤੀ ਜਾਂਦੀ ਹੈ। ਕਿਉਂਕਿ ਇਹ ਦੇਸੀ ਤਰੀਕੇ ਨਾਲ ਬਣੇ ਹੋਏ ਬਿਸਕੁਟ ਹੁੰਦੇ ਹਨ ਇਹ੍ਹਨਾਂ ਨੂੰ ਦੇਸੀ ਜਾਂ ਖੱਦਰ ਦੇ ਬਿਸਕੁਟ ਕਿਹਾ ਜਾਂਦਾ ਹੈ। ਸਾਉਣ ਦੇ ਮਹੀਨੇ ਵਿੱਚ ਮਾਵਾਂ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰਾ ਭੇਜਦੀਆਂ ਹਨ। ਸੰਧਾਰੇ ਵਿੱਚ ਇਹ ਬਿਸਕੁਟ ਪੀਪਾ ਭਰਕੇ ਭੇਜੇ ਜਾਂਦੇ ਹਨ। ਇਸ ਲਈ ਇਹ੍ਹਨਾਂ ਨੂੰ ਪੀਪੇ ਵਾਲੇ ਬਿਸਕੁਟ ਵੀ ਕਹਿੰਦੇ ਹਨ। ਪ੍ਰੰਤੂ ਪਿੰਡਾਂ ਵਿੱਚ ਇਹ੍ਹਨਾਂ ਬਿਸਕੁਟਾਂ ਲਈ ਨਾਨੀ ਵਾਲੇ ਬਿਸਕੁਟ ਨਾਮ ਪ੍ਰਚਲਿਤ ਹੈ। ਕਿਉਂਕਿ ਅਮੂਮਨ ਇਹ ਬਿਸਕੁਟ ਨਾਨੀ ਖੁਦ ਲ਼ੈਕੇ ਆਉਂਦੀ ਸੀ ਜਾਂ ਫਿਰ ਨਾਨੀ ਮਾਮੇ ਨੂੰ ਭੱਠ ਦੇ ਬਿਸਕੁਟ ਦੇਕੇ ਭੇਜਦੀ ਸੀ। ਸਰਦੇ ਪੁੱਜਦੇ ਘਰ ਇਹ ਬਿਸਕੁਟ ਦੇਸੀ ਘਿਓ ਦੇ ਬਣਾਉਂਦੇ ਹਨ। ਕਣਕ ਦੇ ਆਟੇ ਦੇ ਬਣੇ ਹੋਣ ਕਰਕੇ ਇਹ ਮੈਦੇ ਦੇ ਬਣੇ ਬਿਸਕੁਟਾਂ ਵਾੰਗੂ ਨੁਕਸਾਨ ਨਹੀਂ ਕਰਦੇ। ਅੱਜ ਕੱਲ੍ਹ ਤਾਂ ਲੋਕ ਰਾਗੀ ਕੋਧਰੇ ਅਤੇ ਵੇਸ਼ਨ ਵਾਲੇ ਬਿਸਕੁਟ ਬਨਵਾਉਂਦੇ ਹਨ। ਅੱਜ ਕੱਲ੍ਹ ਦੀਆਂ ਬਿਜਲਈ ਭੱਠੀਆਂ ਨਾਲੋਂ ਲੱਕੜ ਨਾਲ ਤਪਣ ਵਾਲੀਆਂ ਭੱਠੀਆਂ ਚ ਬਣੇ ਬਿਸਕੁਟ ਸਵਾਦ ਹੁੰਦੇ ਸਨ। ਹੁਣ ਲੋਕ ਵਿਕਾਸ ਤੋਂ ਵਾਪਿਸ ਪਰਤ ਰਹੇ ਹਨ ਤੇ ਉਹ ਭੱਠੀਆਂ ਤੰਦੂਰ ਹਾਰੇ ਅਤੇ ਚੁੱਲ੍ਹੇ ਦੀ ਅਹਿਮੀਅਤ ਨੂੰ ਸਮਝਣ ਲੱਗੇ ਹਨ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



