ਮੋਗਾ, (ਸ.ਵ) (ਸਮਾਜ ਵੀਕਲੀ) ਸਾਹਿਤਕ ਸੱਥ ਲੰਡੇ ਵੱਲੋਂ ਸਾਹਿਤਕਾਰ ਤਰਸੇਮ ਲੰਡੇ ਦੀ ਪਲੇਠੀ ਬਾਲ ਕਿਤਾਬ ‘ੳ-ਅ ਸਾਡਾ ਸਾਥੀ’ ਤਰਸੇਮ ਲੰਡੇ ਦੇ ਗ੍ਰਹਿ ਵਿਖੇ ਲੋਕ ਅਰਪਣ ਕੀਤੀ ਗਈ। ਜਿਸ ਵਿੱਚ ਨਾਮਵਾਰ ਸਹਿਤਕਾਰਾਂ ਅਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਤਰਸੇਮ ਖਾਨ ਦੇ ਗੀਤ ‘ਲੰਡੇ ਪਿੰਡ ਮਿੱਤਰਾਂ ਦਾ….’ ਦੇ ਗਾਉਣ ਨਾਲ ਹੋਇਆ। ਇਸ ਤੋਂ ਬਾਅਦ ਜਗਜੀਤ ਪੱਲਣ ਨੇ ਜਸਕਰਨ ਲੰਡੇ ਦਾ ਲਿਖਿਆ ਗੀਤ ‘ਨਸ਼ੇ ਜਵਾਨੀ ਖਾ ਲਈ, ਨਾ ਕੋਈ ਹਾਲੀ ਨਾ ਕੋਈ ਪਾਲੀ …।’ ਗਾ ਕੇ ਵਾਹ-ਵਾਹ ਖੱਟੀ। ਤਰਸੇਮ ਲੰਡੇ ਨੇ ਆਪਣੀ ਕਿਤਾਬ ਉੱਪਰ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਕਿਤਾਬ ਵਿੱਚ ੳ ਤੋੰ ੜ ਤੱਕ ਅਨੇਕ ਸ਼ਬਦਾਂ ਦਾ ਇਸਤੇਮਾਲ ਕਰਕੇ ਉਹਨਾਂ ਉੱਪਰ ਕਵਿਤਾਵਾਂ ਲਿਖੀਆਂ ਗਈਆਂ ਹਨ। ਮਾਤ ਭਾਸ਼ਾ ਤੋਂ ਦੂਰ ਹੋ ਰਹੇ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਦੀ ਇਹ ਇਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਕਵਿਤਾਵਾਂ ਬੱਚਿਆਂ ਦੇ ਹਾਣ ਦੀਆਂ ਹਨ। ਮਾਪਿਆਂ ਨੂੰ ਇਹ ਕਿਤਾਬ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਕਿਤਾਬ ਨੂੰ ਨੇਪਰੇ ਚਾੜ੍ਹਨ ਲਈ ਅਮਰ ਘੋਲੀਆ, ਪ੍ਰਸਿੱਧ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ, ਨੌਜਵਾਨ ਕਵੀ ਜਸਵੰਤ ਗਿੱਲ ਸਮਾਲਸਰ ਅਤੇ ਕਿਤਾਬ ਨੂੰ ਅਕਰਸ਼ਿਤ ਰੂਪ ਦੇਣ ਲਈ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਦਾ ਧੰਨਵਾਦ ਕੀਤਾ। ਇਸ ਤੋਂ ਉਪਰੰਤ ਅਮਰ ਘੋਲੀਆ ਨੇ ਦੱਸਿਆ ਕਿ ਤਰਸੇਮ ਲੰਡੇ ਨੇ ਕਿਤਾਬ ਸ਼ੁਰੂ ਕਰਨ ਤੋਂ ਲੈ ਕੇ ਅਖ਼ੀਰਲੇ ਪੜਾਅ ਤੱਕ ਆਪਣੀਆਂ ਦਿਲੀ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਸਾਨੂੰ ਇਕੱਠਿਆਂ ਬੈਠ ਕੇ ਕੰਮ ਕਰਨ ਦਾ ਮੌਕਾ ਮਿਲਿਆ। ਤਰਸੇਮ ਲੰਡੇ ਇੱਕ ਸੰਵੇਦਨਸ਼ੀਲ ਅਧਿਆਪਕ ਹਨ ਜਿਸ ਨੇ ਕਲਾਸ ਰੂਮ ਦੀ ਚੌਹੱਦ ਤੋੰ ਬਾਹਰ ਨਿਕਲ ਬੱਚਿਆਂ ਲਈ ਨਿਵੇਕਲਾ ਕਾਰਜ਼ ਕੀਤਾ। ਇਸ ਉਪਰੰਤ ਤਰਸੇਮ ਦੇ ਅਧਿਆਪਕ ਰਹੇ ਮਾਸਟਰ ਸ਼ਮਿੰਦਰ ਸਿੰਘ ਜਿਉਣਵਾਲਾ ਨੇ ਤਰਸੇਮ ਲੰਡੇ ਦੀ ਕਲਮ ਉੱਪਰ ਮਾਣ ਮਹਿਸੂਸ ਕੀਤਾ ਅਤੇ ਆਪਣੇ ਸ਼ਗਿਰਦ ਨੂੰ ਇਸ ਕਿਤਾਬ ਲਈ ਵਧਾਈ ਦਿੱਤੀ। ਚਰਨਜੀਤ ਗਿੱਲ ਸਮਾਲਸਰ ਨੇ ਵੀ ਤਰਸੇਮ ਲੰਡੇ ਦੀ ਕਿਤਾਬ ਉੱਪਰ ਵਿਸਤਾਰ ਸਹਿਤ ਵਿਚਾਰ ਚਰਚਾ ਕੀਤੀ। ਸਾਧੂ ਰਾਮ ਲੰਗਿਆਣਾ ਨੇ ਕਿਹਾ ਕਿ ਤਰਸੇਮ ਨੇ ਬੱਚਿਆਂ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਬੱਚਿਆਂ ਲਈ ਲਿਖਣਾ ਇਨਾ ਸੌਖਾ ਕਾਰਜ ਨਹੀਂ ਹੈ, ਨਾ ਹੀ ਕੋਈ ਇਸ ਕਾਰਜ ਵੱਲ ਕਲਮ ਚਲਾਉਣ ਦੀ ਵਧੇਰੇ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਤਾਬ ਦੀ ਘੁੰਡ ਚੁਕਾਈ ਸਮੇਂ ਅਲੋਚਨਾ ਨਹੀਂ ਹੋਣੀ ਚਾਹੀਦੀ। ਕਮਲਜੀਤ ਭੋਲਾ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਤਰਸੇਮ ਲੰਡੇ ਨੇ ਬਾਲ ਕਵਿਤਾਵਾਂ ਤੇ ਕਿਤਾਬ ਛਪਵਾਉਣ ਦੀ ਪਿੰਡ ਵਿੱਚੋਂ ਪਹਿਲ ਕਰਕੇ ਪਿੰਡ ਦਾ ਨਾਮ ਉੱਚਾ ਕੀਤਾ ਹੈ। ਗੁਰਜੰਟ ਕਲਸੀ ਨੇ ਦੱਸਿਆ ਕਿ ਕਵਿਤਾਵਾਂ ਬੱਚਿਆਂ ਨੂੰ ਅੱਖਰਾਂ ਤੋਂ ਜਾਣੂ ਕਰਵਾਉਂਦੀਆਂ ਹਨ। ਨਾਲ ਨਾਲ ਉਨ੍ਹਾਂ ਅੰਦਰ ਠੇਠ ਸ਼ਬਦਾਵਲੀ ਵਿੱਚ ਵਾਧਾ ਕਰਦੀਆਂ ਹੋਈਆਂ ਬੌਧਿਕ ਵਿਕਾਸ ਵਿੱਚ ਵਾਧਾ ਕਰਦੀਆਂ ਹਨ। ਅਨੰਤ ਗਿੱਲ ਭਲੂਰ ਨੇ ਕਿਹਾ ਕਿ ਬਾਲ ਕਵਿਤਾਵਾਂ ਦਾ ਗ਼ਜ਼ਲਾਂ ਅਤੇ ਕਵਿਤਾਵਾਂ ਦੀ ਵਿਧਾ ਨਾਲੋਂ ਫਰਕ ਹੁੰਦਾ ਹੈ। ਬਾਲ ਕਵਿਤਾਵਾਂ ਬੱਚਿਆਂ ਨੂੰ ਭਾਸ਼ਾ ਸਾਹਿਤ ਅਤੇ ਅੱਖਰ ਗਿਆਨ ਨਾਲ ਜੋੜਨ ਦਾ ਮੁੱਢਲਾ ਕਦਮ ਹਨ। ਤਰਸੇਮ ਇਸ ਲਈ ਵਧਾਈ ਦਾ ਪਾਤਰ ਹੈ। ਇਸ ਦੌਰਾਨ ਜਸਕਰਨ ਲੰਡੇ ਨੇ ਸਟੇਜ ਸੰਚਾਲਣ ਦੀ ਭੂਮਿਕਾ ਬਖੂਬੀ ਨਿਭਾਈ ਅਤੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਚਮਕੌਰ ਬਾਘੇਵਾਲੀਆ, ਸੁਖਚੈਨ ਠੱਠੀ ਭਾਈ, ਲਖਵੀਰ ਕੋਮਲ, ਬਲਤੇਜ ਸੰਧੂ, ਜਗਦੀਸ਼ ਪ੍ਰੀਤਮ, ਨਵਦੀਪ ਲੰਡੇ, ਸਤੀਸ਼ ਧਵਨ, ਬੇਅੰਤ ਗਿੱਲ ਭਲੂਰ, ਰਮਨ ਮਾਨ ਕਾਲੇਕੇ, ਸਮਰਵੀਰ ਸਿੰਘ ਪੱਲਣ ਗੁਰਜੀਤ ਸਿੰਘ ਨੇ ਵੀ ਆਪਣੇ ਕਲਾਮ ਪੇਸ਼ ਕੀਤੇ। ਸੂਬੇਦਾਰ ਕਰਨੈਲ ਸਿੰਘ, ਜਸਵਿੰਦਰ ਕੌਰ, ਕਿਰਨਦੀਪ ਕੌਰ, ਹਰਦੀਪ ਕੌਰ, ਅਰਸ਼ਦੀਪ ਸਿੰਘ, ਵਿਸ਼ਵਜੀਤ ਸਿੰਘ, ਮਾਸਟਰ ਜਗਤਾਰ ਸਿੰਘ, ਮਨਿੰਦਰ ਕੌਰ, ਅਕਾਲਵੀਰ ਸਿੰਘ , ਏਕਮ ਸਿੰਘ ਆਦਿ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਗਵਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



