(ਸਮਾਜ ਵੀਕਲੀ) ਅੱਜ ਪੰਜਾਬ ਵਿੱਚ ਸਕੂਲਾਂ ਦੇ ਪਖਾਨਿਆਂ ਦੇ ਨਵੀਨੀਕਰਨ ਦੇ ਉਦਘਾਟਨਾਂ ਦੇ ਸਬੰਧ ਵਿਚ ਕੀਤੇ ਗਏ ਸਮਾਰੋਹਾਂ ਅਤੇ ਲਗਾਏ ਗਏ ਪੱਥਰਾਂ ਨੂੰ ਲੈਕੇ ਅਕਾਲੀ, ਕਾਂਗਰਸੀ, ਭਾਜਪਾਈ ਖੂਬ ਹਾਏ ਤੌਬਾ ਮਚਾ ਰਹੇ ਹਨ। ਜਿਸ ਤੇ ਮਜਬੂਰੀ ਵੱਸ ਸਰਕਾਰ ਨੂੰ ਵੀ ਯੂ ਟਰਨ ਲੈਣਾ ਪਿਆ। ਇਹ ਲੋਕ ਆਪਣੀ ਸਰਕਾਰ ਵੇਲੇ ਦੀਆਂ ਗੱਲਾਂ ਭੁੱਲ ਜਾਂਦੇ ਹਨ। ਅਕਾਲੀ ਸਰਕਾਰ ਸਮੇਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਦਿਲਚਸਪੀ ਲ਼ੈਕੇ ਆਪਣੇ ਪਿੰਡ ਇੱਕ ਕਾਲਜ ਬਣਵਾਇਆ। ਬਹੁਤ ਵਧੀਆ ਇਮਾਰਤ ਤੋਂ ਇਲਾਵਾ ਉੱਚ ਯੋਗਤਾ ਵਾਲਾ ਸਟਾਫ ਭਰਤੀ ਕੀਤਾ ਜਿਸਨੂੰ ਸਰਕਾਰੀ ਪੇ ਸਕੇਲ ਅਨੁਸਾਰ ਤਨਖਾਹ ਅਤੇ ਹੋਰ ਭੱਤੇ ਦਿੱਤੇ ਜਾਂਦੇ ਸਨ। ਮੁੱਖ ਮੰਤਰੀ ਤਕਰੀਬਨ ਹਰ ਹਫਤੇ ਗੇੜਾ ਮਾਰਦੇ। ਵਿਦਿਆਰਥੀਆਂ ਲਈ ਛੋਟੀ ਤੋਂ ਛੋਟੀ ਸਾਹੁਲੀਅਤ ਦਾ ਖਿਆਲ ਰੱਖਿਆ ਜਾਂਦਾ। ਇਸ ਕਾਲਜ ਤੇ ਪੂਰੀ ਪੰਜਾਬ ਸਰਕਾਰ ਮਿਹਰਬਾਨ ਸੀ। ਇੰਨਾ ਕੁਝ ਹੋਣ ਦੇ ਬਾਵਜੂਦ ਕਾਲਜ ਕੋਲ੍ਹ ਆਪਣਾ ਕੋਈਂ ਪੱਕਾ ਪ੍ਰਿੰਸੀਪਲ ਨਹੀਂ ਸੀ। ਇੰਚਾਰਜ ਪ੍ਰਿੰਸੀਪਲ ਮੈਡਮ ਤੋਂ ਬਾਅਦ ਇੱਕ ਸੇਵਾਮੁਕਤ ਮੇਲ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਗਈ। ਜਦੋਂ ਵੀ ਪੇਰੈਂਟਸ ਆਪਣੀਆਂ ਬੱਚੀਆਂ ਦੇ ਦਾਖਲੇ ਦੇ ਸਬੰਧ ਵਿੱਚ ਕਾਲਜ ਆਉਂਦੇ ਤਾਂ ਪ੍ਰਿੰਸੀਪਲ ਸਾਹਿਬ ਓਹਨਾ ਨੂੰ ਐਡਮਿਨ ਬਲਾਕ ਦੇ ਨੇੜੇ ਬਣਿਆ ਟੋਇਲਟਸ ਬਲਾਕ ਜਰੂਰ ਵਿਖਾਉਂਦੇ। ਕਿਉਂਕਿ ਸਫੈਦ ਟਾਇਲਾਂ ਵਾਲਾ ਇਹ ਬਲਾਕ ਖੂਬ ਚਮਕਦਾ ਸੀ। ਕਈ ਬੁੱਧੀਜੀਵੀ ਇਹ ਹਰਕਤ ਵੇਖਕੇ ਖੂਬ ਹੱਸਦੇ ਤੇ ਕਈ ਇਹ ਗੱਲਾਂ ਮਿਰਚ ਮਸਾਲੇ ਲਗਾਕੇ ਅੱਗੇ ਸੁਣਾਉਂਦੇ। ਹਾਲਾਂਕਿ ਕਾਲਜ ਕੋਲ੍ਹ ਵਿਖਾਉਣ ਲਈ ਵਧੀਆ ਕਲਾਸ ਰੂਮਜ ਤੋਂ ਇਲਾਵਾ ਉਚਕੋਟੀ ਦੀ।ਲਾਇਬਰੇਰੀ, ਸ਼ੂਟਿੰਗ ਰੇਂਜ, ਐਸਟਰੋਟਰਫ ਹਾਕੀ ਦਾ ਮੈਦਾਨ ਅਤੇ ਹੋਰ ਬਹੁਤ ਕੁਝ ਸੀ। ਪ੍ਰਿੰਸੀਪਲ ਸਾਹਿਬ ਭਾਵੇਂ ਥੋਡ਼ੀ ਦੇਰ ਹੀ ਰਹੇ ਪਰ ਟੋਇਲਟਸ ਬਲਾਕ ਵਾਲੀਆਂ ਆਪਣੀਆਂ ਕਈ ਯਾਦਾਂ ਛੱਡ ਗਏ। ਟੋਇਲਟਸ ਬਲਾਕ ਨੂੰ ਪੰਜਾਬੀ ਵਿੱਚ ਪਖਾਨੇ ਹੀ ਕਹਿੰਦੇ ਹਨ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



