ਸੁਖਵਿੰਦਰ ਕੌਰ, ਫਰੀਦਕੋਟ
81469-33733
(ਸਮਾਜ ਵੀਕਲੀ)- ਮੈਨੂੰ ਨੌਕਰੀ ਵਿੱਚ ਆਇਆ ਤਕਰੀਬਨ ਤੀਹ ਕੁ ਸਾਲ ਹੋ ਗਏ ਹਨ ਪਰ ਮੇਰਾ ਸਕੂਲ ਜਾਣ ਦਾ ਚਾਅ ਅਜੇ ਵੀ ਉਵੇ ਹੀ ਹੈ ਜਿਵੇ ਨਵੀ-ਨਵੀ ਨੌਕਰੀ ਦੌਰਾਨ ਉਤਸ਼ਾਹ ਤੇ ਜੋਸ਼ ਹੁੰਦਾ ਹੈ । ਸ਼ੁਰੂ ਵਿੱਚ ਮੇਰੇ ਅਜਿਹੇ ਜੋਸ਼ ਖਰੋਸ਼ ਨੂੰ ਵੇਖ ਪੁਰਾਣੇ ਸਾਥੀ ਅਧਿਆਪਕ ਨੇ ਕਹਿਣਾ ਹਾਲੇ ਨਵੀ-ਨਵੀ ਆਈ ਹੈ ਤਾਂ ਹੀ ਏਨਾ ਜੋਸ਼ ਹੈ ਥੋੜ੍ਹੇ ਚਿਰ ਨੂੰ ਦੇਖਾਂਗੇ । ਮੈਂ ਚੁੱਪ ਹੋ ਜਾਣਾ ਮੂੰਹੋ ਕੁਝ ਨਾ ਕਹਿਣਆ ਪਰ ਮਨ ਵਿੱਚ ਪ੍ਰਣ ਕਰਨਾ ਕਿ ਮੈਨੂੰ ਰੱਬ ਸ਼ਕਤੀ ਦੇਵੇ ਕਿ ਮੇਰਾ ਜੋਸ਼ ਕਦੇ ਠੰਢਾ ਨਾ ਪਵੇ । ਜਿੰਦਗੀ ਵਿੱਚ ਬੜੇ ਉਤਾਰ-ਚੜਾਅ ਆਏ, ਤੱਤੀਆਂ-ਠੰਡੀਆਂ ਹਵਾਵਾਂ ਵਗੀਆਂ ਪਰ ਮੈਂ ਹੰਕਾਰ ਨਹੀਂ ਮਾਣ ਨਾਲ ਕਹਿੰਦੀ ਹਾਂ ਕਿ ਮੇਰਾ ਆਪਣੇ ਵਿਦਿਆਰਥੀਆਂ ਪ੍ਰਤੀ ਮੋਹ, ਲਗਨ ਤੇ ਸਕੂਲ ਜਾਣ ਦਾ ਜੋਸ਼ ਉਸ ਤੋਂ ਵੱਧ ਹੈ ਜੋ ਸ਼ੁਰੂਆਤੀ ਦਿਨਾਂ ਵਿੱਚ ਹੁੰਦਾ ਸੀ । ਬੋਰਡ ਦੀਆਂ ਕਲਾਸਾਂ ਜਿਵੇ ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰਵੀਂ ਦੀਆ ਕਲਾਸਾਂ ਵੱਲ ਸਭ ਅਧਿਆਪਕ ਬਹੁਤ ਧਿਆਨ ਦਿੰਦੇ ਹਨ । ਸਕੂਲ ਵਿੱਚ ਅਧਿਆਪਕ ਸਾਥੀਆਂ ਤੋਂ ਮੈਂ ਹਮੇਸ਼ਾਂ ਹੀ ਮੰਗ-ਮੰਗ ਕੇ ਪੀਰੀਅਡ ਲਾਉਦੀ ਹਾਂ ਤੇ ਉਨ੍ਹਾਂ ਦਾ ਵਾਰ-ਵਾਰ ਧੰਨਵਾਦ ਵੀ ਕਰਦੀ ਹਾਂ ਜਿੰਨਾ ਮੈਨੂੰ ਪੀਰੀਅਡ ਦਿੱਤੇ । ਅੱਜ ਤੱਕ ਮੇਰੀ ਕਿਸੇ ਅਧਿਆਪਕ ਸਾਥੀ ਨਾਲ ਕਦੀ ਕਿਸੇ ਗੱਲ ਤੇ ਕਦੀ ਲੜਾਈ ਵਗੈਰਾ ਜਾਂ ਮਨ ਮੁਟਾਵ ਨਹੀਂ ਹੋਇਆ ਪਰ ਸਲਾਨਾ ਪੇਪਰ ਨੇੜੇ ਆਉਣ ਕਰਕੇ ਸਭ ਅਧਿਆਪਕਾਂ ਨੂੰ ਆਪਣੇ ਰਿਜਲਟ ਦਾ ਬਹੁਤ ਫਿਕਰ ਰਹਿੰਦਾ ਹੈ ।ਸਾਡੀ ਸਭ ਅਧਿਆਪਕਾਂ ਦੀ ਕੋਸ਼ਿਸ ਹੁੰਦੀ ਹੈ ਕਿ ਮੈਂ ਵੱਧ ਪੜ੍ਹਾਵਾਂ ਸੋ ਸੋਖਿਆ ਵਿਸ਼ਿਆਂ ਵਾਲੇ ਅਧਿਆਪਕਾਂ ਤੋਂ ਉਨ੍ਹਾ ਦੇ ਪੀਰੀਅਡ ਮੰਗ ਕੇ ਅੰਗਰੇਜੀ, ਹਿਸਾਬ ਅਤੇ ਸਾਇੰਸ ਵਾਲੇ ਅਧਿਆਪਕ ਪੰਜ ਮਿੰਟ ਵੀ ਵੱਧ ਦੂਜੇ ਦੇ ਪੀਰੀਅਡ ਦੇ ਲਗਾ ਲੈਦਾਂ ਹੈ ਅਸੀਂ ਇਤਰਾਜ ਕਰਦੇ ਹਾਂ । ਇੱਕ ਦਿਨ ਮੇਰਾ ਅੰਗਰੇਜੀ ਦਾ ਪੀਰੀਅਡ ਜਦੋਂ ਮੇਰੀ ਸਾਥੀ ਹਿਸਾਬ ਵਾਲੀ ਮੈਡਮ ਨੇ ਮੰਗਿਆ ਮੇਰੇ ਮੂੰਹੋ ਸੁਭਵਕ ਹੀ ਨਿਕਲ ਗਿਆ ਪੀਰੀਅਡ ਦੀ ਕੋਈ ਲਿਹਾਜ ਨਹੀਂ ਉਂਝ ਆਪਣੀ ਦੋਸਤੀ ਪੱਕੀ, ਤਾਂ ਸਾਰੀ ਕਲਾਸ ਹੱਸਣ ਲੱਗ ਪਈ, ਇਸ ਗੱਲ ਦੀ ਸਟਾਫ ਵਿੱਚ ਕਾਫੀ ਦਿਨ ਚਰਚਾ ਹੁੰਦੀ ਰਹੀ।
ਵਿਦਿਆਰਥੀ ਵੀ ਅਧਿਆਪਕਾਂ ਦੀ ਅਜਿਹੀ ਲੜਾਈ ਦਾ ਅਨੰਦ ਮਾਣਦੇ ਹਨ ਪਰ ਅਸੀਂ ਵਿਦਿਆਰਥੀਆਂ ਨੂੰ ਆਖਦੇ ਹਾਂ ਉਝ ਸਾਡੀ ਕੋਈ ਲੜਾਈ ਨਹੀਂ ਅਸੀਂ ਤਾਂ ਤੁਹਾਨੂੰ ਪਾਸ ਕਰਵਾਉਣ ਤੇ ਜੋਰ ਆਉਦੇ ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੂੰ ਪੜ੍ਹਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ । ਇਹਨਾਂ ਦੇ ਘਰਾਂ ਦੀਆਂ ਮਜ਼ਬੂਰੀਆਂ, ਮਾਪਿਆ ਦੇ ਹਾਲਾਤ, ਕੁੱਝ ਸ਼ਰਾਰਤੀ ਤੇ ਢੀਠ ਵਿਦਿਆਰਥੀ ਨਿੱਜਠਣਾ ਬੜਾ ਔਖਾ ਕੰਮ ਹੈ । ਅੱਠਵੀਂ ਤੱਕ ਫੇਲ ਨਾ ਕਰਨ ਦੀ ਨੀਤੀ ਨੇ ਵਿਦਿਆਰਥੀਆਂ ਦੀ ਬਿਲਕੁਲ ਜੜ ਪੱਟ ਦਿੱਤੀ ਹੈ। ਪਿੰਡ ਵਿੱਚ ਲੱਗਦੇ ਮੇਲੇ, ਮੈਚ, ਲੰਗਰ, ਵਿਆਹ, ਵਿਦਿਆਰਥੀਆ ਲਈ ਖਿੱਚ ਦਾ ਕੇਂਦਰ ਬਣਦੇ ਹਨ। ਕਈ ਵਿਦਿਆਰਥੀ ਘਰੋਂ ਹੀ ਨਹੀਂ ਆਉਦੇ, ਕੁਝ ਅੱਧੀ ਛੁੱਟੀ ਕੰਧਾਂ, ਕੋਠੇ ਟੱਪ ਕੇ ਭੱਜ ਜਾਂਦੇ ਹਨ। ਕੁਝ ਕੁ ਸੀਰੀਅਸ ਵਿਦਿਆਰਥੀ ਜੋ ਪੜ੍ਹਨਾਂ ਚਾਹੁੰਦੇ ਹਨ ਉਹ ਹੀ ਕਲਾਸ ਵਿੱਚ ਰਹਿ ਜਾਂਦੇ ਹਨ। ਪਰ ਮਹਿਕਮਾ ਸੌ ਪ੍ਰਤੀਸ਼ਤ ਰਿਜਲਟ ਭਾਲਦਾ ਹੈ। ਇੰਚਾਰਜ ਅਧਿਆਪਕ ਨੂੰ ਤਰਾਂ-ਤਰਾਂ ਉਲਾਂਭੇ ਆਪਣੀ ਕਲਾਸ ਦੇ ਸੁਣਨੇ ਪੈਦੇ ਹਨ । ਇੱਕ ਦਿਨ ਵਿੱਚ ਕਈ ਕਈ ਵਾਰ ਉਲਾਭੇ ਸੁਣ ਕੇ ਮੈਂ ਅੱਕੀ ਪਈ ਸੀ ਉਸੇ ਦਿਨ ਹੀ ਸਟਾਫ ਮੀਟਿੰਗ ਵਿੱਚ ਫਿਰ ਇੱਕ ਅਧਿਆਪਕ ਸਾਥੀ ਨੇ ਮੈਨੂੰ ਜਦੋਂ ਸਾਰਿਆਂ ਸਾਹਮਣੇ ਮੇਰੀ ਕਲਾਸ ਦਾ ਉਲਾਂਭਾ ਦਿੱਤਾ ਮੇਰੇ ਮੂੰਹੋਂ ਨਿਕਲ ਗਿਆ ਸਰ ਜਿਹੋ ਜਿਹੇ ਅਧਿਆਪਕ ਤੁਸੀਂ ਹੋ ਉਹੋ ਜਿਹੀ ਮੈਂ ਹਾਂ, ਮੈਂ ਕਿਹੜਾ ਕਲਾਸ ਜੰਮੀ ਹੈ। ਇਹ ਸਭ ਸੁਣ ਕੇ ਸਭ ਹੱਸਣ ਲੱਗ ਪਏ । ਉਸ ਤੋਂ ਬਾਅਦ ਉਸ ਅਧਿਆਪਕ ਨੇ ਕਦੀ ਮੈਨੂੰ ਕਲਾਸ ਦਾ ਉਲਾਂਭਾ ਨਹੀਂ ਦਿੱਤਾ। ਪਰ ਸੱਚ ਤਾਂ ਇਹ ਹੈ ਕਿ ਅਸੀਂ ਇਨ੍ਹਾਂ ਵਿਦਿਆਰਥੀਆਂ ਦਾ ਫਿਕਰ ਆਪਣੇ ਜੰਮਿਆਂ ਨਾਲੋਂ ਵੀ ਵੱਧ ਕਰਦੇ ਹਾਂ।
ਮੈਂ ਅਕਸਰ ਹੀ ਕਲਾਸ ਵਿੱਚ ਵਿਦਿਆਰਥੀਆਂ ਨੂੰ ਕਹਿੰਦੀ ਹਾਂ ਗਰੀਬੀ ਵਿੱਚ ਜੰਮਣਾ ਪਾਪ ਨਹੀ ਪਰ ਗਰੀਬੀ ਵਿੱਚ ਮਰਨਾ ਪਾਪ ਹੈ ਪੜ੍ਹਨ ਲਈ ਹਰ ਪਲ ਉਤਸ਼ਾਹਤ ਕਰਦੀ ਹਾਂ । ਪਰ ਸਥਿਤੀ ਉਸ ਸਮੇਂ ਬੜੀ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਵਾਰ-ਵਾਰ ਮਾਂ ਵਲੋਂ ਕੋਸਿਸ਼ ਕਰਨ ਤੇ ਵੀ ਵਿਦਿਆਰਥੀ ਨਹੀਂ ਉੱਠਦੇ। ਉਧਰੋਂ ਮੈਂ ਕਈ ਵਾਰ ਸਵੇਰੇ ਫੋਨ ਲਾਉਦੀ ਹਾਂ ਜੀ ਇਹਨੂੰ ਪੜ੍ਹਨ ਲਈ ਉਠਾਵੋ। ਕਈ ਮਾਪੇ ਜੋ ਪਹਿਲਾਂ ਹੀ ਅੱਕੇ ਪਏ ਹੁੰਦੇ ਹਨ ਉਹ ਬੱਚੇ ਨੂੰ ਆਖਦੇ ਹਨ ਕਿ ਲੈ ਹੁਣ ਤਾਂ ਮੈਡਮ ਦਾ ਫੋਨ ਵੀ ਆ ਗਿਆ ਹੁਣ ਤਾਂ ਉੱਠ ਜਾਂ ਮਾਪੇ ਸੁੱਤੇ ਵਿਦਿਆਰਥੀ ਫੋਨ ਤੇ ਗੱਲ ਨਹੀਂ ਕਰਦਾ। ਮਾਪੇ ਵਾਰ ਵਾਰ ਸਿਕਇਤਾਂ ਲਾਉਦੇ ਨੇ ਨਾਲੇ ਵਾਰ ਵਾਰ ਇਹੀ ਕਹਿੰਦੇ ਨੇ ਲੈ ਮੈਡਮ ਨਾਲ ਗੱਲ ਕਰ, ਲੈ ਮੈਡਮ ਨਾਲ ਗੱਲ ਕਰ। ਪਰ ਕੁੱਝ ਵਿਦਿਆਰਥੀਆਂ ਦੇ ਮਾਪੇ ਜਦੋਂ ਫਿਰ ਵੀ ਨਹੀਂ ਜਾਗਦੇ, ਮਾਪੇ ਮੇਰੇ ਕੋਲ ਘਰ ਦੀਆਂ ਮਜਬੂਰੀਆਂ ਦੱਸਦੇ ਨੇ ਤੇ ਬੱਚਿਆਂ ਦੀਆਂ ਸਿਕਾਇਤਾਂ ਕਰਦੇ ਰਹਿੰਦੇ ਨੇ ਸਾਰੀ ਰਾਤ ਫੋਨ ਤੇ ਲੱਗਿਆ ਰਹਿੰਦੇ। ਹੁਣ ਇਹਨੇ ਕੀ ਉੱਠਣਾ। ਸੋ ਹਰ ਸਾਲ ਵਿਦਿਆਰਥੀਆਂ ਨਾਲ ਅਜਿਹਾ ਵਰਤਾਉ ਕਰਦਿਆਂ ਹੋ ਗਿਆ ਹੈ। ਮਿਹਨਤ ਕਦੇ ਅਸਫਲ ਨਹੀਂ ਜਾਂਦੀ ਬੱਚਿਆਂ ਦੇ ਮਾਪੇ ਵੀ ਅਧਿਆਪਕਾਂ ਦੀ ਤਨਦੇਹੀ ਸਹਿਰਦਤਾ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਸਮਝਾਉਣ ਤੇ ਪੜ੍ਹਾਉਣ ਵਿੱਚ ਸਫਲ ਹੋ ਜਾਂਦੇ ਹਨ । ਵਿਦਿਆਰਥੀ ਸਕੂਲ ਆ ਕੇ ਸਾਥੀ ਬੱਚਿਆਂ ਨੂੰ ਦੱਸਦੇ ਵੀ ਹਨ ਕਿ ਅੱਜ ਸਵੇਰੇ ਸਵੇਰੇ ਸਾਡੇ ਘਰ ਮੈਡਮ ਨੇ ਫੋਨ ਕੀਤਾ ਖੁਸ਼ ਵੀ ਹੁੰਦੇ ਹਨ ਸਮਝਦੇ ਹਨ ਕਿ ਸਾਡਾ ਵੀ ਕੋਈ ਫਿਕਰ ਕਰਨ ਵਾਲਾ ਹੈ। ਜਦੋਂ ਵਿਦਿਆਰਥੀ ਪਾਸ ਹੋ ਜਾਦੇ ਹਨ ਬਹੁਤ ਖੁਸ਼ੀ ਹੁੰਦੀ ਹੈ ਆਪਣਾ ਕੀਤਾ ਹੋਇਆ ਸੰਘਰਸ਼ ਜੋ ਪੜ੍ਹਾਉਣ ਤੇ ਸਵੇਰੇ ਉਠਾ ਕੇ ਪੜ੍ਹਾਉਣ ਲਈ ਕੀਤਾ ਹੁੰਦਾ ਹੈ ਉਸ ਤੇ ਮਾਣ ਮਹਿਸੂਸ ਹੁੰਦਾ ਹੈ ਫਿਰ ਵੱਡੇ ਹੋ ਉਹੀ ਵਿਦਿਆਰਥੀ ਵਾਰ ਵਾਰ ਯਾਦ ਕਰਦੇ ਹਨ । ਜਿੰਦਗੀ ਵਿੱਚ ਪ੍ਰਾਪਤੀਆਂ ਕਰਕੇ ਫੋਨ ਕਰਕੇ ਧੰਨਵਾਦ ਕਰਦੇ ਹਨ । ਇਸ ਤਰਾਂ ਹੋਰ ਮਿਹਨਤ ਕਰਨ ਦਾ ਬਲ ਮਿਲਦਾ ਹੈ, ਆਤਮਾ ਨੂੰ ਸਕੂਨ ਮਿਲਦਾ ਹੈ । ਸੋ ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਸੰਘਰਸ਼ ਤੇ ਮਿਹਨਤ ਕਰਨ ਦਾ ਬਲ ਬਖਸ਼ੇ।