(ਸਮਾਜ ਵੀਕਲੀ)
ਜਿੱਥੇ ਅੰਮ੍ਰਿਤ ਵੇਲੇ, ਉੱਠ ਕੇ,ਨਿੱਤ ਪੰਛੀ ਗੀਤ ਸੁਣਾਉਣ।
ਪਾਠ ਸੁਣਾਉਂਦੇ, ਭਾਈ ਜੀ, ਗੁਰਬਾਣੀ ਦੇ ਲੜ ਲਾਉਣ।
ਪਾ-ਪੱਠੇ, ਮੱਝਾਂ ਗਾਈਆਂ,ਫਿਰ, ਦਾਤੇ ਦੇ ਗੁਣ-ਗਾਉਣ।
ਪਈਆਂ,ਝੱਕਰੇ ਵਿੱਚ ਮਧਾਣੀਆਂ,ਆਪਣੀ ਧੁਨ ਵਿੱਚ ਗਾਉਣ।
ਚੋ ਕੇ ਮੱਝਾਂ ਬੂਰੀਆਂ, ਦੁੱਧ ,ਕਾੜ੍ਹਣੀ ਦੇ ਵਿੱਚ ਪਾਉਣ।
ਘਰ-ਘਰ ਵਿੱਚ,ਚੱਲਣ ਚੱਕੀਆਂ, ਸਭ, ਤਾਜ਼ਾ ਛਕਣ-ਛਕਾਉਣ।
ਹਲ਼ ਚੁੱਕੇ ਨੇ ਹਾਲੀਆਂ , ਇਹ ਖੇਤਾਂ ਨੂੰ ਚਾਲੇ ਪਾਉਣ।
ਬਲ਼ਦਾਂ ਦੇ ਗਲ ਟੱਲੀਆਂ, ਇਹ, ਗੀਤ ਮਧੁਰ ਜਿਹਾ ਗਾਉਣ।
ਤਾਰਿਆਂ ਛਾਵੇਂ ਹਾਲੀ਼ ਤਾਂ,ਪਏ ਆਪਣੇ ਕੰਮ ਮੁਕਾਉਣ।
ਚਿੱਟੇ ਬੱਗੇ ਪੈਲੀਆਂ, ਨੂੰ ,ਭੱਜ-ਭੱਜ ,ਕੇ ਪਏ ਵਾਹੁਣ।
ਛੋਲੇ ਮੱਕੀਆਂ ਬਾਜ਼ਰੇ ,ਕਿਸਾਨ ਇਹਨਾਂ ਨੂੰ ਪਾਉਣ।
ਇਹ ਭੱਜ-ਭੱਜ ਖੂਹ ਨੇ ਗੇੜ੍ਹਦੇ, ਨਾ ਕਦੇ ਵੀ ਥੱਕਣ ਥਕਾਉਣ।
ਭੱਤਾ ਲੈ ਕੇ ਬੀਬੀਆਂ ,ਧੁੱਪ ਚੜ੍ਹੀ ਤੋਂ, ਖੇਤ ਨੂੰ ਆਉਣ।
ਲੱਸੀ,ਮਖਣੀ, ਰੋਟੀਆਂ ,ਇਹ ਚਿਣਕੇ ਛਕਣ-ਛਕਾਉਣ।
ਛੋਲੇ,ਗਾਜ਼ਰਾਂ,ਮੂਲੀਆਂ ,ਇਹ ਬਲਦਾਂ ਨੂੰ ਵੀ ਪਾਉਣ।
ਇਹ ਤੂੰਤਾਂ ਛਾਵੇਂ,ਸੌਂ, ਜਾਂਦੇ ਤੇ ਉਹਦਾ ਸ਼ੁਕਰ ਮਨਾਉਣ।
ਪਿਛਲੇ ਪਹਿਰ ਨੂੰ ਉੱਠਕੇ,ਇਹ ਛੱਡਿਆ ਕੰਮ ਮਕਾਉਣ।
‘ਭੱਤੇ ਵਾਲੀਆਂ ਬੀਬੀਆਂ ‘ਚੁੱਕੀ ਪੱਠੇ ਘਰਾਂ ਨੂੰ ਆਉਣ।
ਸੂਰਜ ਡੁੱਬਣ ਨਾਲ਼ ਹੀ,ਇਹ ਘਰ ਦੇ ਕੰਮ ਮਕਾਉਣ।
‘ਸੰਦੀਪ’ ਇਹ ਬੰਦੇ ਬੀਬੜੇ, ਮੇਰੇ ਸੁਪਨੇ ਦੇ ਵਿੱਚ ਆਉਣ।
ਇਹ ਬਾਤ ਪੁਰਾਣੇ ਸਮੇਂ ਦੀ, ਮੈਨੂੰ ਬੈਠਕੇ ਕੋਲ਼ ਸੁਣਾਉਣ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly