(ਸਮਾਜ ਵੀਕਲੀ)
ਪੰਜਾਬ ਦੇ ਸਮਾਜਿਕ-ਸਭਿਆਚਕ ਪ੍ਰਸੰਗ ਵਿਚ ਮੱਥੇ ਲੱਗਣ ਦਾ ਮੁਹਾਵਰਾ ਆਮ ਵਰਤਿਆ ਅਤੇ ਵਿਚਾਰਿਆ ਜਾਂਦਾ ਹੈ। ਇਸ ਦਾ ਭਾਵ ਕਿਸੇ ਵਿਅਕਤੀ ਜਾਂ ਵਸਤੂ ਦੇ ਰੂ-ਬ-ਰੂ ਹੋਣ ਤੋਂ ਲਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਨਾਲ ਪ੍ਰੇਮ ਕਰਨ ਵਾਲੇ ਇਸ ਨੂੰ ‘ਫੇਸ-ਟੂ-ਫੇਸ’ ਹੋਣਾ ਵੀ ਆਖਦੇ ਹਨ। ਇਸ ਮੁਹਾਵਰੇ ਦੀ ਵਰਤੋਂ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਕਿਸਮਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਇਹ ਭਾਵਨਾ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤੇ ਗਏ ਕਿਸੇ ਕਾਰਜ ਦੇ ਤਸੱਲੀਬਖ਼ਸ਼ ਜਾਂ ਗ਼ੈਰ-ਤਸੱਲੀਬਖ਼ਸ਼ ਸਿੱਟੇ ਦੀ ਉਪਜ ਹੁੰਦੀ ਹੈ।
ਬੇਸ਼ੱਕ ਕਿਸੇ ਕਾਰਜ ਦਾ ਸਿੱਟਾ ਉਸ ਕਾਰਜ ਨੂੰ ਕਰਨ ਵਾਲੇ ਕਰਤਾ ਦੀ ਮਿਹਨਤ, ਲਗਨ ਅਤੇ ਲਿਆਕਤ ਤੋਂ ਛੁੱਟ ਉਸ (ਕਰਤਾ) ਦੁਆਰਾ ਕਾਰਜ ਦੇ ਸੁਭਾਅ ਮੁਤਾਬਕ ਵਰਤੇ ਢੰਗ-ਤਰੀਕਿਆਂ ‘ਤੇ ਨਿਰਭਰ ਕਰਦਾ ਹੈ ਪਰ ਪ੍ਰਭਾਵਿਤ ਮਨੁੱਖ ਅਕਸਰ ਆਪਣੀ ਇਸ ਜ਼ਿੰਮੇਵਾਰੀ (ਵਿਸ਼ੇਸ਼ ਕਰਕੇ ਨਾਂਹ-ਪੱਖੀ ) ਨੂੰ ਕਿਸੇ ਹੋਰ ਦੇ ਮੱਥੇ ਮੜ੍ਹਕੇ ਆਪਣੇ ਆਪ ਨੂੰ ਸੁਰਖ਼ਰੂ ਮਹਿਸੂਸ ਕਰਨ ਲੱਗ ਪੈਂਦਾ ਹੈ। . ਸਵੇਰ ਉੱਠ ਕੇ ਜਦੋਂ ਕੋਈ ਵਿਅਕਤੀ ਆਪਣੇ ਇਸ਼ਟ ਦੇ ਸਨਮੁੱਖ ਅਰਦਾਸ/ਬੇਨਤੀ ਕਰਦਾ ਹੈ ਤਾਂ ਉਸ ਸਮੇਂ ਇਕ ਗੱਲ ਇਹ ਵੀ ਆਖਦਾ ਹੈ ਕਿ,‘ ਹੇ! ਪਰਮਾਤਮਾ ਅੱਜ ਕਿਸੇ ਨੇਕ ਦੇ ਮੱਥੇ ਲਗਾਈਂ।
ਪਰ ਕਿਸੇ ਨੇਕ ਜਾਂ ਨਾਨੇਕ ਬੰਦੇ ਦੀ ਕੋਈ ਸਿੱਕੇਬੰਦ ਪ੍ਰੀਭਾਸ਼ਾ ਨਹੀਂ ਹੁੰਦੀ। ਆਮ ਤੌਰ ‘ਤੇ ਜਿਸ ਮਨੁੱਖ ਦੇ ਸਮਾਜਿਕ-ਸਭਿਆਚਾਰਕ ਵਿਹਾਰ ਉਪਰ ਸਮਾਜ ਦੇ ਵੱਡੇ ਹਿੱਸੇ ਦੀ ਪ੍ਰਵਾਨਗੀ ਦੀ (ਹਾਂ ਪੱਖੀ ) ਮੋਹਰ ਲੱਗ ਜਾਵੇ,ਉਸ ਨੂੰ ਨੇਕ ਜਾਂ ਸਾਊ ਕਹਿ ਜਾਂਦਾ ਹੈ ਅਤੇ ਜਿਸ ਵਿਅਕਤੀ ਨਾਲ ਵਰਤੋਂ-ਵਿਹਾਰ ਰੱਖਣ ਤੋਂ ਸਮਾਜ ਦਾ ਵਡੇਰਾ ਹਿੱਸਾ ਆਪਣਾ ਹੱਥ ਪਿਛਾਂਹ ਖਿੱਚ ਲਵੇ ਜਾਂ ਮੇਲ-ਮਿਲਾਪ ਵਿਚ ਕੰਜੂਸੀ ਕਰਨ ਲੱਗ ਜਾਵੇ ਤਾਂ ਅਜਿਹੇ ਪੁਰਖ ਨੂੰ ਨਾਨੇਕਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ। ਘਰੋਂ ਕੰਮ ‘ਤੇ ਜਾਣ ਲੱਗਿਆਂ ਜੇਕਰ ਕੋਈ ਇਸ ਸ਼੍ਰੇਣੀ ਦਾ ਪੁਰਖ ਅਚਾਨਕ ਮੱਥੇ ਲੱਗ ਜਾਵੇ ਤਾਂ ਉਸ ਨੂੰ ਅਸ਼ੁੱਭਤਾ ਦਾ ਸੰਕੇਤ ਸਵੀਕਾਰ ਲਿਆ ਜਾਂਦਾ ਹੈ।
ਇਤਫ਼ਾਕਵੱਸ ਜੇਕਰ ਉਸ ਦਿਨ ਕੀਤੇ ਕਿਸੇ ਕੰਮ ਦਾ ਨਤੀਜਾ ਅਣਇੱਛਤ ਨਿਕਲ ਆਵੇ ਤਾਂ ਮੱਥੇ ਲੱਗਣ ਵਾਲੇ ਵਿਅਕਤੀ ਦੀ ‘ਧੀ-ਭੈਣ ਇੱਕ ਕਰ ਦਿੱਤੀ ਜਾਂਦੀ ਹੈ। ਕਈ ਲੋਕਾਂ ਨੂੰ ਤਾਂ ਇਹ ਵੀ ਕਹਿੰਦੇ ਸੁਣਿਆ ਜਾਂਦਾ ਹੈ ਕਿ ਅੱਜ ਤਾਂ ਫਲਾਣਾ/ਫਲਾਣੀ ਮੱਥੇ ਲੱਗਾ/ਲੱਗੀ ਹੈ,ਪਤਾ ਨਹੀਂ ਰੋਟੀ ਵੀ ਨਸੀਬ ਹੋਵੇਗੀ ਕਿ ਨਹੀਂ? ਜੇਕਰ ਕਿਸੇ ਦਿਨ ਕਿਸੇ ਦੁਕਾਨਦਾਰ ਦੀ ਦੁਕਾਨ ‘ਤੇ ਗਾਹਕ ਘੱਟ ਆਉਣ ਜਾਂ ਬਿਲਕੁੱਲ ਹੀ ਨਾ ਆਉਣ ਉਹ ਵੀ ਕਹਿ ਦਿੰਦਾ ਹੈ ਕਿ,‘ਪਤਾ ਨਹੀਂ ਅੱਜ ਕਿਸ ਦੇ ਮੱਥੇ ਲੱਗ ਕੇ ਆਇਆ ਹਾਂ ਅਜੇ ਤੀਕ ਬੋਹਣੀ (ਗਾਹਕ ਦੀ ਪਹਿਲੀ ਆਮਦ) ਵੀ ਨਹੀਂ ਹੋਈ,ਅੱਜ ਤਾਂ ਚਾਹ ਵੀ ਪੱਲਿਉਂ ਹੀ ਪੀਣੀ ਪਈ ਹੈ।’
ਜੇਕਰ ਸਫ਼ਰ ਕਰਦੇ ਸਮੇਂ ਕਿਸੇ ਦੇ ਸਾਇਕਲ ਜਾਂ ਸਕੂਟਰ ਦਾ ਟਾਇਰ ਪੰਕਚਰ ਹੋ ਜਾਵੇ ਜਾਂ ਕੋਈ ਹੋਰ ਅੜਿਕਾ ਡਹਿ ਜਾਵੇ ਤਾਂ ਇਸ ਦਾ ਦੋਸ਼ ਵੀ ਕਿਸੇ ‘ਮੱਥੇ ਲੱਗਣ’ ਵਾਲੇ ਮਰਦ ਜਾਂ ਔਰਤ ਦੇ ਸਿਰ ਹੀ ਧਰ ਦਿੱਤਾ ਜਾਂਦਾ ਹੈ। ਗੱਲ ਸਿਰਫ ਦੋਸ਼ ਧਰਾਈ ‘ਤੇ ਹੀ ਨਹੀਂ ਖੜ੍ਹਦੀ ਸਗੋਂ ਮੱਥੇ ਲੱਗਣ ਵਾਲੇ ਜਾਂ ਵਾਲੀ ਨੂੰ ਰੱਜਵਾਂ ਬੁਰਾ-ਭਲਾ ਵੀ ਕਿਹਾ ਜਾਂਦਾ ਹੈ। ਮੱਥੇ ਲੱਗਣ ਦਾ ਇੱਕ ਪਹਿਲੂ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ।
ਕਈ ਆਰਥਿਕ ਪੱਖੋਂ ਮਜਬੂਤ ਪਰਿਵਾਰ ਭਾਵ ਖਾਂਦੇ-ਪੀਂਦੇ ਘਰ-ਘਰਾਣਿਆਂ ਦੇ ਮਾਲਿਕ ਆਪਣੇ ਦਾਲ-ਫੁੱਲਕਾ ਛੱਕਣ ਵਾਲੇ ਅੰਗਾਂ-ਸਾਕਾਂ ਦੇ ਮੱਥੇ ਲੱਗਣ ਨੂੰ ਸੁਖਦਾਇਕ ਨਹੀਂ ਸਮਝਦੇ। ਜੇਕਰ ਕੋਈ ਭੁੱਲਿਆ-ਭਟਕਿਆ ਮੱਥੇ ਲੱਗ ਵੀ ਜਾਂਦਾ ਹੈ ਤਾਂ ਉਸ ਨੂੰ ਦੇਖਦਿਆਂ ਹੀ ਮੱਥੇ ਵੱਟ ਪਾ ਲੈਂਦੇ ਹਨ। ਮੱਥੇ ਲੱਗਣ ਦਾ ਇਕ ਹੋਰ ਪਹਿਲੂ ਕਿਸੇ ਵਿਅਕਤੀ ਦੀ ਲੰਮੀ ਗ਼ੈਰ-ਹਾਜਰੀ ਨਾਲ ਵੀ ਸੰਬੰਧਤ ਹੈ। ਕਿਸੇ ਦਾ ਕੋਈ ਦੇਣਦਾਰ ਜੇਕਰ ਲੰਮਾ ਸਮਾਂ ਉਸ (ਲੈਣਦਾਰ) ਨਾਲ ਸੰਪਰਕ ਨਹੀਂ ਕਰਦਾ ਤਾਂ ਉਹ ਵੀ ਸਹਿਜ ਸੁਭਾਅ ਹੀ ਆਖ ਦਿੰਦਾ ਹੈ, ‘ਕੀ ਗੱਲ ਹੋ ਗਈ ਬਈ! ਅੱਜਕੱਲ੍ਹ ਤਾਂ ਮੱਥੇ ਲੱਗਣੋਂ ਵੀ ਗਿਆ।’
ਵਾਰਤਾਲਾਪ ਦੌਰਾਨ ਕੁੱਝ ਮਨੁੱਖ ਆਪਣੇ ਕਥਨਾਂ ਵਿਚਲੀ ਸੱਚਾਈ ਨੂੰ ਸਾਬਤ ਕਰਨ ਲਈ ਵੀ ਕੁਝ ਵਸਤੂਆਂ ਨੂੰ (ਕਸਮ ਖਾਣ ਹਿੱਤ) ਮੱਥੇ ਲਗਾ ਲੈਂਦੇ ਹਨ ਅਤੇ ਕਹਿ ਦਿੰਦੇ ਹਨ ਕਿ,‘ਮੇਰੇ ਸੂਰਜ/ਦੀਪਕ ਮੱਥੇ ਲੱਗਦਾ ਹੈ ਜੇਕਰ ਮੈਂ ਕੋਈ ਝੂਠ ਬੋਲਾਂ।’ ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ‘ਮੱਥੇ ਲੱਗਣ’ ਦਾ ਪ੍ਰਸੰਗ ਕਿਸੇ ਵਿਅਕਤੀ ਜਾਂ ਵਸਤੂ ਦਾ ਸਾਹਮਣਾ ਕਰਨਾ ਹੀ ਹੁੰਦਾ ਹੈ। ਵਿਗਿਆਨਕ ਨਜ਼ਰੀਏ ਤੋਂ ਦੇਖਿਆਂ ਕਿਸੇ ਚਾਹੇ ਜਾਂ ਅਣਚਾਹੇ ਮਨੁੱਖ ਦੇ ਸਾਹਮਣੇ ਹੋ ਜਾਣ ਨਾਲ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਫਰਕ ਨਹੀਂ ਪੈਂਦਾ ਪਰ ਇਸ (ਮੱਥੇ ਲੱਗਣ) ਦੀ ਓਟ ਨਾਲ ਕੁੱਝ ਬੰਦੇ ਆਪਣੀਆਂ ਅਣਗਹਿਲੀਆਂ /ਜ਼ਿੰਮੇਵਾਰੀਆਂ ਤੋਂ ਭੱਜਣ ਦਾ ਰਾਹ ਜ਼ਰੂਰ ਸੁਖਾਲਾ ਕਰ ਲੈਂਦੇ ਹਨ।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly