ਕਾਬੁਲ (ਸਮਾਜ ਵੀਕਲੀ): ਅਫ਼ਗਾਨਿਸਤਾਨ ’ਚ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਪਾਕਿਸਤਾਨ ਨਾਲ ਲਗਦੇ ਮੁੱਖ ਸਰਹੱਦੀ ਲਾਂਘੇ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਹੈ। ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਤਾਲਿਬਾਨ ਨੇ ਪਾਕਿਸਤਾਨ ਦੇ ਕਸਬੇ ਚਮਨ ਅਤੇ ਅਫ਼ਗਾਨੀ ਸ਼ਹਿਰ ਵੇਸ਼ ਵਿਚਕਾਰਲੇ ਸਰਹੱਦੀ ਲਾਂਘੇ ‘ਦੋਸਤੀ ਗੇਟ’ ਦੇ ਉਪਰ ਲੱਗੇ ਅਫ਼ਗਾਨ ਸਰਕਾਰ ਦੇ ਝੰਡੇ ਨੂੰ ਉਤਾਰ ਦਿੱਤਾ ਹੈ। ਇਹ ਮੁਲਕ ਦਾ ਦੂਜਾ ਸਭ ਤੋਂ ਰੁਝੇਵੇਂ ਵਾਲਾ ਲਾਂਘਾ ਹੈ ਅਤੇ ਇਥੋਂ ਰੋਜ਼ਾਨਾ 900 ਟਰੱਕ ਲੰਘਦੇ ਹਨ। ਤਾਲਿਬਾਨ ਅਤੇ ਅਫ਼ਗਾਨ ਫ਼ੌਜ ਵਿਚਕਾਰ ਲੜਾਈ ਮਗਰੋਂ ਪਾਕਿਸਤਾਨ ਨੂੰ ਆਪਣੀ ਸਰਹੱਦ ਦੇ ਕੁਝ ਹਿੱਸੇ ਸੀਲ ਕਰਨੇ ਪਏ ਹਨ।
ਉਧਰ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਤਾਲਿਬਾਨ ਲੜਾਕਿਆਂ ਨੂੰ ਕੰਧਾਰ ਸੂਬੇ ਦੇ ਸਪਿਨ ਬੋਲਡਾਕ ਸਰਹੱਦੀ ਜ਼ਿਲ੍ਹੇ ’ਚ ਪਿੱਛੇ ਧੱਕ ਦਿੱਤਾ ਹੈ। ਪਰ ਲੋਕਾਂ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਨੇ ਵੇਸ਼ ਸਰਹੱਦੀ ਚੌਕੀ ’ਤੇ ਕਬਜ਼ਾ ਕਰ ਲਿਆ ਹੈ। ਚਮਨ ’ਚ ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਨੇ ਇਸ ਲਾਂਘੇ ਤੋਂ ਸਾਰੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਹੈ। ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਬਿਆਨ ’ਚ ਕਿਹਾ ਕਿ ਮੁਜਾਹਦੀਨ ਨੇ ਅਹਿਮ ਸਰਹੱਦੀ ਕਸਬੇ ਵੇਸ਼ ’ਤੇ ਕਬਜ਼ਾ ਕਰ ਲਿਆ ਹੈ।
ਰਿਪੋਰਟਾਂ ਮੁਤਾਬਕ ਤਾਲਿਬਾਨ ਨੇ ਹੇਰਾਤ, ਫਰਾਹ ਅਤੇ ਕੁੰਡੂਜ਼ ਸੂਬਿਆਂ ਦੇ ਸਰਹੱਦੀ ਲਾਂਘਿਆਂ ’ਤੇ ਵੀ ਬੀਤੇ ਕੁਝ ਦਿਨਾਂ ’ਚ ਆਪਣਾ ਕਬਜ਼ਾ ਜਮਾ ਲਿਆ ਹੈ। ਅਫ਼ਗਾਨਿਸਤਾਨ ਚੈਂਬਰ ਆਫ਼ ਕਾਮਰਸ ਐਂਡ ਇਨਵੈਸਟਮੈਂਟ ਦੇ ਚੇਅਰਮੈਨ ਸ਼ਫੀਕਉੱਲ੍ਹਾ ਅਤਾਈ ਨੇ ਕਿਹਾ ਕਿ ਸਰਹੱਦੀ ਲਾਂਘਿਆਂ ’ਤੇ ਕਬਜ਼ੇ ਨਾਲ ਤਾਲਿਬਾਨ ਮਾਲੀਆ ਇਕੱਤਰ ਕਰੇਗਾ। ਉਧਰ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਬਲਖ਼ ਸੂਬੇ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly