“ਲੈ ਤੁਰ ਗਈ ਸਰਪੰਚੀ ਵੇ…ਹੁਣ ਚੁੱਕੀ ਫਿਰ ‘ਕੱਲੀਆਂ ਮੋਹਰਾਂ ਨੂੰ” 

 ਬੇਅੰਤ ਗਿੱਲ ਭਲੂਰ 
ਮੌਜੂਦਾ’ ਤੋਂ ‘ਸਾਬਕਾ’ ਹੋਏ ਸਰਪੰਚਾਂ ਦੇ ਵਿਹੜਿਆਂ ‘ਚੋਂ ਰੌਣਕ ਹੋਈ ਛੂ-ਮੰਤਰ 
‘ਲੈ ਤੁਰ ਗਈ ਸਰਪੰਚੀ ਵੇ,, ਹੁਣ ਚੁੱਕੀ ਫਿਰ ਇਕੱਲੀਆਂ ਮੋਹਰਾਂ ਨੂੰ’ ਇਹ ਸਤਰ ਕਿਸੇ ਗਾਇਕ ਦਾ ਗੀਤ ਬਿਲਕੁਲ ਨਹੀਂ ਹੈ, ਇਹ ਮੇਰੇ ਵੱਲੋਂ ਮੌਜੂਦਾ ਤੋਂ ਸਾਬਕਾ ਹੋਏ ਸਰਪੰਚਾਂ ਦੇ ਹਾਲਾਤਾਂ ਦੀ ਤੁਕਬੰਦੀ ਹੈ। 12 ਅਗਸਤ ਦਿਨ ਸ਼ਨੀਵਾਰ ਤੋਂ ਪਹਿਲਾਂ ਸਰਪੰਚਾਂ ਦੀ ਮੋਹਰ ਠੱਪ ਠੱਪ ਚੱਲ ਰਹੀ ਸੀ ਪਰ ਇਕੋ ਦਮ ਸ਼ਨੀਵਾਰ ਨੂੰ ਇਹ ਮੋਹਰ ਚੱਲੇ ਹੋਏ ਗੰਢ ਪਟਾਖ਼ੇ ਵਰਗੀ ਹੋ ਗਈ। ਦੱਸਣਾ ਬਣਦਾ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਜਿਵੇਂ ਹੀ ਰਾਜ ਦੇ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਐਕਟ 1994 ਦੀ ਧਾਰਾ 29-ਏ ਅਧੀਨ ਪੰਚਾਇਤਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਭੰਗ ਕਰ ਦਿੱਤੀਆਂ ਤਾਂ ਪਿੰਡ ਦੇ ਸਰਪੰਚਾਂ ਦੇ ਨਾਵਾਂ ਨਾਲ ‘ਸਾਬਕਾ’ ਸ਼ਬਦ ਆ ਜੁੜਿਆ। ਵੈਸੇ ਇਸ ਸ਼ਬਦ ਦਾ ਜੁੜਨਾ ਜਾਂ ਨਾ ਜੁੜਨਾ ਕੋਈ ਅਹਿਮੀਅਤ ਨਹੀਂ ਰੱਖਦਾ। ਵੇਖਿਆ ਜਾਵੇ ਤਾਂ ਮੌਜੂਦਾ ਆਹੁਦੇ ਦੀ ਤਾਕਤ ਹੀ ਲੋਕਾਂ ਲਈ ਲਾਹੇਵੰਦ ਹੋ ਸਕਦੀ ਹੈ। ‘ਮੌਜੂਦਾ’ ਤੋਂ ‘ਸਾਬਕਾ’ ਵਿਚ ਤਬਦੀਲ ਹੋਇਆ ਬੰਦਾ ਆਪਣੀ ਰੂਹ ਨੂੰ ਤਾਂ ਸਕੂਨ ਦੇ ਸਕਦਾ ਪਰ ਲੋਕਾਂ ਲਈ ਕੁਝ ਨਹੀਂ ਕਰ ਸਕਦਾ। ਇੱਥੇ ਤਾਂ ‘ਮੌਜੂਦਾ’ ਕੁਝ ਨਹੀਂ ਕਰਦੇ, ‘ਸਾਬਕਾ’ ਨੇ ਤਾਂ ਕਰਨਾ ਹੀ ਕੀ ਹੈ। ਸਰਕਾਰ ਦੇ ਐਲਾਨ ਕਰਦਿਆਂ ਹੀ 13241 ਪੰਚਾਇਤਾਂ ਖੱਟੀ ਲੱਸੀ ਵਰਗੀਆਂ ਹੋ ਗਈਆਂ ਹਨ।
ਇਹਨਾਂ ਦੀ ਥਾਂ ਹੁਣ ਪ੍ਰਬੰਧਕਾਂ ਨੇ ਲੈ ਲਈ ਹੈ। ਮੌਜੂਦਾ ਤੋਂ ਸਾਬਕਾ ਹੋਏ ਸਰਪੰਚਾਂ ਦੇ ਵਿਹੜਿਆਂ ਵਿੱਚੋਂ ਲੋਕਾਂ ਦੀ ਰੌਣਕ ਵੀ ਛੂ- ਮੰਤਰ ਹੋ ਗਈ। ਬਹੁਤ ਸਾਰੇ ਸਰਪੰਚ ਤਾਂ ਸ਼ਨੀਵਾਰ ਤੋਂ ਮਗਰੋਂ ਆਪਣੇ ਪਰਿਵਾਰਾਂ ਵਿਚ ਜੀ ਭਰ ਕੇ ਬੈਠਣ ਲੱਗੇ ਹਨ ਅਤੇ ਇਕ ਦੂਜੇ ਦੇ ਦੁੱਖ ਸੁੱਖ ਜਾਨਣ ਵਾਲੇ ਹੋਏ ਹਨ। ਨਿੱਤ ਦੀ ਭੱਜ ਦੌੜ ਬੰਦੇ ਨੂੰ ਪਰਿਵਾਰ ਤੋਂ ਵੀ ਦੂਰ ਕਰੀ ਰੱਖਦੀ ਹੈ। ਪਰਿਵਾਰਾਂ ਲਈ ਤਾਂ ਚੰਗਾ ਹੀ ਹੋਇਆ ਕਿ ਉਨ੍ਹਾਂ ਨੂੰ ਮੁਕੰਮਲ ਰੂਪ ਵਿੱਚ ਬੰਦੇ ਵਾਪਿਸ ਮਿਲ ਗਏ। ਜ਼ਿਆਦਾਤਰ ਸਰਪੰਚ ਤਾਂ ਰਾਤ ਨੂੰ 12 -12 ਵਜੇ ਤੱਕ ਘਰ ਵੜਨ ਦਾ ਨਾਂਅ ਨਹੀਂ ਲੈਂਦੇ, ਜਿਸ ਕਰਕੇ ਸਰਪੰਚਣੀਆਂ ਦੀ ਜਾਨ ਮੁੱਠੀ ਵਿਚ ਆਈ ਰਹਿੰਦੀ ਹੈ। ਬਹੁਤ ਸਾਰੇ ਸਰਪੰਚਾਂ ਦੀਆਂ ਘਰਾਵਾਲੀਆਂ ਨੇ ਤਾਂ ਸਰਕਾਰ ਦਾ ਸ਼ੁਕਰਾਨਾ ਹੀ ਕੀਤਾ ਹੋਊ ਕਿ ਸ਼ੁਕਰ ਹੈ ਜੇ ਸਾਡੇ ਸਰਪੰਚ ਦੇ ਪੈਰਾਂ ਨੂੰ ਲੱਗਾ ਚੱਕਰ ਵੀ ਲੱਥਾ ਹੈ। ਇੱਥੇ ਇਕ ਗੱਲ ਬੜੀ ਗੌਰ ਕਰਨ ਵਾਲੀ ਹੈ ਕਿ 2019 ਵਿਚ ਜਦੋਂ ਇਹਨਾਂ ਸਰਪੰਚਾਂ ਨੇ ਕਾਰਜਭਾਰ ਸੰਭਾਲਿਆ ਸੀ ਤਾਂ ਬਹੁਤਿਆਂ ਨੇ ਤਾਂ ਪਹਿਲੇ ਦਿਨ ਹੀ ਧਾਰ ਲਿਆ ਸੀ ਕਿ ਪਿੰਡ ਨੂੰ ਹਰ ਪੱਖੋਂ ਖੂਬਸੂਰਤ ਤੇ ਮਜ਼ਬੂਤ ਕਰਨਾ ਹੈ। ਪਿੰਡ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਹੈ।
ਪਿੰਡ ਵਿੱਚ ਮਨੁੱਖੀ ਹਸਪਤਾਲ ਤੇ ਪਸ਼ੂ ਹਸਪਤਾਲ ਪੈਰਾਂ ਸਿਰ ਕਰਨੇ ਹਨ। ਪਿੰਡ ਦੇ ਸਕੂਲ ਵਿੱਚ ਮਾਸਟਰਾਂ ਦੀ ਗਿਣਤੀ ਪੂਰੀ ਕਰਨੀ ਹੈ। ਬੱਚਿਆਂ ਲਈ ਖੇਡ ਗਰਾਊਂਡਾਂ ਤੇ ਪਿੰਡ ਦੀ ਦਿੱਖ ਸੰਵਾਰਨ ਲਈ ਫੁੱਲ ਬਗੀਚੀਆਂ ਵੀ ਤਿਆਰ ਕਰਨੀਆਂ ਹਨ। ਸਾਂਝੀਆਂ ਥਾਂਵਾਂ ਉੱਪਰ ਵੱਖ ਵੱਖ ਤਰ੍ਹਾਂ ਦੇ ਬਿਰਖ਼ ਲਗਾਉਣੇ ਹਨ। ਸਹੁਰਿਆਂ ਤੋਂ ਤੰਗ ਧੀਆਂ ਨੂੰ ਘਰੋਂ ਘਰੀਂ ਵੱਸਦੀਆਂ ਕਰਨਾ ਹੈ। ਬਜ਼ੁਰਗਾਂ ਦੀਆਂ ਦੁੱਖ ਤਕਲੀਫਾਂ ਵੀ ਦੂਰ ਕਰਨੀਆਂ ਹਨ। ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਪੂਰਨ ਕਰਨਾ ਹੈ। ਉਪਰੋਕਤ ਸਾਰੀਆਂ ਗੱਲਾਂ ਤਾਂ ਉਸ ਸਰਪੰਚ ਨੇ ਸੋਚੀਆਂ ਤੇ ਪੂਰੀਆਂ ਵੀ ਕੀਤੀਆਂ ਜਿਸ ਨੂੰ ਸਰਪੰਚੀ ਕਰਨ ਦਾ ਸ਼ੌਕ ਸੀ। ਜਿਸ ਨੂੰ ਪਿੰਡ ਦੇ ਕੰਮ ਕਰਦਿਆਂ ਸਕੂਨ ਮਿਲਦਾ ਹੈ। ਉਦਾਹਰਣ ਦੇ ਤੌਰ ‘ਤੇ ਅਜਿਹੇ ਅਣਗਿਣਤ ਸਰਪੰਚ ਹਨ, ਜਿੰਨ੍ਹਾਂ ਨੇ ਆਪਣੇ ਪਿੰਡਾਂ ਦੇ ਮੂੰਹ ਮੱਥੇ ਸੰਵਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਿਸ ਤਰ੍ਹਾਂ ਪਿੰਡ ਲੋਹਾਖੇੜਾ ਦਾ ਨੌਜਵਾਨ ਸਰਪੰਚ ਜਗਸੀਰ ਸਿੰਘ ਸਿੱਧੂ ਉਰਫ਼ ਜੱਗੀ ਸਿੰਘ ਹੈ, ਉਸਦੇ ਕੰਮਾਂ ਨੂੰ ਹਰ ਕੋਈ ਸਲਾਮ ਕਰਦਾ ਹੈ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਲੋਹਾਖੇੜਾ ਵਿਚ ਉਸ ਦੁਆਰਾ ਕੀਤੀ ਸਰਪੰਚੀ ਮੂੰਹੋਂ ਬੋਲਦੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਪਿੰਡ ਗਿੱਲ ਦੇ ਸਰਪੰਚ ਸਰਦਾਰ ਰਣਜੀਤ ਸਿੰਘ ਉਰਫ਼ ਰਾਣਾ ਗਿੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਵੱਲੋਂ ਕੀਤੇ ਕਾਰਜ ਵੀ ਸਲਾਹੁਣਯੋਗ ਹਨ। ਇਸੇ ਤਰ੍ਹਾਂ ਅਨੇਕਾਂ ਹੀ ਪਿੰਡ ਹਨ, ਜਿੰਨ੍ਹਾਂ ਨੂੰ ਇਮਾਨਦਾਰ, ਮਿਹਨਤੀ, ਸਿਰੜੀ ਤੇ ਸ਼ੋਕ ਨਾਲ ਕੰਮ ਕਰਨ ਵਾਲੇ ਸਰਪੰਚ ਨਸੀਬ ਹੋਏ ਸਨ ਅਤੇ ਉਨ੍ਹਾਂ ਪਿੰਡਾਂ ਲਈ ਲੰਘੇ ਪੰਜ ਸਾਲ ਖੁਸ਼ਨਸੀਬ ਬਣ ਗਏ। ਇਕ ਪਾਸੇ ਐਨੇ ਘੈਂਟ ਸਰਪੰਚ ਵੇਖਦੇ ਹਾਂ ਤਾਂ ਦੂਜੇ ਪਾਸੇ ਸੁਸਤ, ਕੰਮਚੋਰ, ਬੇਈਮਾਨ ਤੇ ਬੇਰੁਖੇ ਸਰਪੰਚਾਂ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਉਨ੍ਹਾਂ ਦੀ ਕਹਾਣੀ ਕਿਸੇ ਹੋਰ ਲਿਖਤ ਵਿੱਚ ਬਿਆਨ ਕਰਾਂਗੇ। ਵੇਖਿਆ ਜਾਵੇ ਤਾਂ ਬਹੁਤੇ ਪਿੰਡਾਂ ਨੂੰ ਤਾਂ ਜੋਕਾਂ ਹੀ ਚਿੰਬੜੀਆਂ ਸਨ। ਅੱਜ ਪੰਚਾਇਤਾਂ ਭੰਗ ਹੋਣ ਮਗਰੋਂ ਪਿੰਡਾਂ ਦੇ ਪਿੰਡਿਆਂ ਤੋਂ ਜੋਕਾਂ ਲੱਥ ਗਈਆਂ ਹਨ ਤੇ ਪਿੰਡ ਵਿਚਾਰੇ ਝੂਠੀ ਆਸ ਧਰਵਾਸ ਤੋਂ ਸੁਖਾਲੇ ਹੋ ਗਏ ਹਨ।
 ਬੇਅੰਤ ਗਿੱਲ ਭਲੂਰ 
 9914381958

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਨੰਬਰਦਾਰ ਯੂਨੀਅਨ ਦੇ ਵੇਹੜੇ ਸਿੱਧੂ ਮੂਸੇਵਾਲੇ ਦੇ ਚਾਚਾ ਚਮਕੌਰ ਸਿੰਘ ਨੇ ਲਹਿਰਾਇਆ ਦੇਸ਼ ਦਾ ਤਿਰੰਗਾ ਝੰਡਾ – ਅਸ਼ੋਕ ਸੰਧੂ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸ਼ਹੀਦ ਦੀ ਮਾਤਾ ਨੂੰ ਕੀਤਾ ਸਨਮਾਨਿਤ