ਕੇਵਲ ਸਿੰਘ ਰੱਤੜਾ
(ਸਮਾਜ ਵੀਕਲੀ) ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਦੇ ਕੁੱਝ ਵਿਲੱਖਣ ਪੱਖਾਂ ਬਾਰੇ ਵਿਚਾਰ ਕਰਦੇ ਹਾਂ ਕਿ ਬਾਲਕ ਨਾਨਕ,ਗੁਰੂ ਨਾਨਕ ਦੇਵ ਜੀ ਕਿਉਂ ਅਤੇ ਕਿੰਝ ਬਣੇ ? ਉਹ ਅੱਜ ਵੀ ਵਿਸ਼ਵ ਪੱਧਰ ਤੇ ਸਾਰਥਿਕ ਕਿਵੇਂ ਹਨ? ਗੁਰੂ ਨਾਨਕ ਜੀ ਦਾ ਜਨਮ 1469 ( ਜਨਮ ਤਾਰੀਖ ਬਾਰੇ ਰੇੜਕਾ ਬਰਕਰਾਰ ਹੈ)ਵਿੱਚ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਤਲਵੰਡੀ ( ਰਾਏ ਭੋਇ) ਨਾਮਕ ਪਿੰਡ ਵਿੱਚ ਹੋਇਆ। ਇਹ ਪਿੰਡ ਇੱਕ ਵੱਡੇ ਮੁਸਲਮਾਨ ਜਗੀਰਦਾਰ ਅਤੇ ਇਲਾਕੇ ਵਿੱਚ ਮੰਨੇ ਪ੍ਰਮੰਨੇ ਰਸੂਖਦਾਰ ਚੌਧਰੀ ਦੀ ਮਲਕੀਅਤ ਵਾਲਾ ਸੀ।ਬਹੁਤੇ ਲੋਕ ਪਿੰਡ ਵਿੱਚ ਉਸਦੀ ਖੇਤੀ , ਸਾਂਭ ਸੰਭਾਲ ਲਈ ਹੀ ਕਰਿੰਦੇ ਸਨ। ਬੱਚੇ ਨਾਨਕ ਦੇ ਪਿਤਾ ਆਪਣੇ ਸਮਿਆਂ ਦੇ ਮਾਲ ਮਹਿਕਮੇ ਦੇ ਵੱਡੇ ਕਰਮਚਾਰੀ ਸਨ। ਅੱਜ ਵੀ ਪਟਵਾਰੀ ਹੋਣਾ ਕਿਸਾਨਾਂ ਲਈ ਬਹੁਤ ਅਹਿਮੀਅਤ ਵਾਲੀ ਨੌਕਰੀ ਹੈ। ਉਹ ਬਚਪਨ ਤੋਂ ਹੀ ਸੰਵੇਦਨਸ਼ੀਲ ਅਤੇ ਤਰਕ ਕਰਨ ਵਾਲੇ ਬਾਲ ਸਨ। ਇਸ ਉਮਰ ਵਿੱਚ ਸਵਾਲ ਉੱਠਣੇ ਅਤੇ ਪੁੱਛਣੇ ਕੁਦਰਤੀ ਵਰਤਾਰਾ ਹੈ। ਬਾਲਕ ਹਮੇਸ਼ਾਂ ਜਾਨਣ ਅਤੇ ਖੋਜਣ ਦੀ ਬਿਰਤੀ ਵਾਲੇ ਹੁੰਦੇ ਹਨ, ਪ੍ਰਤੀਸ਼ਤ ਮਾਤਰਾ ਵੱਧ ਘੱਟ ਹੋ ਸਕਦੀ ਹੈ। ਗਰੀਬ ਬੱਚਿਆਂ ਦੀ ਇਹ ਰੁੱਚੀ ਹੌਲੀ ਹੌਲੀ ਮੱਧਮ ਪੈ ਜਾਂਦੀ ਹੈ। ਕਾਰਣ ਹੈ ਮਾਪਿਆਂ ਕੋਲ ਤਸੱਲੀਬਖਸ਼ ਜਵਾਬ ਦਾ ਨਾ ਹੋਣਾ ,ਜਾਣ ਬੁੱਝਕੇ ਅਣਗੌਲਿਆਂ ਕਰਨਾ ਜਾਂ ਫਿਰ ਸਮੇਂ ਨੂੰ ਟਾਲਣ ਵਾਲਾ ਨਜ਼ਰੀਆ। ਇਸ ਪੱਖੋਂ ਬਾਲਕ ਨਾਨਕ ਨੂੰ ਘਰ ਵਿੱਚ ਹੀ ਵੱਡੀ ਭੈਣ ਨਾਨਕੀ ਵੱਲੋਂ ਮਾਰਗ ਦਰਸ਼ਨ ਅਤੇ ਸਹਿਯੋਗ ਪ੍ਰਾਪਤ ਹੋ ਜਾਂਦਾ ਸੀ।ਮਾਤਾ ਜੀ ਘਰ ਵਿੱਚ ਭਾਵੇਂ ਪਿਤਾ ਦੇ ਬਰਾਬਰ ਰੁਅੱਬ ਤਾਂ ਨਹੀਂ ਸਨ ਰੱਖਦੇ ਪਰ ਅੰਦਰੋਂ ਅੰਦਰ ਨਾਨਕ ਜੀ ਦਾ ਵਿਰੋਧ ਵੀ ਨਹੀਂ ਸਨ ਕਰਦੇ।ਮਾਤਾ ਤ੍ਰਿਪਤਾ ਅਤੇ ਭੈਣ ਨਾਨਕੀ ਪੰਦਰਵੀਂ ਸਦੀ ਦੀ ਔਰਤ ਦੇ ਸਮਾਜਕ ਰੁਤਬੇ ਨੂੰ ਪ੍ਰਭਾਸ਼ਿਤ ਕਰਦੀਆਂ ਹਨ। ਬਾਲਕ ਨਾਨਕ ਨੂੰ ਸਕੂਲੇ ਪੜ੍ਹਨ ਲਈ ਪਾਇਆ ਜਾਂਦਾ ਹੈ।ਪਰ ਉਹਨਾਂ ਦੀ ਰੱਬ ਦੇ ਅਰਥਾਂ ਪ੍ਰਤੀ ਖੋਜੀ ਬਿਰਤੀ ਦੀ ਸੰਤੁਸ਼ਟੀ ਨਾ ਤਾਂ ਰਵਾਇਤੀ ਮੁਸਲਿਮ ਮੌਲਵੀ ਅਤੇ ਨਾ ਹੀ ਹਿੰਦੂ ਪੰਡਤ ਕਰਵਾ ਸਕੇ। ਕਿਉਂਕਿ ਰੂੜੀਵਾਦੀ ਵਿਚਾਰ ਕੁਦਰਤੀ ਵਰਤਾਰੇ ਦੇ ਖਿਲਾਫ ਸਿਰਜੇ ਪਏ ਸਨ।ਹਿੰਦੂ ਪਰਿਵਾਰ ਵਿੱਚ ਪੈਦਾ ਹੋ ਕੇ ਉਹ ਵਿਧੀਵਤ ਤਰੀਕੇ ਨਾਲ ਹਿੰਦੂ ਨਾ ਬਣੇ।
” ਦਇਆ ਕਪਾਹ ਸੰਤੋਖੁ ਸੂਤ, ਜਤੁ ਗੰਢੀ ਸਤਿ ਵਟੁ”
ਦਾ ਬਣਿਆ ਜਨੇਊ ਨਾ ਹੋਣ ਕਰਕੇ ਇਹ ਰਸਮ ਰਹਿ ਗਈ। ਜਿਵੇਂ ਜਿਵੇਂ ਬਾਲ ਵਰੇਸ ਤੋਂ ਅੱਗੇ ਉਮਰ ਵਿੱਚ ਵਾਧਾ ਹੋਇਆ ਨੌਜਵਾਨ ਨਾਨਕ ਸਵਾਲ ਉਸਾਰਨ ਅਤੇ ਜਵਾਬ ਲੱਭਣ ਦੀ ਮਿਹਨਤ ਵੱਲ ਰੁਚਿਤ ਹੋ ਗਿਆ।ਫਾਰਸੀ,ਬ੍ਰਿਜ ਪੰਜਾਬੀ ਅਤੇ ਹੋਰ ਸਮੇਂ ਦੀਆਂ ਪ੍ਰਚਲਤ ਭਾਸ਼ਾਵਾਂ ਦਾ ਗਿਆਨ ਉਹਨਾਂ ਨੇ ਗੈਰ ਰਸਮੀ ਤਰੀਕੇ ਨਾਲ ਘਰ ਰਹਿਕੇ (ਅਜੋਕੇ ਟਿਊਸ਼ਨ) ਹੀ ਪ੍ਰਾਪਤ ਕੀਤਾ। ਕੋਈ ਗਰੀਬ ਬੱਚਾ ਹੁੰਦਾ ਤਾਂ ਜ਼ਬਰੀ ਮਾਰ ਕੁਟਾਈ ਕਰਕੇ ਪੜਾਈ ਅਤੇ ਕਾਰੋਬਾਰ ਸਿੱਖਣ ਲਈ ਸਭ ਕੁੱਝ ਕਰਵਾ ਦਿੱਤਾ ਜਾਂਦਾ ਅਤੇ ਉਸਦੀ ਉਤਸੁਕਤਾ ਨੇ ਉੱਥੇ ਹੀ ਦਮ ਤੋੜ ਦੇਣਾ ਸੀ। ਨਾਨਕ ਆਪਣੇ ਪਿਤਾ ਦੇ ਦਬਾਅ ਹੇਠ ਸਰਕਾਰੀ ਨੌਕਰੀ ਜਾਂ ਵਪਾਰ ਨਾ ਕਰ ਸਕੇ। ਸਗੋਂ ਰੱਬ ਦੇ ਸੰਕਲਪ ਨੂੰ ਸਮਾਜ ਵਿੱਚ ਪ੍ਰਚਾਰੇ ਜਾ ਰਹੇ ਢੰਗ ਤਰੀਕਿਆਂ ਨੂੰ ਸਮਝਣ ਵੱਲ ਲੱਗੇ ਰਹੇ।ਕਾਰਣ ਸਨ ਖਿੱਤੇ ਵਿੱਚ ਪਸਰੇ ਸਮਕਾਲੀਨ ਧਾਰਮਿਕ ਵਿਸ਼ਵਾਸ,ਰਹੁ ਰੀਤਾਂ,ਗਰੀਬਾਂ ਪ੍ਰਤੀ ਭੇਦਭਾਵ, ਨਸਲਵਾਦੀ ਪਹੁੰਚ ,ਪੱਖਪਾਤੀ ਨਿਆਂ ਪ੍ਰਣਾਲੀ ਅਤੇ ਸਰਕਾਰੀ ਦਮਨਕਾਰੀ ਨੀਤੀਆਂ ਆਦਿ। ਇੱਥੋਂ ਇੱਕ ਸਮਾਜਕ ਅਤੇ ਧਾਰਮਿਕ ਬਦਲਾਅ ਦੇ ਰਸਤੇ ਲਈ ਲੀਕ ਖਿੱਚੀ ਜਾਂਦੀ ਹੈ ।
ਹਰ ਮਨੁੱਖ ਆਪਣੇ ਆਸ਼ੇ, ਉਦੇਸ਼ ਅਤੇ ਪਹੁੰਚ ਆਪ ਚੁਣਦਾ ਹੈ। ਮਨ ਵਿੱਚ ਨਿਤਾਣੇ,ਕਿਰਤੀ,ਲਿਤਾੜੇ ਅਤੇ ਵੱਖਰੇਵਿਆਂ ਦੀ ਜ਼ਲਾਲਤ ਜਰਦੇ ਵਰਗ ਲਈ ਦਇਆ,ਸਹਿਯੋਗ ਅਤੇ ਸੇਵਾ ਲਈ ਕਦਮ ਵੱਧਦੇ ਹਨ। ਕੁੱਝ ਸਾਖੀਆਂ ਵਿੱਚ ਵਰਨਣ ਹੈ ਕਿ ਬਾਲਕ ਨਾਨਕ ਨੂੰ ਰੱਬੀ ਅਵਤਾਰ ਮੰਨ ਲ਼ੈਣ ਦੀ ਨਿਸ਼ਾਨਦੇਹੀ ਭੈਣ ਨਾਨਕੀ ਅਤੇ ਰਾਇ ਬੁਲਾਰ ਜੀ ਨੇ ਸਭ ਤੋਂ ਪਹਿਲਾਂ ਕਰ ਲਈ ਸੀ। ਇਸੇ ਕਰਕੇ ਬੀਬੀ ਨਾਨਕੀ ਅਤੇ ਜੀਜਾ ਜੈ ਰਾਮ ਦੇ ਪਾਸ ਸੰਨ 1480 ਵਿੱਚ ਸੁਲਤਾਨਪੁਰ ਆ ਕੇ ਦੌਲਤ ਖਾਂ ਲੋਧੀ ਦੀ ਹਕੂਮਤ ਵਿੱਚ ਸਟੋਰ ਕੀਪਰ ਬਣਨ ਦੀ ਹਾਂ ਗੱਭਰੂ ਨਾਨਕ ਜੀ ਨੇ ਭਰ ਦਿੱਤੀ।
ਪਰ ਉਸਦੀ ਮਨੁੱਖੀ ਸਮਾਨਤਾ,ਹਮਦਰਦੀ ਅਤੇ ਆਮ ਲੋਕਾਂ ਦੇ ਦੁੱਖ ਦਰਦ ਨੂੰ ਕੁੱਝ ਹੱਦ ਤੱਕ ਘੱਟ ਕਰਨ ਦੇ ਕਾਰਜਾਂ ਨੂੰ ਰੋਕ ਦੇਣ ਲਈ ਸਰਕਾਰ ਵਿੱਚ ਸ਼ਿਕਾਇਤ ਵੀ ਹੋ ਗਈ।ਪੜਤਾਲ ਕਰਨ ਉੱਤੇ ਭਾਵੇਂ ਸਜ਼ਾ ਯੋਗ ਕੁੱਝ ਵੀ ਨਹੀਂ ਲੱਭਿਆ ਪਰ ਨਾਨਕ ਜੀ ਨੇ ਇੱਥੋਂ ਸੰਘਰਸ਼ ਕਰਨ ਦਾ ਪੱਕਾ ਮਨ ਬਣਾ ਲਿਆ। ਇੱਥੇ ਹੀ ਇਕਾਂਤ ਵਿੱਚ ਕੁੱਝ ਦਿਨ ਬੈਠਕੇ ਆਉਣ ਵਾਲੇ ਸਮੇਂ ਵਿੱਚ ਕਿਸ ਪੈਂਤੜੇ ਨਾਲ ਸਮਾਜਿਕ ਇੰਨਕਲਾਬ ਵਿੱਢਿਆ ਜਾਵੇ , ਦੀ ਰੂਪ ਰੇਖਾ ਘੜੀ ਗਈ।ਪੂਰੇ ਵਿਸ਼ਵਾਸ ਨਾਲ ਜਦੋਂ ਕਾਲੀ ਵੇਈਂ ਕੰਢਿਉਂ ਬਾਹਰ ਨਿਕਲੇ ਤਾਂ ਧਰਮੀ ਠੇਕੇਦਾਰਾਂ ਨੂੰ ਸ਼ਰੇਆਮ ਬਗਾਵਤੀ ਸੁਰ ਵਿੱਚ ਕਿਹਾ,
” ਨਾ ਹਮ ਹਿੰਦੂ , ਨਾ ਮੁਸਲਮਾਨ ”
“ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ”
ਮਨੁੱਖੀ ਚੇਤਨਾ ਵਿੱਚੋਂ ਪੁਰਾਣੇ ਰਿਵਾਜਾਂ ਦੇ ਕੋਹੜ ਨੂੰ ਧੋਣਾ ਸੌਖਾ ਨਹੀਂ ਹੁੰਦਾ। ਪੁਰਾਣੇ ਦੇ ਥਾਂ ਤੇ ਨਵੇਂ ਵਿਚਾਰਾਂ ਨੂੰ ਘੜਨਾ ਅਤੀ ਜ਼ਰੂਰੀ ਹੁੰਦਾ ਇਸੇ ਕਰਕੇ ਪਰਮਾਤਮਾ ਦੀ ਨਵੀਂ ਪਰਿਭਾਸ਼ਾ ਸਿਰਜੀ ਅਤੇ ਕਿਹਾ” ਰੱਬ ਇੱਕ ਹੀ ਹੈ ( ਕਰੋੜਾਂ ਨਹੀਂ)
ਉਹ ਨਿਰਭਉ, ਨਿਰਵੈਰ, ਸਵੈ ਉਪਜਿਤ ਹੈ, ਜੰਮਣ ਮਰਨ ਤੋਂ ਰਹਿਤ ਹੈ ਅਤੇ ਸਚਾਈ ਤੇ ਅਧਾਰਿਤ ਹੈ।
ਇਹ ਦਾਅਵੇ ਇੱਕ ਪਾਸੇ ਹਿੰਦੂ ਧਰਮ ਅਤੇ ਇਸਲਾਮ ਤੋਂ ਵੱਖਰੇ ਸਨ, ਉੱਥੇ ਹੀ ਸਰਕਾਰਾਂ ਦੀ ਅਸਹਿਣਸ਼ੀਲਤਾ , ਵੰਡ ਪਾਊ ਨੀਤੀਆਂ ਅਤੇ ਸਰਕਾਰੀ ਡਰ ਦੇ ਖਿਲਾਫ ਵੀ ਹੱਲਾ ਸੀ। ਅਖੌਤੀ ਅਛੂਤ ਸ਼ੂਦਰ ਮਰਦਾਨੇ ਨੂੰ ਸਾਥੀ ਰੱਖਣਾ , ਉਸਦੇ ਨਾਲ ਸਮਾਨਤਾ ਵਾਲਾ ਵਿਹਾਰ ਕਰਨਾ ਅਤੇ ਉਸਦੀ ਸੰਗੀਤ ਕਲਾ ਨੂੰ ਸਨਮਾਨ ਦੇ ਕੇ ਪੁਛਤ- ਪਨਾਹੀ ਕਰਨੀ ਸਮਕਾਲੀ ਕੱਟੜ ਪੁਜਾਰੀ ਜਮਾਤ ਨੂੰ ਫੁੱਟੀ ਅੱਖ ਨਹੀਂ ਸੀ ਭਾਉਦੀਂ। ਇਸੇ ਨਵੀਂ ਕਹਿਣੀ ਅਤੇ ਰਹਿਣੀ ਬਹਿਣੀ ਨੇ ਆਮ ਲੋਕਾਂ ਵਿੱਚ ਨਾਨਕ ਦੀ ਨਵੀਂ ਇਲਾਹੀ ਵਿਚਾਰਧਾਰਾ ਨੂੰ ਰਹਿਬਰ ( ਗੁਰੂ) ਵਜੋਂ ਸਥਾਪਤ ਕਰ ਦਿੱਤਾ। ਧਾੜਵੀਆਂ ਅਤੇ ਹਮਲਾਵਰਾਂ ਦੇ ਸਮਿਆਂ ਵਿੱਚ ਲੋਕਾਂ ਦੀ ਨਪੀੜੀ ਜਾ ਰਹੀ ਆਰਥਿਕ ਹਾਲਤ, ਬੰਦ ਜ਼ੁਬਾਨਾਂ ਵਿੱਚ ਸੁਲਗਦੀ ਹੂਕ ਨੂੰ ਅਵਾਜ਼ ਮਿਲ ਗਈ। ਭਾਂਵੇਂ ਕਿ ਵਿਰੋਧੀਆਂ ਨੇ ਤਾਂ ” ਭੂਤਨਾ( ਮਾਨਸਿਕ ਬਾਹਰਲੀ ਕਸਰ) ਅਤੇ ਬੇਤਾਲਾ ( ਪਾਗਲ) ਤੱਕ ਗਰਦਾਨ ਦਿੱਤਾ।
“ਕੋਈ ਆਖਾ ਭੂਤਨਾ ਕੋਈ ਬੇਤਾਲਾ, ਕੋਈ ਆਖੈ ਆਦਮੀ ਨਾਨਕੁ ਵੇਚਾਰਾ”
ਜਦੋਂ ਕੋਈ ਇਨਸਾਨ ਪੂਰੀ ਤਿਆਰੀ ਨਾਲ,ਜੋਖਿਮ ਅਤੇ ਨਤੀਜਿਆਂ ਨੂੰ ਭਾਂਪਕੇ ਅਤੇ ਆਪਣੇ ਬਲ ਨਾਲ ਮੰਜਿ਼ਲ ਵੱਲ ਪੈਰ ਚੁੱਕ ਲਵੇ ਤਾਂ ਫਿਰ ਲੀਹਾਂ ਖੁਦਬਾਖੁਦ ਵਗਦੀਆਂ ਜਾਂਦੀਆਂ ਹਨ।ਜਦੋਂ ਲੋਕ ਚੇਤਨਾ ਲਈ ਉਹ ਉਦਾਸੀਆਂ ਤੇ ਨਿਕਲੇ ਤਾਂ ਰਸਤੇ ਵਿੱਚ ਵੱਖ ਵੱਖ ਤਰਾਂ ਦਾ ਸਾਧੂ ਸੰਤਾਂ ਦੇ ਨਾਲ ਗੋਸ਼ਟੀਆਂ ਦੇ ਕਾਰਣ ਜੋ ਵੀ ਉਹਨਾਂ ਦੇ ਗੁਰਮਤਿ ਗਾਡੀ ਰਾਹ ਨੂੰ ਮੰਨ ਲੈਂਦੇ , ਉਹ ਉਹਨਾਂ ਨੂੰ ਗੁਰੂ ਕਹਿਣ ਲੱਗ ਪਏ। ਰੂਹਾਨੀ ਭਗਤੀ ਲਈ ਉਹਨਾਂ ਨੇ ਮਧਿਅਮ ਮਾਰਗ ਅਪਨਾਇਆ ਅਤੇ ਸੰਨਿਆਸ ਨੂੰ ਗੈਰ ਜ਼ਰੂਰੀ ਗਰਦਾਨਿਆ।ਪਰਿਵਾਰ ਵਿੱਚ ਰਹਿਕੇ ਹੀ ਸੱਚੀ ਕਿਰਤ ਕਰਦਿਆਂ ਰੱਬ ਨੂੰ ਯਾਦ ਰੱਖਣ ਲਈ ਕਿਹਾ।ਗ੍ਰਹਿਸਤ ਵਿੱਚ ਰਹਿਕੇ ਔਰਤ ਦੇ ਸਤਿਕਾਰ ਲਈ ਲੋਕਾਂ ਨੰ ਸਮਝਾਇਆ ਕਿ ਔਰਤ ਦੀ ਇੱਜ਼ਤ ਬਗੈਰ ਚੰਗੇ ਗੁਣਾਂ ਵਾਲੀਆਂ ਔਲਾਦਾਂ ਪੈਦਾ ਨਹੀਂ ਹੋ ਸਕਦੀਆਂ ਬਾਬਰ ਦੇ ਹਮਲੇ ਵੇਲੇ ਨਿਹੱਥੀ ਲੋਕਾਈ ਉੱਤੇ ਹੋਏ ਜ਼ੁਲਮ ਨੂੰ ਦੇਖਕੇ ਕਿਸੇ ਨਿਰਲੇਪ ਸਾਧ ਵਾਂਗ ਉਹਨਾਂ ਨੇ ਚੁੱਪੀ ਨਹੀਂ ਧਾਰੀ ਸਗੋਂ ਜਨਤਾ ਦੀ ਬੁਰੀ ਹਾਲਤ ਲਈ ਬਾਬਰ ਦੇ ਸਿਪਾਹੀਆਂ ਨੂੰ ਕੁੱਤੇ ਤੱਕ ਆਖ ਦਿੱਤਾ। ਗੁਰੂ ਜੀ ਨੂੰ ਕੈਦ ਕੀਤਾ ਗਿਆ ਪਰ ਜਦੋਂ ਬਾਬਰ ਨਾਲ ਸੰਵਾਦ ਹੋਇਆ ਤਾਂ ਉਸਨੇ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਨੂੰ ਰਿਹਾ ਕਰ ਦਿੱਤਾ ।
ਲੰਗਰ ਵਰਗੀ ਨਿਵੇਕਲੀ ਪ੍ਰਥਾ ਚਲਾਕੇ ਨੀਵੀਆਂ ਨੂੰ ਬਰਾਬਰੀ ਅਤੇ ਜਾਤੀ ਹੰਕਾਰੀਆਂ ਨੂੰ ਰੱਬ ਦੇ ਬੰਦੇ ਬਣਨ ਲਈ ਤਿਆਰ ਕੀਤਾ। ਗੁਰੂ ਨਾਨਕ ਜੀ ਖੁੱਦ ਭਾਵੇਂ ਕੁੱਲ੍ਹ ਪੱਖੋਂ ਮਹਿਤਾ ਖੱਤਰੀ ਸਨ ਪਰ ਉਹਨਾਂ ਕਦੇ ਇਸ ਮੁੱਦੇ ਨੂੰ ਉੱਚਤਾ ਵਾਲੀ ਭਾਵਨਾ ਨਾਲ ਦੇਖਿਆ ਹੀ ਨਹੀਂ।ਉਸ ਸਮੇਂ ਦਾ ਵੰਡਿਆ ਤਾਣਾ ਬਾਣਾ ਹੀ ਵਿਦੇਸ਼ੀਆਂ ਦੀ ਗੁਲਾਮੀ ਲਈ ਹਮੇਸ਼ਾ ਜਿੰਮੇਵਾਰ ਰਿਹਾ ਹੈ। ਉਹਨਾਂ ਵੱਲੋਂ ਘੜੇ “ਕਿਰਤ ਕਰੋ, ਨਾਮ ਜਪੋ( ਪ੍ਰਮਾਤਮਾ ਨੂੰ ਯਾਦ ਰੱਖੋ) ਅਤੇ ਵੰਡ ਛਕੋ” ਦੀ ਪਿਰਤ ਹੀ ਅੱਗੇ ਜਾ ਕੇ ਸਿੱਖ ਧਰਮ ਦੇ ਸੁਨਹਿਰੀ ਸਿਧਾਂਤ ਬਣ ਗਏ।ਜ਼ਿੰਦਗੀ ਵਿੱਚ ਇਮਾਨਦਾਰੀ , ਸੱਚ ਬੋਲਣਾ,ਆਪਣੇ ਹੱਕ ਦਾ ਖਾਣਾ , ਪਰਾਏ ਹੱਕ ਨੂੰ ਮੁਰਦਾਰ ਖਾਣ ਤੁੱਲ ਗਰਦਾਨਣਾ, ਗਰੀਬਾਂ ਪ੍ਰਤੀ ਕਰੁਣਾ ਭਾਵ ਰੱਖਣਾ ਉਹਨਾਂ ਦੇ ਮੁੱਖ ਅਸੂਲ ਰਹੇ। ਉਹਨਾਂ ਆਪਣੇ ਤਜਰਬੇ ਵਿੱਚੋਂ ਲੋਕਾਈ ਨੂੰ ਕਾਵਿ- ਰੂਪ ਵਿੱਚ ਬਾਣੀ ਰਚਕੇ ਵਿਰਾਸਤੀ ਗਿਆਨ ਦਿੱਤਾ, ਜੋ ਅੱਜ ਸੰਪੂਰਨ ਜੀਵਨ ਲਈ ਸਾਰਥਿਕ ਹੈ। ਮਨ ਦੀਆਂ ਵਾਸ਼ਨਾਵਾਂ ਨੂੰ ਉਹਨਾਂ ਜਿੱਤਣ ਤੇ ਜ਼ੋਰ ਦਿੱਤਾ। ਸ਼ੁੱਧਤਾ ਲਈ ਅੰਤਰੀਵ ਝਾਤ ਮਾਰਨ ਦੀ ਤਾਕੀਦ ਕੀਤੀ। ਗੁਰਗੱਦੀ ਲਈ ਸੇਵਾ ਭਾਵਨਾ ਅਤੇ ਨਿਮਰਤਾ ਨੂੰ ਪਹਿਲ ਦਿੱਤੀ ਭਾਵੇਂ ਉਹਨਾਂ ਦੇ ਦੋਹਾਂ ਬੇਟਿਆਂ ਨੇ ਵਿਰੋਧ ਵੀ ਕੀਤਾ। ਉਹਨਾਂ ਦੀ ਮੌਤ 1539 ਈ਼ ਵਿੱਚ ਹੋਈ ਤਾਂ ਉਸ ਵੇਲੇ ਵੀ ਮੁਸਲਮਾਨ ਅਤੇ ਹਿੰਦੂ ਸਮਾਜ ਵੱਲੋਂ ਬਰਾਬਰੀ ਦਾ ਸਨਮਾਨ ਦਿੱਤਾ ਗਿਆ।
ਅੱਜ ਦੇ ਸਮੇਂ ਗੁਰੂ ਨਾਨਕ ਦੇਵ ਜੀ ਦੀ ਨਾਮ ਲੇਵਾ ਸੰਗਤ ਹੁਣ ਸਿੱਖ ਧਰਮ ਵਜੋਂ ਜਾਣੀ ਜਾਂਦੀ ਹੈ। ਸਾਰੀ ਦੁਨੀਆਂ ਵਿੱਚ ਉਹਨਾਂ ਦੀ ਸਿੱਖਿਆਵਾਂ ਉੱਤੇ ਸੈਮੀਨਾਰ ਅਤੇ ਚਰਚਾਵਾਂ ਰਚਾਈਆਂ ਜਾਂਦੀਆਂ ਹਨ ।555 ਸਾਲ ਬਾਅਦ ਵੀ ਲੋਕਾਂ ਦੇ ਮਨਾਂ ਨੂੰ ਰੁਹਾਨੀਅਤ ਸ਼ਾਤੀ, ਪ੍ਰੇਮ ਭਾਵ, ਭਾਈਚਾਰਕ ਏਕਤਾ ,ਔਰਤ ਦੇ ਸਸ਼ਕਤੀਕਰਣ ਅਤੇ ਮਨ ਨੂੰ ਕਾਬੂ ਰੱਖਣ ਲਈ ਮਨੁੱਖੀ ਸਦਾਚਾਰ ਭਰੇ ਗੁਣਾਂ ਦੇ ਧਾਰਨੀ ਹੋਣਾ , ਜ਼ੁਲਮ ਦੇ ਖਿਲਾਫ ਅਵਾਜ਼ ਉਠਾਉਣ ਲਈ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਲਈ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਚਾਨਣ ਮੁਨਾਰਾ ਹਨ । ਆਉ ਅਸੀਂ ਐਸੇ ਜਗਤ ਗੁਰੂ ਦੀ ਸੁਣੀਏ , ਮੰਨੀਏ ਅਤੇ ਸਹਿਣ਼ੀਲਤਾ ਨੂੰ ਆਪਣੇ ਨਜ਼ਰੀਏ ਵਿੱਚ ਪੱਕਾ ਕਰ ਲਈਏ।
ਕੇਵਲ ਸਿੰਘ ਰੱਤੜਾ
8283830599
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly