ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸ ਬੈਂਕ ਖ਼ਾਤਿਆਂ ਦੀ ਤੀਜੀ ਸੂਚੀ ਸੌਂਪੀ

ਨਵੀਂ ਦਿੱਲੀ/ਬਰਨ (ਸਮਾਜ ਵੀਕਲੀ): ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿਸ ਬੈਂਕ ਖ਼ਾਤਿਆਂ ਦੇ ਬਿਓਰੇ ਦੀ ਤੀਜੀ ਸੂਚੀ ਸੌਂਪੀ ਹੈ। ਯੂਰੋਪੀਅਨ ਮੁਲਕ ਨੇ 96 ਮੁਲਕਾਂ ਨਾਲ ਕਰੀਬ 33 ਲੱਖ ਵਿੱਤੀ ਖ਼ਾਤਿਆਂ ਦਾ ਬਿਓਰਾ ਸਾਂਝਾ ਕੀਤਾ ਹੈ। ਸਵਿਟਜ਼ਰਲੈਂਡ ਦੇ ਸੰਘੀ ਟੈਕਸ ਪ੍ਰਸ਼ਾਸਨ (ਐੱਫਟੀਏ) ਨੇ ਸੋਮਵਾਰ ਨੂੰ ਬਿਆਨ ’ਚ ਕਿਹਾ ਕਿ ਇਸ ਸਾਲ ਸੂਚਨਾਵਾਂ ਦੇ ਆਦਾਨ-ਪ੍ਰਦਾਨ ’ਚ 10 ਹੋਰ ਮੁਲਕ, ਐਂਟੀਗੁਆ ਅਤੇ ਬਰਬੂਡਾ, ਅਜ਼ਰਬਾਇਜਾਨ, ਡੋਮੀਨਿਕਾ, ਘਾਨਾ, ਲਿਬਨਾਨ, ਮਕਾਊ, ਪਾਕਿਸਤਾਨ, ਕਤਰ, ਸਾਮੋਆ ਅਤੇ ਵੁਆਤੂ ਸ਼ਾਮਲ ਹਨ। ਇਨ੍ਹਾਂ ’ਚੋਂ 70 ਮੁਲਕਾਂ ਨਾਲ ਆਪਸੀ ਆਦਾਨ-ਪ੍ਰਦਾਨ ਕੀਤਾ ਗਿਆ ਹੈ ਪਰ ਸਵਿਟਜ਼ਰਲੈਂਡ ਨੇ 26 ਮੁਲਕਾਂ ਦੇ ਮਾਮਲਿਆਂ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਸ ਦਾ ਕਾਰਨ ਇਹ ਸੀ ਕਿ ਜਾਂ ਤਾਂ ਉਹ ਮੁਲਕ (14 ਦੇਸ਼) ਅਜੇ ਤੱਕ ਖੁਫ਼ੀਆ ਅਤੇ ਡੇਟਾ ਸੁਰੱਖਿਆ ’ਤੇ ਕੌਮਾਂਤਰੀ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ ਜਾਂ ਉਨ੍ਹਾਂ (12 ਮੁਲਕਾਂ) ਡੇਟਾ ਹਾਸਲ ਕਰਨਾ ਜ਼ਰੂਰੀ ਨਹੀਂ ਸਮਝਿਆ ਹੈ। ਉਂਜ ਐੱਫਟੀਏ ਨੇ ਸਾਰੇ 96 ਮੁਲਕਾਂ ਦੇ ਨਾਮ ਅਤੇ ਜ਼ਿਆਦਾਤਰ ਬਿਓਰੇ ਦਾ ਖ਼ੁਲਾਸਾ ਨਹੀਂ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਉਨ੍ਹਾਂ ਮੁਲਕਾਂ ’ਚ ਸ਼ਾਮਲ ਹੈ ਜਿਸ ਨੂੰ ਲਗਾਤਾਰ ਤੀਜੇ ਵਰ੍ਹੇ ਸੂਚਨਾ ਮਿਲੀ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਸਾਂਝਾ ਕੀਤੇ ਗਏ ਬਿਓਰੇ ਵੱਡੀ ਗਿਣਤੀ ’ਚ ਸਵਿਸ ਵਿੱਤੀ ਸੰਸਥਾਨਾਂ ’ਚ ਵਿਅਕਤੀਆਂ ਅਤੇ ਕੰਪਨੀਆਂ ਦੇ ਖ਼ਾਤਿਆਂ ਨਾਲ ਸਬੰਧਤ ਹਨ। ਇਹ ਆਦਾਨ-ਪ੍ਰਦਾਨ ਪਿਛਲੇ ਮਹੀਨੇ ਹੋਇਆ ਸੀ ਅਤੇ ਸਵਿਟਜ਼ਰਲੈਂਡ ਸਤੰਬਰ 2022 ’ਚ ਅਗਲੀ ਸੂਚੀ ਸਾਂਝੀ ਕਰੇਗਾ। ਭਾਰਤ ਨੂੰ ਸਤੰਬਰ 2019 ’ਚ ਸੂਚਨਾ ਦੇ ਆਦਾਨ-ਪ੍ਰਦਾਨ ਤਹਿਤ ਸਵਿਟਜ਼ਰਲੈਂਡ ਤੋਂ ਬਿਓਰੇ ਦੀ ਪਹਿਲੀ ਸੂਚੀ ਮਿਲੀ ਸੀ। ਉਸ ਵਰ੍ਹੇ ਅਜਿਹੀ ਜਾਣਕਾਰੀ ਹਾਸਲ ਕਰਨ ਵਾਲੇ 75 ਮੁਲਕਾਂ ’ਚ ਉਹ ਸ਼ਾਮਲ ਸੀ।

ਪਿਛਲੇ ਸਾਲ ਭਾਰਤ ਅਜਿਹੇ 86 ਭਾਈਵਾਲ ਮੁਲਕਾਂ ’ਚ ਸ਼ਾਮਲ ਸੀ। ਮਾਹਿਰਾਂ ਮੁਤਾਬਕ ਭਾਰਤ ਵੱਲੋਂ ਹਾਸਲ ਏਈਓਆਈ ਡੇਟਾ ਉਨ੍ਹਾਂ ਲੋਕਾਂ ਖ਼ਿਲਾਫ਼ ਇਕ ਮਜ਼ਬੂਤ ਕੇਸ ਵਜੋਂ ਮਦਦਗਾਰ ਸਾਬਿਤ ਰਿਹਾ ਹੈ ਜਿਨ੍ਹਾਂ ਕੋਲ ਬੇਹਿਸਾਬ ਸੰਪਤੀ ਹੈ। ਇਹ ਜਮ੍ਹਾਂ ਰਕਮ ਅਤੇ ਟਰਾਂਸਫਰ ਦੇ ਨਾਲ ਨਾਲ ਸਾਰੀ ਆਮਦਨ ਦਾ ਪੂਰਾ ਬਿਓਰਾ ਪ੍ਰਦਾਨ ਕਰਦਾ ਹੈ। ਇਸ ’ਚ ਸਕਿਉਰਟੀਜ਼ ਅਤੇ ਹੋਰ ਸੰਪਤੀਆਂ ’ਚ ਨਿਵੇਸ਼ ਰਾਹੀਂ ਆਮਦਨ ਦਾ ਬਿਓਰਾ ਵੀ ਸ਼ਾਮਲ ਹੁੰਦਾ ਹੈ। ਨਾਮ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਕਿਹਾ ਕਿ ਬਿਓਰਾ ਜ਼ਿਆਦਾਤਰ ਕਾਰੋਬਾਰੀਆਂ ਨਾਲ ਸਬੰਧਤ ਹੈ। ਇਨ੍ਹਾਂ ’ਚ ਉਹ ਪਰਵਾਸੀ ਭਾਰਤੀ ਵੀ ਸ਼ਾਮਲ ਹਨ ਜੋ ਹੁਣ ਕਈ ਦੱਖਣੀ-ਪੂਰਬੀ ਏਸ਼ਿਆਈ ਮੁਲਕਾਂ ਦੇ ਨਾਲ ਨਾਲ ਅਮਰੀਕਾ, ਬ੍ਰਿਟੇਨ ਅਤੇ ਇਥੋਂ ਤੱਕ ਕਿ ਕੁਝ ਅਫ਼ਰੀਕੀ ਤੇ ਦੱਖਣੀ ਅਮਰੀਕੀ ਮੁਲਕਾਂ ’ਚ ਵਸ ਗਏ ਹਨ। ਸਵਿਸ ਅਧਿਕਾਰੀਆਂ ਵੱਲੋਂ ਹੁਣ ਤੱਕ 100 ਤੋਂ ਵੱਧ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਆਧਾਰਿਤ ਤਿੰਨ ਮਾਹਿਰਾਂ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ
Next articleFlood warning issued in Kerala, K’taka and TN