(ਸਮਾਜ ਵੀਕਲੀ) ਸੋਹਣੇ ਤੇ ਨਰੋਏ ਵਿਚਾਰਾਂ ਨਾਲ ਹਮੇਸ਼ਾ ਮਨੁੱਖੀ ਮਨ ਤਰੋ ਤਾਜ਼ਾ ਮਹਿਸੂਸ ਕਰਦਾ ਹੈ।ਜੇ ਦਿਲ ਵਿੱਚ ਧਾਰ ਲਿਆ ਕਿ ਮੈਂ ਇਹ ਕੰਮ ਕਰਨਾ ਹੈ ਤਾਂ ਅਸੀਂ ਮਨ ਚਾਹਿਆ ਟੀਚਾ ਹਾਸਿਲ ਕਰ ਸਕਦੇ ਹਾਂ। ਆਹੀਂ ਦਿਲ ਸਾਨੂੰ ਗਲਤ ਰਾਹਾਂ ਤੇ ਵੀ ਕਈ ਵਾਰ ਤੋਰ ਦਿੰਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜੇ ਰਾਹ ਵੱਲ ਵੱਧਣਾ ਹੈ। ਕੁੱਝ ਨਵਾਂ ਕਰਨ ਤੋਂ ਪਹਿਲਾਂ ਜਾਂ ਬੋਲਣ ਤੋਂ ਪਹਿਲਾਂ ਸੋਚ ਵਿਚਾਰ ਹਰ ਲੈਣਾ ਚਾਹੀਦਾ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਪਹਿਲਾ ਤੋਲੋ, ਫ਼ਿਰ ਬੋਲੋ। ਕਮਾਨੋ ਨਿਕਲਿਆ ਤੀਰ ਅਤੇ ਮੂੰਹੋਂ ਨਿਕਲੇ ਸ਼ਬਦ ਕਦੇ ਵੀ ਵਾਪਸ ਨਹੀਂ ਆਉਂਦੇ। ਅਕਸਰ ਕਹਿ ਵੀ ਦਿੱਤਾ ਜਾਂਦਾ ਹੈ ਕਿ ਇਹ ਜੁਬਾਨ ਤੁਹਾਨੂੰ ਅਰਸ਼ ਤੋਂ ਫਰਸ਼ ਜਾਂ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਭਾਵ ਇਹੀ ਹੈ ਕਿ ਤੁਹਾਡੀ ਬੋਲ ਬਾਣੀ ਵਿੱਚ ਮਿਠਾਸ ਹੋਣੀ ਬਹੁਤ ਜਰੂਰੀ ਹੈ। ਇਹ ਬੋਲਬਾਣੀ ਤੁਹਾਡੇ ਮਿੱਤਰ ਜਾਂ ਦੁਸ਼ਮਣ ਬਣਾਉਣ ਲਈ ਕਾਫ਼ੀ ਹੁੰਦੀ ਹੈ। ਅਕਸਰ ਕਈ ਵਾਰ ਅਸੀਂ ਇਨਾ ਬੇਤੁਕਾ ਬੋਲ ਦਿੰਦੇ ਹਨ ਕਿ ਸਾਡੇ ਨੇੜੇ ਕੋਈ ਖੜਦਾ ਵੀ ਨਹੀਂ ਹੈ। ਸਿਆਣੇ ਕਹਿੰਦੇ ਵੀ ਹਨ ਕਿ ਤਲਵਾਰ ਦਾ ਜ਼ਖ਼ਮ ਤਾ ਭਰ ਜਾਂਦਾ ਹੈ, ਪਰ ਜੋ ਬੋਲ ਬੋਲੇ ਹੁੰਦੇ ਹਨ ਉਹ ਹਮੇਸ਼ਾ ਯਾਦ ਰਹਿੰਦੇ ਹਨ। ਮੂੰਹੋਂ ਕੱਢਣ ਤੋਂ ਪਹਿਲਾਂ ਹਰ ਗੱਲ ਤੇ ਵਿਚਾਰ ਜਰੂਰ ਕਰ ਲੈਣਾ ਚਾਹੀਦਾ ਹੈ। ਜਿੱਥੇ ਬੈਠੇ ਹੋਵੋ, ਉੱਥੇ ਪਹਿਲਾਂ ਸਾਰਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ, ਜਦੋਂ ਤੱਕ ਤੁਹਾਨੂੰ ਕਿਹਾ ਨਾ ਜਾਏ ਉਦੋਂ ਤੱਕ ਆਪਣਾ ਮੂੰਹ ਬੰਦ ਹੀ ਰੱਖੋ।
ਕਹਿੰਦੇ ਵੀ ਹਨ ਕਿ ਜ਼ੁਬਾਨ ਵਿੱਚ ਕੋਈ ਹੱਡੀ ਨਹੀਂ ਹੁੰਦੀ, ਪਰ ਇਹੀ ਜ਼ੁਬਾਨ ਕਈਆਂ ਦੀ ਹੱਡੀਆਂ ਤੱਕ ਤੜਵਾ ਦਿੰਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ,ਉਹਨਾ ਦੀ ਅੱਖਾਂ ਬਹੁਤ ਕੁਝ ਸਮਝਾ ਜਾਂਦੀਆਂ ਹਨ ।ਉਹ ਨਾ ਮਾਤਰ ਬੋਲਦੇ ਹਨ। ਜਦੋਂ ਅਸੀਂ ਕਿਥੇ ਬੈਠੇ ਹੁੰਦੇ ਹਾਂ, ਚਾਰ ਬੰਦਿਆਂ ਵਿੱਚ ਬੈਠਦੇ ਹਨ ਤਾਂ ਸਾਡੀ ਸ਼ਖਸ਼ੀਅਤ ਦਾ ਝੱਟ ਪਤਾ ਚੱਲ ਜਾਂਦਾ ਹੈ ਕਿ ਇਨਸਾਨ ਨੂੰ ਬੋਲ ਬਾਣੀ ਦੀ ਕਿੰਨੀ ਕੁ ਲਿਆਕਤ ਹੈ। ਬੋਲੋ ਜਰੂਰ! ਪਰ ਇੰਨਾ ਵੀ ਬੇਤੁਕਾ ਨਾ ਬੋਲੋ ਕਿ ਸਾਰੇ ਉੱਥੇ ਬੈਠੇ ਲੋਕ ਤੁਹਾਡੇ ਚੁੱਪ ਰਹਿਣ ਦਾ ਇੰਤਜ਼ਾਰ ਕਰਨ। ਗੁਰੂ ਸਾਹਿਬ ਜੀ ਨੇ ਵੀ ਫਰਮਾਇਆ ਹੈ ਕਿ ਸੰਵਾਦ ਨਾਲ ਹੀ ਜੀਵਨ ਜਾਂਚ ਆਉਂਦੀ ਹੈ। ਸਾਡੀ ਬੋਲ ਬਾਣੀ ਵਿੱਚ ਮਿਠਾਸ ਹੋਣੀ ਚਾਹੀਦੀ ਹੈ। ਕੌੜਾ ਜਾਂ ਮਾੜੇ ਬੋਲ ਬੋਲਣ ਨਾਲ ਸਾਡੇ ਨੇੜੇ ਕੋਈ ਖੜਦਾ ਵੀ ਨਹੀਂ ਹੈ । ਸਾਡੇ ਬੋਲ ਅਜਿਹੇ ਹੋਣੇ ਚਾਹੀਦੇ ਹਨ ਜੋ ਦੁੱਖੀ ਮਨਾਂ ਵਿੱਚ ਠੰਡ ਵਰਤਾਉਣ, ਭਾਵ ਰਿਸਦੇ ਜ਼ਖਮਾਂ ਤੇ ਜਿਸ ਤਰ੍ਹਾਂ ਹਲਦੀ ਦਾ ਲੇਪ ਲਗਾਉਂਦੇ ਹਨ, ਉਸ ਤਰ੍ਹਾਂ ਦੇ ਸਾਡੇ ਬੋਲ ਹੋਣੇ ਚਾਹੀਦੇ ਹਨ। ਪਹਿਲਾਂ ਸਾਹਮਣੇ ਵਾਲੀ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਗੱਲ ਨੂੰ ਕਦੇ ਵੀ ਵਿੱਚ ਨਹੀਂ ਕੱਟਣਾ ਚਾਹੀਦਾ। ਹਰ ਇਨਸਾਨ ਨੂੰ ਇਸ ਧਰਤੀ ਤੇ ਰਹਿਣ ਦਾ ਹੱਕ ਹੈ। ਇਕੱਲੇ ਮਨੁੱਖੀ ਜਾਮੇ ਨੇ ਹੀ ਇੱਥੇ ਰਜਿਸਟਰੀ ਨਹੀਂ ਕਰਵਾ ਲਈ ਹੈ। ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਅਸੀਂ ਕਦੇ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਸਮਾਜ ਵਿੱਚ ਸਾਡਾ ਕੀ ਕਰਤੱਵ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ।ਸਾਡੀ ਬੋਲ ਬਾਣੀ ਆਦਰ ਮਾਣ ਸਤਿਕਾਰ ਵਾਲੀ ਹੋਣੀ ਚਾਹੀਦੀ ਹੈ। ਦੇਖੋ! ਇਸ ਦੇ ਸਾਨੂੰ ਕੋਈ ਖਰਚਾ ਵੀ ਨਹੀਂ ਕਰਨਾ ਪੈਂਦਾ ।ਸਾਡੀ ਸੰਗਤ ਕਿਹੋ ਜਿਹੀ ਹੈ ਇਹ ਬਹੁਤ ਜਿਆਦਾ ਨਿਰਭਰ ਕਰਦਾ ਹੈ। ਮਾੜੀ ਸੰਗਤ ਵਿੱਚ ਰਹਿ ਕੇ ਅਸੀਂ ਮਾੜੀ ਗੱਲਾਂ ਹੀ ਸਿੱਖਦੇ ਹਾਂ। ਜੈਸੀ ਸੰਗਤ ਕਰਾਂਗੇ, ਸਾਡੇ ਤੇ ਵੈਸਾ ਹੀ ਰੰਗ ਚੜੇਗਾ। ਇਸ ਕਰਕੇ ਸੋਹਣੇ ਤੇ ਚੰਗੇ ਬੋਲਾਂ ਵਾਲੇ ਦੋਸਤਾਂ ਵਿੱਚ ਬੈਠਣਾ ਚਾਹੀਦਾ ਹੈ। ਚੰਗੇ ਲੋਕਾਂ ਦੇ ਸੰਗ ਨਾਲ ਤੁਹਾਡੀ ਬੋਲ ਬਾਣੀ ਵਿੱਚ ਬਹੁਤ ਜ਼ਿਆਦਾ ਰਸ ਭਰ ਜਾਵੇਗਾ।
ਸਮਾਜ ਵਿੱਚ ਧਨਾਢ ਪਦਾਰਥ ਵਸਤਾਂ ਵਿੱਚੋਂ ਜਿੰਦਗੀ ਲੱਭਦੇ ਹਨ। ਦੂਜੇ ਪਾਸੇ ਜਿਨਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਸੀਮਿਤ ਸਾਧਨ ਹੁੰਦੇ ਹਨ ਭਾਵ ਉਹਨਾਂ ਕੋਲ ਸਬਰ, ਸੰਤੋਖ ਅਹਿਮੀਅਤ ਵਰਗੇ ਗੁਣ ਸਪਸ਼ਟ ਦਿਖਾਈ ਦਿੰਦੇ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਪੈਸਾ ਗੁਜ਼ਾਰਨ ਲਈ ਹੁੰਦਾ ਹੈ, ਪਰ ਲੋਕਾਂ ਨੇ ਪੈਸੇ ਨੂੰ ਹੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੈ ।ਨਿਮਰਤਾ ,ਪ੍ਰੀਤ ,ਪਿਆਰ ਸਹਿਣਸ਼ੀਲਤਾ ਸਾਦਗੀ ਮਨੁੱਖੀ ਗੁਣ ਅੱਜ ਦੀ ਜ਼ਿੰਦਗੀ ਵਿੱਚੋਂ ਮਨਫੀ਼ ਹੋ ਰਹੇ ਹਨ। ਦਿਖਾਵੇ ਦੇ ਭਰਮ ਜਾਲ ਵਿੱਚ ਲੋਕ ਜੀਵਨ ਜਿਊਣਾ ਭੁੱਲ ਚੁੱਕੇ ਹਨ ।ਪਾਣੀ ਵਾਂਗੂੰ ਪੈਸਾ ਵਹਾ ਰਹੇ ਹਨ । ਲੱਖਾਂ ਲੱਖਾਂ ਰੁਪਏ ਵਿਆਹਾਂ ਸ਼ਾਦੀਆਂ ਤੇ ਰੋੜ ਦਿੱਤੇ ਜਾਂਦੇ ਹਨ।ਲਗਾਤਾਰ ਜ਼ਿੰਦਗੀ ਵਿੱਚੋਂ ਸਾਦਗੀ ਖਤਮ ਹੁੰਦੀ ਜਾ ਰਹੀ ਹੈ। ਅਜਿਹੀ ਸਮਾਜ ਵਿੱਚ ਪਿਰਤਾਂ ਪਾ ਦਿੱਤੀਆਂ ਹਨ ਕਿ ਪੂਰਾ ਸਮਾਜ ਇਸ ਦੀ ਜਕੜ ਵਿੱਚ ਆ ਚੁੱਕਾ ਹੈ। ਮੱਧ ਵਰਗੀ ਤੇ ਸੀਮਿਤ ਸਾਧਨਾਂ ਵਾਲੇ ਲੋਕਾਂ ਨੂੰ ਵੀ ਸਮਾਗਮਾਂ ਵਿੱਚ ਆਪਣੀ ਔਕਾਤ ਤੋਂ ਵੱਧ ਖਰਚਾ ਕਰਨਾ ਪੈ ਰਿਹਾ ਹੈ। ਝੂਠੀ ਸ਼ਾਨੋ ਸ਼ੋਕਤ ਤੇ ਦਿਖਾਵੇ ਲਈ ਕਰਜ਼ਾ ਚੁੱਕਣ ਤੋਂ ਵੀ ਲੋਕ ਗੁਰੇਜ਼ ਨਹੀਂ ਕਰਦੇ ਹਨ। ਦਿਖਾਵੇ ਦੀ ਅੰਨ੍ਹੀ ਦੌੜ ਵਿੱਚ ਕੁਝ ਘੰਟਿਆਂ ਵਿੱਚ ਹੀ ਮੈਰਿਜ ਪੈਲਸਾਂ ਵਿੱਚ ਪਾਣੀ ਦੀ ਤਰ੍ਹਾਂ ਪੈਸਾ ਵਹਾ ਦਿੱਤਾ ਜਾਂਦਾ ਹੈ।
ਪੈਸਾ ਸੁੱਖ, ਸਹੂਲਤਾਂ ਪਦਾਰਥਿਕ ਲੋੜਾਂ ਲਈ ਹੁੰਦਾ ਹੈ। ਠੀਕ ਹੈ ਕੋਈ ਬਿਮਾਰੀ, ਸਿਹਤ ਤੇ ਖਰਚਣ ਲਈ ਪੈਸਾ ਹੋਣਾ ਬਹੁਤ ਜਰੂਰੀ ਹੈ। ਪੈਸੇ ਨਾਲ ਤੁਸੀਂ ਸੁੱਖ , ਸਹਿਜਤਾ ਭਰੀ ਜ਼ਿੰਦਗੀ, ਸਕੂਨ, ਚੈਨ ਨਹੀਂ ਖਰੀਦ ਸਕਦੇ। ਆਮ ਦੇਖਣ ਵਿੱਚ ਆਉਂਦਾ ਹੈ ਕਿ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ। ਦਵਾਈਆਂ ਲੈ ਕੇ ਸੌਂਦੇ ਹਨ। ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜ਼ੂਦ ਵੀ ਰਾਤ ਨੂੰ ਅੱਖ ਤੱਕ ਨਹੀਂ ਲੱਗਦੀ ਹੈ । ਮੌਤ ਇੱਕ ਦਿਨ ਸਾਰਿਆਂ ਨੂੰ ਹੀ ਆਉਣੀ ਹੈ। ਚਾਹੇ ਕੋਈ ਅਰਬਪਤੀ ਕਿਉਂ ਨਾ ਹੋਵੇ? ਪੌਣੇ ਦੋ ਮੀਟਰ ਕੱਪੜਾ ਸਾਰਿਆਂ ਤੇ ਹੀ ਪੈਣਾ ਹੈ ।ਜਾਣਾ ਸਾਰਿਆਂ ਨੇ ਉਸੇ ਰਸਤੇ ਹੈ ।ਚਾਹੇ ਕੋਈ ਅਮੀਰ ਹੈ ,ਚਾਹੇ ਕੋਈ ਗਰੀਬ ਹੈ। ਅਸੀਂ ਇੱਥੇ ਕੋਈ ਪੱਕੀ ਰਜਿਸਟਰੀ ਨਹੀਂ ਕਰਵਾ ਲਈ ਹੈ। ਕੁਦਰਤ ਦੇ ਸਾਰੇ ਬਣਾਏ ਹੋਏ ਜੀਵ ਜੰਤੂਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ।ਜ਼ਿੰਦਗੀ ਵਿੱਚ ਤੁਸੀਂ ਅਜਿਹੇ ਦੋਸਤ ਜਰੂਰ ਬਣਾਓ ,ਜੋ ਤੁਹਾਡੀ ਕਦਰ ਕਰਨ। ਦੋਸਤਾਂ ਨੂੰ ਪਿਆਰ ਕਰੋ । ਜਰੂਰਤਮੰਦ ਦੀ ਮਦਦ ਕਰੋ।ਆਪਣੇ ਪਰਿਵਾਰ ਨੂੰ ਪਿਆਰ ਕਰੋ ।ਚੰਗੇ ਦੋਸਤਾਂ ਨਾਲ ਕਦੇ ਵੀ ਧੋਖਾ ਬੇਇਮਾਨੀ ਨਾ ਕਰੋ ,ਇਹ ਇੱਕ ਸੱਚਾਈ ਹੈ। ਪਿਆਰ, ਨਿਮਰਤਾ, ਸਹਿਣਸ਼ੀਲਤਾ ਵਿੱਚ ਰਹੋ।
ਸੰਜੀਵ ਸਿੰਘ ਸੈਣੀ, ਮੋਹਾਲੀ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



