(ਸਮਾਜ ਵੀਕਲੀ)
ਇਹ ਜੋ !
ਲਿਖੀ ਜਾ ਰਹੀ ਹੈ
ਕੋਈ ਕਵਿਤਾ ਨਹੀ ਹੈ
ਇਸ ਵਿਚਲਾ ਹਰ ਲਫਜ
ਸਮਰਪਣ ਹੈ
ਹਾਂ ਸਮਰਪਣ !
ਜਿਸਨੂੰ ਮੈਂ ਤੁਹਾਡੇ ਸਾਹਮਣੇ ਰੱਖ ਦਿਆਂਗੀ
ਤੁਸੀਂ ਚਾਹੋ ਤਾਂ
ਝਰੀਟਾਂ ਮਾਰੋ।
ਇਸਨੂੰ ਉਚੇੜ ਦਿਓ।
ਮੂੰਹ ਤੇ ਕਾਲਖ ਮਲ ਦਿਓ।
ਸਰੇਆਮ ਇੱਜ਼ਤ ਨੂੰ ਤਾਰ ਤਾਰ ਕਰ ਦਿਓ।
ਜਾਂ ਫੇਰ ਜੁੱਤੀਆਂ ਦਾ ਹਾਰ ਪਾ
ਇਸਦੇ ਹਰ ਅੰਗ ਨੂੰ ਸਜਾ ਦਿਓ।
ਇਹੀ ਤੇ ਸੱਚ ਏ ਨਾ ।
ਹਾਂ !
ਤਾਂ ਹੁਣ ਤੁਸੀ ਕਰੋ ਮਨਮਰਜੀਆਂ,
ਤੁਹਾਨੂੰ ਵਰਜਣ ਵਾਲਾ ਕੋਈ ਨਹੀ ਮਿਲੇਗਾ ।
ਕਿਉਂਕਿ ਏਥੇ ਸਭ ਤਾੜੀਆਂ ਵਜਾਉਦੇ ਨੇ,
ਕੁੜੀਆਂ ਦਾ ਤਮਾਸ਼ਾ ਬਣਾਉਂਦੇ ਨੇ,
ਕਿਰਦਾਰਾਂ ਤੇ ਸਵਾਲ ਉਠਾਉਂਦੇ ਨੇ।
ਇਸ ਲਈ ਮੈਂ ਅੱਜ ਕਵਿਤਾ ਨੂੰ
ਕੁੜੀ ਜਾਂ ਕਵਿਤਾ ਨਹੀ ਆਖਾਗੀ।
ਇਹ ਸਮਰਪਣ ਹੀ ਠੀਕ ਏ।
ਸਮਰਪਣ!
ਇਕ ਮਰ ਚੁੱਕੀ ਆਸ ਦਾ
ਜੋ ਹੁਣ ਕਦੇ ਜਿੰਦਾ ਨਹੀ ਹੋਵੇਗੀ ।
ਜੇ ਬਚ ਬਚਾਕੇ ਜਿੰਦਾ ਰਹਿ ਵੀ ਗਈ
ਤਾਂ ਕਿਸੇ ਹੋਰ !
ਆਸ਼ਿਕ ਜਾਂ ਪਰਿਵਾਰ ਦੀ ਭੇਂਟ ਚੜ੍ਹੇਗੀ ।
ਕਿਉਂਕਿ ਏਥੇ
ਭੱਜ ਕੇ ਵਿਆਹ ਕਰਵਾਉਣ ਵਾਲਿਆਂ ਲਈ
ਕਾਨੂੰਨ ਤਾਂ ਬਹੁਤ ਮਿਲਣਗੇ ।
ਪਰ ਬਲਾਤਕਾਰ ਮਗਰੋਂ ਇਨਸਾਫ ਨਹੀ ।
ਮਸਲਾ ਤੁਹਾਡੀਆਂ ਧੀਆਂ ਦਾ ਏ ?
ਖੈਰ ਇਹ ਵੀ ਛੱਡ ਦਿਓ ,
ਜੋ ਲੋਕ ਕੁਝ ਪੈਸਿਆਂ ਲਈ
ਆਪਣੀ ਵੋਟ ਵੇਚ ਸਕਦੇ ਨੇ
ਉਹ ਧੀਆਂ ਬਚਾਉਣ ਦਾ ਸੋਚਣ ਵੀ ਕਿਵੇਂ?
ਸਿਆਸਤ ਦੇ ਨੁਮਾਇੰਦੇ
ਦਿਮਾਗ ਦਾ ਵਸ਼ੀਕਰਣ ਹੀ
ਕੁਝ ਇਸ ਤਰ੍ਹਾਂ ਕਰ ਲੈਂਦੇ ਨੇ
ਕਿ ਨਾਲ ਤੁਰ ਰਹੇ ਨੌਜਵਾਨ ਵੀ
ਸਵਾਲ ਨਹੀਂ ਕਰਦੇ ।
ਅਸੀਂ ਤੁਹਾਡੇ ਨਾਲ ਕਿਉ ਹਾਂ।
ਸਰਕਾਰ ਆਉਂਦੀ ਹੈ
ਔਰਤਾਂ ਬੇਪੱਤ ਹੁੰਦੀਆਂ ਨੇ
ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ
ਕਿਸਾਨ ਫਾਂਸੀਆਂ ਲਾਉਂਦੇ ਨੇ
ਬੇਰੁਜ਼ਗਾਰ ਸੜਕਾਂ ਤੇ ਕੁੱਟੇ ਜਾਂਦੇ ਨੇ
ਪੰਜ ਸਾਲ !
ਇਹ ਸਿਲਸਿਲਾ ਜਾਰੀ ਰਹਿੰਦਾ ਏ।
ਹੁਣ ਫੈਸਲਾ
ਤੁਹਾਡੇ ਹੱਥ ਕਵਿਤਾ ਜੀਵੇ ਜਾਂ ਮਰੇ ?
ਸਿਮਰਨਜੀਤ ਕੌਰ ਸਿਮਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
.