ਭੋਗ ਤੇ ਵਿਸ਼ੇਸ਼
ਅੰਤਿਮ ਅਰਦਾਸ 6 ਅਪ੍ਰੈਲ , ਦਿਨ ਐਤਵਾਰ ਨੂੰ ਗੁਰੂ ਘਰ ਸੁਖਮਨੀ ਸਾਹਿਬ ਦੁੱਗਰੀ , ਫੇਜ਼ 2 ਲੁਧਿਆਣਾ ਵਿਖੇ ਹੋਵੇਗੀ।
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਦੇ ਨਾਮੀ ਪੱਤਰਕਾਰ ਬਾਈ ਸੁਰਜੀਤ ਸਿੰਘ ਭਗਤ ਦਾ 29 ਮਾਰਚ ਦੀ ਸ਼ਾਮ ਦਿਲ ਦੀ ਧੜਕਣ ਬੰਦ ਹੋਣ ਕਾਰਨ ਪਿਆ ਬੇਵਕਤੀ ਵਿਛੋੜਾ ਉਹਦੇ ਯਾਰਾਂ ,ਦੋਸਤਾਂ, ਮਿੱਤਰਾਂ, ਪਰਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪੱਤਰਕਾਰੀ ਦੇ ਖੇਤਰ ਲਈ ਇੱਕ ਵੱਡਾ ਸਦਮਾ ਹੈ। ਉਹ ਬੜਾ ਹੀ ਸਹਿਜ ਸੁਭਾਅ ਵਾਲਾ, ਮਿਲਵਰਤਨ ਅਤੇ ਯਾਰੀ ਦੋਸਤੀ ਦੀ ਕਦਰ ਕਰਨ ਵਾਲਾ ਇਨਸਾਨ ਸੀ। ਜਦੋਂ ਵੀ, ਜਿਸ ਕਿਸੇ ਨੂੰ ਵੀ ਮਿਲਦਾ ਸੀ ਉਹ ਹਮੇਸ਼ਾ ਹੱਸ ਕੇ ਮਿਲਦਾ ਸੀ । ਫਿਲਮੀ ਪੱਤਰਕਾਰੀ ਵਿੱਚ ਉਸ ਨੇ ਵੱਡਾ ਨਾਮਣਾ ਖੱਟਿਆ ਹੈ। ਖਾਸ ਕਰਕੇ ਜੋ ਪੰਜਾਬੀ ਫਿਲਮਾਂ ਦੇ ਸਿਤਾਰੇ ਅੱਜ ਕਿਸੇ ਉੱਚ ਮੁਕਾਮ ਤੇ ਹਨ, ਉਹਨਾਂ ਨੂੰ ਉੱਚ ਮੁਕਾਮ ਤੇ ਪਹੁੰਚਾਉਣ ਵਿੱਚ ਸੁਰਜੀਤ ਭਗਤ ਦਾ ਵੱਡਾ ਰੋਲ ਹੈ। ਸਹੀ ਅਰਥਾਂ ਵਿੱਚ ਸੁਰਜੀਤ ਸਿੰਘ ਭਗਤ ਪੱਤਰਕਾਰੀ ਦਾ ਇੱਕ ਭਗਤ ਬੰਦਾ ਸੀ। ਅਜੀਤ ਅਖਬਾਰ ਵਿੱਚ ਅਸੀਂ ਲੰਬਾ ਅਰਸਾ ਇਕੱਠਿਆਂ ਪੱਤਰਕਾਰੀ ਕੀਤੀ। ਉਹ ਚਾਪਲੂਸੀ ਕਰਨ ਵਾਲਾ ਇਨਸਾਨ ਨਹੀਂ ਸੀ, ਨਾ ਹੀ ਉਸ ਨੇ ਕਦੇ ਕਿਸੇ ਦੀ ਜਲਾਲਤ ਪ੍ਰਵਾਨ ਕੀਤੀ। ਉਹ ਇੱਕ ਸਿਧਾਂਤਾਂ ਤੇ ਖੜ੍ਹਨ ਵਾਲਾ ਇਨਸਾਨ ਸੀ। ਇਸੇ ਕਰਕੇ ਉਸ ਨੇ ਪੱਤਰਕਾਰੀ ਨੂੰ ਸਮੇਂ ਤੋਂ ਪਹਿਲਾਂ ਹੀ ਅਲਵਿਦਾ ਕਹਿ ਦਿੱਤੀ। ਪੱਤਰਕਾਰੀ ਉਸਦੀ ਰੋਜ਼ੀ ਰੋਟੀ ਨਹੀਂ ਸਗੋਂ ਇੱਕ ਸ਼ੌਂਕ ਸੀ। ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੇ ਵਿੱਚ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ ਤੇ ਸੁਰਜੀਤ ਸਿੰਘ ਭਗਤ ਨੇ ਆਪਣੀ ਵਧੀਆਂ ਸੇਵਾਵਾਂ ਨਿਭਾਈਆਂ। ਸੇਵਾ ਮੁਕਤੀ ਤੋਂ ਬਾਅਦ ਵੀ ਉਸ ਦੇ ਵਿਭਾਗ ਨੇ ਉਸ ਦੀਆਂ ਸੇਵਾਵਾਂ ਜਾਰੀ ਰੱਖੀਆਂ। 5 ਅਪਰੈਲ 1962 ਨੂੰ ਪਿਤਾ ਕਾਮਰੇਡ ਦੇਸਾ ਸਿੰਘ ਦੇ ਘਰ ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਸੁਰਜੀਤ ਭਗਤ ਨੇ ਆਪਣੀ ਮਿਹਨਤ, ਇਮਾਨਦਾਰੀ ਸਮਰਪਿਤ ਭਾਵਨਾ ਅਤੇ ਲਗਨ ਨਾਲ ਸਮਾਜ ਵਿੱਚ ਸਤਿਕਾਰਤ ਸਥਾਨ ਬਣਾਇਆ। ਫ਼ਿਲਮੀ ਪੱਤਰਕਾਰੀ ਕਰਦਿਆਂ ਦੇਸ਼ ਦੀਆਂ ਪ੍ਰਮੁੱਖ ਫ਼ਿਲਮੀ ਸਿਤਾਰਿਆਂ ਨਾਲ ਇੰਟਰਵਿਊ ਕਰਕੇ ਵੱਖ-ਵੱਖ ਅਖ਼ਬਾਰਾਂ ਰਾਹੀਂ ਲੱਖਾਂ ਪਾਠਕਾਂ ਤੱਕ ਮਕਬੂਲ ਹੋਇਆ ਅਤੇ ਸਮਾਜ ਵਿੱਚ ਆਪਣੀ ਵੱਡੀ ਪਹਿਚਾਣ ਬਣਾਈ। ਸੁਰਜੀਤ ਭਗਤ ਨੂੰ ਸਮਾਜ ਸੇਵਾ ਦਾ ਵੀ ਸ਼ੌਂਕ ਸੀ ਅਤੇ ਦੀਨ, ਦੁਖੀਆਂ ਅਤੇ ਲੋੜਵੰਦਾਂ ਦੀ ਮਦਦ ਕਰਕੇ ਉਸ ਨੂੰ ਖੁਸ਼ੀ ਮਿਲਦੀ ਸੀ। ਉਹਨਾਂ ਦੀ ਸ਼ਾਦੀ ਸ਼੍ਰੀਮਤੀ ਸਰਬਜੀਤ ਕੌਰ ਨਾਲ ਹੋਈ ਸੀ ਅਤੇ ਇਨ੍ਹਾਂ ਦੇ ਘਰ ਸਪੁੱਤਰ ਨਵਦੀਪ ਸਿੰਘ ਅਤੇ ਸਪੁੱਤਰੀ ਅਮਨਦੀਪ ਕੌਰ ਨੇ ਜਨਮ ਲਿਆ। ਉਹਨਾਂ ਨੇ ਆਪਣੇ ਦੋਹਾਂ ਬੱਚਿਆਂ ਨੂੰ ਪੜਾ ਲਿਖਾ ਕੇ ਵਧੀਆ ਸੰਸਕਾਰ ਦੇ ਕੇ ਸਮਾਜ ਦੇ ਹਾਣੀ ਬਣਾਇਆ। ਹੁਣ ਉਹਨਾਂ ਦਾ ਜ਼ਿੰਦਗੀ ਨੂੰ ਮਾਨਣ ਦਾ ਸਮਾਂ ਸੀ। ਪਰ ਉਹਨਾਂ ਦਾ ਬੇਵਕਤਾ ਚਲੇ ਜਾਣਾ ਪਰਿਵਾਰ ਲਈ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨਮਿਤ ਰੱਖੇ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 6 ਅਪ੍ਰੈਲ 2025 ਦਿਨ ਐਤਵਾਰ ਨੂੰ ਬਾਅਦ ਦੁਪਹਿਰ 1-30 ਵਜੇ ਤੋਂ 2-30 ਵਜੇ ਤੱਕ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਫੇਸ-2, ਦੁੱਗਰੀ ਲੁਧਿਆਣਾ ਵਿਖੇ ਹੋਵੇਗੀ। ਆਪ ਸਭ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj