ਆਓ ਭੁੱਖ ਦਾ ਮਾਤਮ ਕਰੀਏ!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਜਦੋਂ ਬੰਦਾ ਜੰਗਲੀ ਤੋਂ ਪੇੰਡੂ ਬਣਿਆ ਤਾਂ ਬੜੀ ਤਣਾ-ਤਣੀ ਹੋਈ ਸੀ। ਜਿਵੇਂ ਸਿਆਣੇ ਆਖਦੇ ਹਨ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਘਸੁੰਨ ਜਾਂ ਮੁੱਕਾ ਤੇ ਮੁੱਠੀ ਬਣਦਾ ਹੈ ਤੇ ਦੂਸਰੇ ਦੀ ਢੂਹੀ ‘ਤੇ ਵਰਦਾ ਹੈ ਫੇਰ ਨੀ ਆਖਦੇ ਕਿ ਉੰਗਲਾਂ ਬਰਾਬਰ ਨਹੀਂ ) ਜਿਵੇਂ ਪਰਬਤ ਦੀ ਚੋਟੀ ਤੋਂ ਜਦੋਂ ਬਰਫ਼ ਦੀ ਬੂੰਦ ਬਣਦੀ ਹੈ ਤਾਂ ਉਹ ਹੀ ਬੂੰਦ ਧਰਤੀ ਤੱਕ ਪੁੱਜਦੀ ਬਹੁਤ ਕੁੱਝ ਆਪਣੇ ਨਾਲ ਤੁਰਦੀ ਹੈ। ਜਿਸ ਦੇ ਵਿੱਚ ਮਿੱਟੀ , ਪੱਥਰ , ਰੁੱਖ ਮਨੁੱਖ , ਪਸ਼ੂ- ਪੰਛੀ ਤੇ ਹੋ ਘੋਗੇ ਛਿੱਪੀਆਂ ਤੇ ਹੋਰ ਬਹੁਤ ਕੁੱਝ ਹੁੰਦਾ ਹੈ। ਦਰਿਆ ਤੱਕ ਪੁਜਦੀ ਬੂੰਦ ਕੱਸੀਆਂ, ਨਾਲੇ, ਨਦੀ ਤੇ ਦਰਿਆ ਬਣ ਵਗ ਤੁਰਦੀ ਹੈ, ਸਮੁੰਦਰ ਤੱਕ ਪੁੱਜਦਿਅਾਂ ਆਪਣਾ ਰੰਗ, ਰੂਪ ਤੇ ਸੁਭਾਅ ਹੀ ਨਹੀਂ ਬਦਲਦੀ ਸਗੋਂ ਨਾਮ ਵੀ ਬਦਲਦੀ ਹੈ।

ਬਰਫ਼ ਤੋਂ ਬੂੰਦ ..ਬੂੰਦ ਤੋਂ ਕੂਲ..ਕੂਲ ਤੋਂ ਕੱਸੀ..ਕੱਸੀ ਤੋਂ ਨਾਲੇ..ਨਾਲੇ ਤੋਂ ਨਹਿਰ .ਨਹਿਰ ਤੋਂ ਨਦੀ…ਨਦੀ ਤੋਂ ਦਰਿਆ ਤੇ ਦਰਿਆ ਸਮੁੰਦਰ ..ਸਮੁੰਦਰ ਤੋਂ ਭਾਫ..ਭਾਫ ਤੋਂ ਬੱਦਲ.ਤੇ ਬੱਦਲਾਂ ਤੋਂ ਬਰਫ..ਤੇ ਬੂੰਦ ਬਣ ਜਾਂਦੀ ਹੈ।
ਸਤੀਸ਼ ਗੁਲਾਟੀ ਦਾ ਇੱਕ ਸ਼ਿਅਰ ਚੇਤੇ ਆਉਦਾ ਹੈ-
” ਉਹ ਪਾਰਦਰਸੀ ਨੀਲੀ.ਸੰਦਲੀ ਜਾਂ ਸੁਨਹਿਰੀ ਹੈ, ਨਦੀ ਦੀ ਤੋਰ ਦੱਸ ਦੇਦੀ ਹੈ ਕਿ ਉਹ ਕਿੰਨੀ ਕੁ ਗਹਿਰੀ ਹੈ।”

ਹੁਣ ਗੱਲ ਤੇ ਭੁੱਖ ਦੀ ਹੈ…ਦੁੱਖ ਦੀ ਗੱਲ ਨਹੀਂ । ਦੁੱਖੀ ਬੰਦਾ ਭੁੱਖ ਦੀ ਗੱਲ ਨਹੀਂ ਕਰਦਾ। ਰੱਜਿਆ ਤੇ ਆਫਰਿਆ ਬੰਦਾ ਭੁੱਖ ਦਾ ਜਾਪ ਤੇ ਕੀਰਤਨ ਵੀ ਕਰਦਾ ਹੈ। ਪਰ ਉਸਦੀ ਕਦੇ ਵੀ ਭੁੱਖ ਨਹੀਂ ਮਿੱਟਦੀ…ਉਹ ਜਰੂਰ ਮਿੱਟੀ ਹੋ ਜਾਂਦਾ ਹੈ।

ਹੁਣ ਦੇਸ਼ ਵਿੱਚ ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ…ਲਾਸ਼ਾਂ ਦੀ ਆਹੂਤੀ ਪਾ ਕੇ ਮਨੁੱਖਤਾ ਦਾ ਕੀਰਤਨ ਸੋਹਿਲਾ ਪੜ੍ਹਿਆ ਜਾ ਰਿਹਾ ਹੈ। ਰੂਹ ਦੇ ਭੁੱਖੇ ਰੂਹਾਂ ਦੇ ਰੱਜਿਆਂ ਦਾ ਵਪਾਰ ਕਰਦੇ ਹਨ। ਵਪਾਰੀ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ ।… ਉਸਦੀਆਂ ਅੱਖਾਂ ਮੁਨਾਫ਼ੇ ‘ਤੇ ਹੁੰਦੀਆਂ ਹਨ। ਉਸ ਦੇ ਊਚ ਨੀਚ , ਜਾਤ ਪਾਤ..ਧਰਮ ਤੇ ਗੋਤ..ਖਿੱਤਾ ਤੇ ਇਲਾਕਾ ਕੋਈ ਅਰਥ ਨਹੀਂ ਰੱਖਦਾ। ਉਹ ਤੇ ਵਪਾਰ ਨੂੰ ਰੂੜ੍ਹੀਆਂ ਦੇ ਵਾਂਗੂੰ ਸਦਾ ਵਧਾਉਣ ਦੇ ਵਿੱਚ ਹਰ ਤਰ੍ਹਾਂ ਦਾ ਸਮਝੌਤਾ ਕਰਦਾ ਹੈ ਪਰ ਕਦੇ ਘਾਟਾ ਨੀ ਪਾਉਂਦਾ ਤੇ ਨਾ ਹੀ ਮੁਫਤ ਵੰਡ ਦਾ ਹੈ। ਜਦੋਂ ਵਪਾਰੀ ਵਸਤੂਆਂ ਤੇ ਮਨੁੱਖਤਾ ਨੂੰ ਬਰਾਬਰ ਸਮਝਣ ਲੱਗੇ ਤਾਂ ਸਮਝੋ..ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

ਵਪਾਰੀ ਜਸ਼ਨ ਮਨਾਉਂਦੇ ਵੀ ਕਦੇ ਘਾਟਾ ਨਹੀਂ ਖਾਂਦਾ । ਪਤਾ ਨਹੀਂ ਇਹ ਕਿਉਂ ਕਹੀ ਜਾਂਦੇ ਹਨ ਕਿ ” ਕਿ ਢਿੱਡ ਰੇਤੇ ਬੱਜਰੀ ਤੇ ਮਿੱਟੀ ਨਾਲ ਨਹੀਂ ..ਸਗੋਂ ਰੂਹ ਨਾ ਭਰਦਾ ਹੈ। ” ਕਈਆਂ ਦਾ ਢਿੱਡ ਵੀ ਭਰ ਜਾਂਦਾ ਹੈ ਪਰ ਰੂਹ ਨਹੀਂ ਭਰਦੀ। ਜਿਸ ਦੀ ਰੂਹ ਭਰ ਜਾਵੇ ਉਹ ਜਿਉਂਦੇ ਜੀਅ ਅਮਰ ਹੋ ਜਾਂਦਾ ਹੈ। ਜਿਸ ਦੀ ਰੂਹ ਨਾ ਭਰੇ ਉਹ ਭਟਕਣ ਦੇ ਚੱਕਰਵਿਊ ਦੇ ਵਿੱਚ ਫਸ ਜਾਂਦਾ ਹੈ। ਫਸਿਆ ਬੰਦਾ ਜਾਂ ਗੱਡੀ ਜ਼ੋਰ ਨਾਲ ਨਹੀਂ ਜੁਗਤ ਦੇ ਨਾਲ ਨਿਕਲਦੀ ਹੈ। ਬਹੁਤੀ ਤਾਕਤ ਬਹੁਤੀ ਵਾਰ ਬਿਨ ਮੌਤ ਦਾ ਸਬੱਬ ਬਣ ਜਾਂਦੀ ਹੈ।

ਭੁੱਖ ਦਾ ਹੁਣ ਹਰ ਦਿਨ ਹਰ ਪਲ ਕੀਰਤਨ ਤੇ ਭਜਨ ਹੁੰਦਾ ਹੈ..ਇਸ ਭੁੱਖ ਦੀ ਆੜ ਵਿੱਚ ਸਦਾ ਹੀ ਗਬਨ ਹੁੰਦਾ ਹੈ। ਜਦੋਂ ਕਦੇ ਗਬਨ ਹੁੰਦਾ ਹੈ ਤਾਂ ਕੋਈ ਰੱਜੀ ਰੂਹ ਵਾਲੀ ਦੇਹ ਦੀ ਬਲੀ ਦਿੱਤੀ ਜਾਂਦੀ ਹੈ। ਰੂਹ ਦੇ ਭੁੱਖੇ ਜਸ਼ਨ ਮਨਾਉਦੇ ਹਨ।

ਹੁਣ ਤੱਕ ਕਦੇ ਵੀ ਨਦੀ, ਦਰਿਆ ਤੇ ਸਮੁੰਦਰ ਦੇ ਵਿੱਚੋਂ ਕਿਸੇ ਨੇ ਮਗਰਮੱਛ ਨਹੀਂ ਫੜਿਆ । ਸਦਾ ਹੀ ਛੋਟੀਆਂ ਮੱਛੀਆਂ ਹੀ ਫੜ ਹੁੰਦੀਆਂ ਹਨ। ਜੋ ਆਪਣੇ ਢਿੱਡ ਨੂੰ ਝੁਲਕਾ ਦੇਣ ਲਈ ਫੁਲਕਾ ਬਣਾਉਂਦੀਆਂ ਹਨ। ਇਸੇ ਕਰਕੇ ਹਰ ਰੋਜ਼ ਸਮੁੰਦਰ ਦੇ ਵਿੱਚ ਲਾਪਤਾ ਹੋਣ ਵਾਲੇ ਜਾਨਵਰਾਂ ਦੇ ਵਿੱਚ ਉਹ ਵੀ ਬੰਦੇ ਹੁੰਦੇ ਹਨ ਜਿਹਨਾਂ ਨੂੰ ਪਤਾ ਹੀ ਨਹੀਂ ਹੁੰਦਾ ।

ਜੋ ਉਹਨਾਂ ਦੇ ਨਾਲ ਤੇ ਉਨ੍ਹਾਂ ਦੇ ਨਾਮ ਤੇ ਹੁੰਦਾ ਹੈ। ਫੇਰ ਭੁੱਖ ਕੀਰਤਨ ਵੀ ਕਰਦੀ ਤੇ ਰੱਭ ਦੇ ਭਾਣੇ ਵਿੱਚ ਰਹਿੰਦੀ ਹੋਈ ਆਖਦੀ ਹੈ…ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ! ਪਰ ਜਿਹੜੇ ਸਰਬੱਤ ਦੇ ਭਲੇ ਦਾ ਜਾਪ ਕਰਦੇ ਹਨ ਉਹ ਲੋਕਾਂ ਦੀ ਨੰਗ ਭੁੱਖ ਦਾ ਵਪਾਰ ਕਰਦੇ ਹਨ। ਉਹਨਾਂ ਨੇ ਮੱਛੀਆਂ ਤੇ ਬੰਦੇ ਫੜਨ ਲਈ ਮਗਰਮੱਛ ਤੇ ਬਘਿਆੜ ਪਾਲੇ ਹੁੰਦੇ ਹਨ। ਜੋ ਸਦਾ ਹੀ ਸ਼ਿਕਾਰ ਤੇ ਨਿਕਲਦੇ ਹਨ। ਸ਼ਿਕਾਰੀ, ਵਪਾਰੀ , ਪੁਜਾਰੀ , ਲਿਖਾਰੀ ਤੇ ਅਧਿਕਾਰੀ ਰਲ ਮਿਲ ਕੇ ਖੇਡਾਂ ਖੇਡ ਦੇ ਹਨ।

ਭੁੱਖ ਸਦਾ ਰੱਬ ਦਾ ਭਾਣਾ ਮੰਨਦੀ ਹੈ…ਤੇ ਕਦੇ ਭੁੱਖੇ ਦਾ ਜਾਪ ਕਰਦੀ ਹੈ ਤੇ ਕਦੇ ਜਸ਼ਨ ਮਨਾਉਂਦੀ ਹੈ।

ਇਹ ਸਿਲਸਿਲਾ ਕਦੋਂ ਤੱਕ ਜਾਰੀ ਰਹੇਗਾ ?

ਜਦੋਂ ਤੱਕ ਭੁੱਖਿਆਂ ਨੂੰ ਗਿਆਨ ਹੋਵੇਗਾ ਤੇ ਗਿਆਨ ਹਾਸਲ ਕਰਨ ਪੜ੍ਹਾਈ ਕਰਨੀ ਪਵੇਗੀ ਤੇ ਚਿੰਤਾ ਨਹੀਂ ਚਿੰਤਨ ਬਣ ਕੇ ਚਿੰਤਕ ਤੱਕ ਤੁਰਨਾ ਪਵੇਗਾ। ਨਹੀਂ ਹੁਣ ਤੇ ਨੰਗ ਤੇ ਭੁੱਖ ਦਾ ਫੇਰ ਤੋਂ ਤਮਾਸ਼ਾ ਹੋਣ ਲੱਗਾ…ਹੁਣ ਤੁਸੀਂ ਸੋਚਣਾ ਤਮਾਸ਼ਾ ਦੇਖਣਾ ਹੈ..ਜਾਂ ਮਗਰਮੱਛ ਮਾਰਨੇ ਹਨ?

ਬੁੱਧ ਸਿੰਘ ਨੀਲੋਂ
94643 70823

Previous articleBlinken admits some US actions undermine int’l order
Next articleਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੀ ਡੀ.ਟੀ.ਐਫ. ਵੱਲੋਂ ਨਿਖੇਧੀ