ਪੰਜਾਬੀ ਲੋਕ ਗਾਇਕੀ ਦਾ ਚਾਨਣ ਸੁਰਿੰਦਰ ਕੌਰ

(ਸਮਾਜ ਵੀਕਲੀ)

ਮਿੱਠੀ ਆਵਾਜ਼ ਦੀ ਮਲਿਕਾ, ਸੁਰ ਤਾਲ ਲੈਅ ਦੀ ਪੱਕੀ ਅਤੇ ਦੇਸੀ ਸੰਗੀਤ ਦੀ ਮਹਿਕ ਆਪਣੀ ਗਾਇਕੀ ਰਾਹੀਂ ਕੁੱਲ ਦੁਨੀਆਂ ਵਿਚ ਫੈਲਾਉਣ ਵਾਲੀ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਨੂੰ ਸਾਡੇ ਕੋਲੋਂ ਵਿੱਛੜਿਆ ਪੰਦਰਾਂ ਵਰ੍ਹੇ ਹੋ ਗਏ ਹਨ। ਪੰਜਾਬ ਦੀ ਕੋਇਲ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਮਹਾਨ ਲੋਕ ਗਾਇਕਾ ਨੇ ਆਪਣੀ ਗਾਇਕੀ ਦੇ ਸਫ਼ਰ ਦੌਰਾਨ ਅਣਗਿਣਤ ਹਿੱਟ ਗੀਤ ਗਾਏ।

ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਅਣਵੰਡੇ ਪੰਜਾਬ (ਬ੍ਰਿਟਿਸ਼ ਇੰਡੀਆ) ਦੀ ਰਾਜਧਾਨੀ ਲਾਹੌਰ ਦੇ ਅੰਦਰੂਨ ਸ਼ਹਿਰ ਵਿਚ ਸਥਿਤ ਭੱਟੀ ਗੇਟ ਦੇ ਰਹਿਣ ਵਾਲੇ ਸਹਿਜਧਾਰੀ ਸਿੱਖ ਬਿਸ਼ਨਦਾਸ ਅਤੇ ਮਾਇਆ ਦੇਵੀ ਦੇ ਘਰ ਹੋਇਆ। ਸਿੱਖੀ ਨਾਲ ਪਿਆਰ ਕਰਨ ਵਾਲੇ ਅਤੇ ਗੁਰਬਾਣੀ ਵਿਚ ਅਥਾਹ ਸ਼ਰਧਾ ਰੱਖਣ ਵਾਲੇ ਇਸ ਪਰਿਵਾਰ ਦਾ ਘਰੇਲੂ ਮਾਹੌਲ ਧਾਰਮਿਕ ਸੀ। ਗੀਤ ਸੰਗੀਤ ਨਾਲ ਇਸ ਪਰਿਵਾਰ ਦਾ ਦੂਰ ਦਾ ਵੀ ਵਾਸਤਾ ਨਹੀਂ ਸੀ, ਪਰ ਸਭ ਤੋਂ ਵੱਡੀ ਧੀ ਪ੍ਰਕਾਸ਼ ਕੌਰ ਨੂੰ ਬਚਪਨ ਤੋਂ ਹੀ ਗੀਤ ਗਾਉਣਾ ਚੰਗਾ ਲੱਗਦਾ ਸੀ। ਸੁਰਿੰਦਰ ਕੌਰ ਨੂੰ ਵੀ ਛੋਟੀ ਉਮਰ ਤੋਂ ਹੀ ਸੰਗੀਤ ਨਾਲ ਮੋਹ ਪੈ ਗਿਆ। ਜਦੋਂ ਪ੍ਰਕਾਸ਼ ਕੌਰ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸੁਰਿੰਦਰ ਕੌਰ ਦਾ ਆਪਣੀ ਗਾਇਕੀ ਦੇ ਸ਼ੌਕ ਨੂੰ ਜਾਰੀ ਰੱਖਣਾ ਆਸਾਨ ਹੋ ਗਿਆ। ਸੰਗੀਤ ਵਿਚ ਵਧਦੀ ਰੁਚੀ ਨੂੰ ਵੇਖ ਕੇ ਸੁਰਿੰਦਰ ਕੌਰ ਦੇ ਵੱਡੇ ਭਰਾਵਾਂ ਨੇ ਉਸ ਨੂੰ ਬਾਕਾਇਦਾ ਸੰਗੀਤ ਦੀ ਤਾਲੀਮ ਦਿਵਾਉਣ ਦਾ ਫ਼ੈਸਲਾ ਕੀਤਾ ਅਤੇ ਪਟਿਆਲਾ ਘਰਾਣੇ ਦੇ ਲਾਹੌਰ ਰਹਿੰਦੇ ਸੰਗੀਤ ਵਿਚ ਵੱਡਾ ਮੁਕਾਮ ਰੱਖਦੇ ਮਾਸਟਰ ਇਨਾਇਤ ਹੁਸੈਨ ਕੋਲੋਂ ਕਲਾਸੀਕਲ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਭੇਜਿਆ।

ਉਨ੍ਹਾਂ ਦੀ ਗਾਇਕੀ ਦੇ ਸਫ਼ਰ ਦਾ ਆਗਾਜ਼ ਲਾਹੌਰ ਰੇਡੀਓ ਤੋਂ ਹੋਇਆ। ਜਦੋਂ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ ਉਸ ਵਕਤ ਉਨ੍ਹਾਂ ਦੀ ਉਮਰ ਸਿਰਫ਼ 13 ਸਾਲ ਦੀ ਸੀ। 1943 ਵਿਚ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਲਾਹੌਰ ਤੋਂ ਬੱਚਿਆਂ ਦੇ ਗੀਤ ਸੰਗੀਤ ਦੇ ਪ੍ਰੋਗਰਾਮ ਲਈ ਆਡੀਸ਼ਨ ਦਿੱਤਾ ਜਿਸ ਨੂੰ ਸੁਰਿੰਦਰ ਨੇ ਆਸਾਨੀ ਨਾਲ ਪਾਸ ਕਰ ਲਿਆ। ਉਸ ਦੀ ਆਵਾਜ਼ ਦੀ ਰਵਾਨਗੀ ਨੂੰ ਦੇਖ ਕੇ ਸੁਰਿੰਦਰ ਨੂੰ ਰੇਡੀਓ ਦੇ ਸੰਗੀਤ ਸੈਕਸ਼ਨ ਦੇ ਸਹਾਇਕ ਹੈੱਡ ਜੀਵਨ ਲਾਲ ਮੱਟੂ ਨੇ ਸਿੱਧੇ ਜਨਰਲ ਪ੍ਰੋਗਰਾਮ ਪੇਸ਼ ਕਰਨ ਲਈ ਚੁਣ ਲਿਆ। 30 ਅਗਸਤ 1943 ਨੂੰ ਪਹਿਲੀ ਵਾਰ ਉਸ ਦੀ ਆਵਾਜ਼ ਰੇਡੀਓ ਰਾਹੀਂ ਲੋਕਾਂ ਦੇ ਕੰਨਾਂ ਤਕ ਪਹੁੰਚੀ। ਹੁਣ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੋਵੇਂ ਭੈਣਾਂ ਆਲ ਇੰਡੀਆ ਰੇਡੀਓ ਦੀਆਂ ਪ੍ਰਵਾਨਿਤ ਗਾਇਕਾਵਾਂ ਬਣ ਚੁੱਕੀਆਂ ਸਨ। ਮਾਸਟਰ ਇਨਾਇਤ ਹੁਸੈਨ ਦੇ ਸੰਗੀਤਬੱਧ ਕੀਤੇ ਦੋ ਪੰਜਾਬੀ ਲੋਕ ਗੀਤਾਂ ਨੂੰ ਦੋਵੇਂ ਭੈਣਾਂ ਦੀ ਜੋੜੀ ਨੇ ਇਕੱਠਾ ਲਾਹੌਰ ਰੇਡੀਓ ਤੋਂ ਪਹਿਲੀ ਵਾਰ ਗਾਇਆ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਇਸ ਤਰ੍ਹਾਂ ਛੋਟੀ ਉਮਰ ਵਿਚ ਹੀ ਸੁਰਿੰਦਰ ਵੱਡੀ ਗਾਇਕਾ ਬਣਨ ਦੇ ਰਾਹਾਂ ’ਤੇ ਟੁਰ ਪਈ।

31 ਅਗਸਤ 1943 ਨੂੰ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਵਿਚ ਅਤੇ ਮਾਸਟਰ ਇਨਾਇਤ ਹੁਸੈਨ ਦਾ ਸੰਗੀਤਬੱਧ ਕੀਤਾ ਪਹਿਲਾ ਡਿਊਟ ਗੀਤ “ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ ਮਾਏ” ਐੱਚ.ਐੱਮ.ਵੀ. ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ। ਇਸ ਗੀਤ ਦੀ ਕਾਮਯਾਬੀ ਨਾਲ ਦੋਵੇਂ ਭੈਣਾਂ ਦੀ ਪ੍ਰਸਿੱਧੀ ਵਿਚ ਅਥਾਹ ਵਾਧਾ ਹੋਇਆ। ਮਾਵਾਂ, ਧੀਆਂ ਦੇ ਗੂੜ੍ਹੇ ਪਿਆਰ ਤੇ ਸਾਂਝ ਨੂੰ ਦਰਸਾਉਂਦਾ ਇਹ ਗੀਤ ਪੰਜਾਬੀ ਗਾਇਕੀ ਵਿਚ ਮੀਲ ਪੱਥਰ ਦੀ ਤਰ੍ਹਾਂ ਹੈ। 1944 ਦੇ ਆਸਪਾਸ ਪਹਿਲੀ ਵਾਰ ਭਾਈ ਬੁੱਧ ਸਿੰਘ ਤਾਨ ਨੇ ਸੁਰਿੰਦਰ ਕੌਰ ਦੀ ਸੁਰੀਲੀ ਆਵਾਜ਼ ਵਿਚ ਆਪਣੇ ਸੰਗੀਤਬੱਧ ਕੀਤੇ ਦੋ ਸ਼ਬਦ ਰਿਕਾਰਡ ਕਰਵਾਏ ਜਿਨ੍ਹਾਂ ਵਿਚੋਂ ਇਕ ਸ਼ਬਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਰਾਗ ਮਲਾਰ ਵਿਚ ਉਚਾਰਨ ਕੀਤਾ ਸ਼ਬਦ “ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ” ਵੀ ਸ਼ਾਮਲ ਕੀਤਾ ਗਿਆ ਸੀ। ਇਸ ਰਿਕਾਰਡ ਨੂੰ ਸਿੱਖ ਸੰਗਤ ਵੱਲੋਂ ਭਰਵਾਂ ਪਿਆਰ ਮਿਲਿਆ।

ਦੇਸ਼ ਵੰਡ ਦੌਰਾਨ ਹੋਰਾਂ ਦੀ ਤਰ੍ਹਾਂ ਸੁਰਿੰਦਰ ਦਾ ਪਰਿਵਾਰ ਵੀ ਆਪਣਾ ਘਰ ਬਾਰ ਛੱਡ ਕੇ ਫ਼ਿਰੋਜ਼ਪੁਰ ਰਹਿਣ ਲੱਗਿਆ। ਕੁਝ ਸਮਾਂ ਇੱਥੇ ਠਹਿਰਨ ਤੋਂ ਬਾਅਦ ਅਖੀਰ ਸੁਰਿੰਦਰ ਦਾ ਸਾਰਾ ਪਰਿਵਾਰ ਗਾਜ਼ੀਆਬਾਦ ਦਿੱਲੀ ਜਾ ਵੱਸਿਆ। 1948 ਵਿਚ 18 ਸਾਲਾਂ ਦੀ ਉਮਰ ਵਿਚ ਉਸ ਦਾ ਵਿਆਹ ਫ਼ਿਰੋਜ਼ਪੁਰ ਦੇ ਪੜ੍ਹੇ ਲਿਖੇ ਨੌਜਵਾਨ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਜੋ ਪ੍ਰੋਫ਼ੈਸਰ ਸਨ। ਵਿਆਹ ਤੋਂ ਬਾਅਦ ਉਸ ਨੂੰ ਹਿੰਦੀ ਫ਼ਿਲਮਾਂ ਵਿਚ ਪਲੇਅ ਬੈਕ ਸਿਗਿੰਗ ਲਈ ਮਸ਼ਹੂਰ ਸੰਗੀਤਕਾਰ ਗੁਲਾਮ ਹੈਦਰ ਜੋ ਲਾਹੌਰ ਰੇਡੀਓ ਤੋਂ ਸੁਰਿੰਦਰ ਕੌਰ ਦੇ ਵਾਕਿਫ਼ ਸਨ, ਨੇ ਬੰਬਈ ਆਉਣ ਦਾ ਸੱਦਾ ਦਿੱਤਾ। 1948 ਵਿਚ ਹੀ ਉਸ ਨੂੰ ਪਹਿਲੀ ਹਿੰਦੀ ਫ਼ਿਲਮ ‘ਪਿਆਰ ਕੀ ਜੀਤ’ ਵਿਚ ਬਤੌਰ ਪਲੇਅ ਬੈਕ ਸਿੰਗਰ ਗੀਤ ਗਾਉਣ ਦਾ ਮੌਕਾ ਮਿਲਿਆ। ਸੰਗੀਤਕਾਰ ਹੁਸਨ ਲਾਲ ਭਗਤ ਰਾਮ ਦੀਆਂ ਸੰਗੀਤਬੱਧ ਧੁਨਾਂ ’ਤੇ ਸੁਰਿੰਦਰ ਕੌਰ ਨੇ ਚਾਰ ਗੀਤ ਗਾਏ। ਇਨ੍ਹਾਂ ਵਿਚੋਂ ਇਕ ਗੀਤ “ਇਤਨੇ ਦੂਰ ਹੋ ਹਜ਼ੂਰ ਕੈਸੇ ਮੁਲਾਕਾਤ ਹੋ” ਬਹੁਤ ਪਸੰਦ ਕੀਤਾ ਗਿਆ। ਇਸ ਫ਼ਿਲਮ ਤੋਂ ਬਾਅਦ ਉਸ ਨੇ ਦਲੀਪ ਕੁਮਾਰ ਅਤੇ ਕਾਮਿਨੀ ਕੌਸ਼ਲ ਅਭਿਨੀਤ ਸੁਪਰ ਹਿੱਟ ਫ਼ਿਲਮ ‘ਸ਼ਹੀਦ’ ਦੇ ਤਿੰਨ ਗੀਤ ਗਾਏ।

ਹਾਲਾਂਕਿ ਇਸ ਫ਼ਿਲਮ ਵਿਚ ਸੁਰਿੰਦਰ ਕੌਰ ਨੇ ‘ਪਿਆਰ ਕੀ ਜੀਤ’ ਫ਼ਿਲਮ ਨਾਲੋਂ ਬਾਅਦ ਵਿਚ ਗੀਤ ਗਾਏ ਸਨ, ਪਰ ਇਹ ਫ਼ਿਲਮ ਪਹਿਲਾਂ ਰਿਲੀਜ਼ ਹੋ ਗਈ। ਇਸ ਕਰਕੇ ਇਸ ਫ਼ਿਲਮ ਨੂੰ ਸੁਰਿੰਦਰ ਕੌਰ ਦੀ ਪਹਿਲੀ ਰਿਲੀਜ਼ ਫ਼ਿਲਮ ਦੇ ਤੌਰ ’ਤੇ ਜਾਣਿਆ ਜਾਂਦਾ ਹੈ। 1948 ਤੋਂ ਲੈ ਕੇ 1952 ਤਕ ਉਸ ਨੇ ਜਿਹੜੀਆਂ ਹਿੰਦੀ ਫ਼ਿਲਮਾਂ ਵਿਚ ਗੀਤ ਗਾਏ ਉਨ੍ਹਾਂ ਵਿਚ ‘ਸ਼ਹੀਦ’, ‘ਪਿਆਰ ਕੀ ਜੀਤ’, ‘ਲਾਲ ਦੁਪੱਟਾ’, ‘ਨਦੀਆ ਕੇ ਪਾਰ’, ‘ਰੂਪਰੇਖਾ’, ‘ਦਾਦਾ’, ‘ਕਨੀਜ਼’, ‘ਸਾਵਰੀਆ’, ‘ਸ਼ਿੰਗਾਰ’, ‘ਸਬਕ’, ‘ਖ਼ਾਮੋਸ਼ ਸਿਪਾਹੀ’, ‘ਰਾਜਰਾਣੀ’, ‘ਸ਼ਾਦੀ ਕੀ ਰਾਤ’, ‘ਬਾਵਰੇ ਨੈਣ’ ਅਤੇ ‘ਆਂਧੀਆ’ ਪ੍ਰਮੁੱਖ ਹਨ। ਇਨ੍ਹਾਂ ਫ਼ਿਲਮਾਂ ਵਿਚ ਉਸ ਨੇ ਤਕਰੀਬਨ 80 ਤੋਂ ਜ਼ਿਆਦਾ ਗੀਤ ਗਾਏ। ਹਿੰਦੀ ਫ਼ਿਲਮਾਂ ਤੋਂ ਇਲਾਵਾ ਉਸ ਨੇ 4 ਪੰਜਾਬੀ ਫ਼ਿਲਮਾਂ ਵਿਚ 15 ਦੇ ਕਰੀਬ ਗੀਤ ਗਾਏ। ਉਹ ਪੰਜਾਬੀ ਫ਼ਿਲਮਾਂ ਸਨ ‘ਮਦਾਰੀ’, ‘ਮੁਟਿਆਰ’, ‘ਬਾਲੋ’ ਅਤੇ ‘ਸਤਲੁਜ ਦੇ ਕੰਢੇ’।

ਉਸ ਨੂੰ ਫ਼ਿਲਮ ਇੰਡਸਟਰੀ ਦੇ ਬੰਦ ਸਟੂਡੀਓ ਵਿਚ ਗਾਉਣਾ ਰਾਸ ਨਾ ਆਇਆ ਤੇ ਛੇਤੀ ਹੀ ਉਸ ਦਾ ਬੰਬਈ ਤੋਂ ਮੋਹ ਭੰਗ ਹੋ ਗਿਆ। 1952 ਵਿਚ ਸੁਰਿੰਦਰ ਕੌਰ ਬੰਬਈ ਛੱਡ ਦਿੱਲੀ ਵਾਪਸ ਆ ਗਈ ਅਤੇ ਫਿਰ ਤੋਂ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਨਾਲ ਮਿਲ ਕੇ ਆਲ ਇੰਡੀਆ ਰੇਡੀਓ ਦਿੱਲੀ ਤੋਂ ਪੰਜਾਬੀ ਲੋਕ ਸੰਗੀਤ ਨੂੰ ਗਾਉਣਾ ਸ਼ੁਰੂ ਕੀਤਾ। ਪੰਜਾਬ ਦੇ ਰਵਾਇਤੀ ਗੀਤਾਂ ਨੂੰ ਘਰਾਂ ਵਿਚੋਂ ਕੱਢ ਕੇ ਦੋਵਾਂ ਭੈਣਾਂ ਨੇ ਪੂਰੀ ਦੁਨੀਆਂ ਵਿਚ ਮਸ਼ਹੂਰ ਕਰ ਦਿੱਤਾ। ਐੱਚ.ਐੱਮ.ਵੀ. ਕੰਪਨੀ ਨੇ ਇਨ੍ਹਾਂ ਦੇ ਕਈ ਐੱਲ.ਪੀ. ਰਿਕਾਰਡ ਰਿਲੀਜ਼ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਹੱਥੋਂ ਹੱਥ ਖਰੀਦਿਆ। ਇਸ ਜੋੜੀ ਨੇ ਰਲ ਕੇ ਧਾਰਮਿਕ ਗੀਤ ਵੀ ਗਾਏ।

ਉਸ ਦੌਰ ਦੇ ਸੁਰਿੰਦਰ ਕੌਰ ਦੇ ਕੁਝ ਯਾਦਗਾਰੀ ਗੀਤ ਸਨ “ਵੇ ਇਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ”, “ਮਾਏ ਨੀਂ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋ ਦੀ ਰੜਕ ਪਵੇ”, “ਜੁੱਤੀ ਕਸੂਰੀ ਪੈਰੀ ਨਾ ਪੂਰੀ” , “ਚੰਨ ਵੇ ਕੇ ਸ਼ੌਂਕਣ ਮੇਲੇ ਦੀ” , “ਚੰਨ ਕਿਥਾਂ ਗੁਜ਼ਾਰੀ ਆਈ ਰਾਤ ਵੇ” ਅਤੇ “ਲੱਠੇ ਦੀ ਚਾਦਰ”।

ਸਾਲ 1975 ਵਿਚ ਪਤੀ ਦੀ ਮੌਤ ਨਾਲ ਸੁਰਿੰਦਰ ਕੌਰ ਨੂੰ ਗਹਿਰਾ ਸਦਮਾ ਲੱਗਿਆ। ਤਿੰਨ ਧੀਆਂ ਅਤੇ ਆਪਣੇ ਘਰ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਸੁਰਿੰਦਰ ਦੇ ਮੋਢਿਆ ’ਤੇ ਆਣ ਪਈ। ਇਸ ਦੌਰਾਨ ਉਸ ਦਾ ਝੁਕਾਅ ਉਦਾਸ ਗੀਤ, ਗਜ਼ਲ ਗਾਉਣ ਵੱਲ ਹੋਇਆ। ਉਨ੍ਹਾਂ ’ਚ ਪ੍ਰਮੁੱਖ ਗੀਤਾਂ ਦੇ ਬੋਲ ਸਨ “ਇਨ੍ਹਾਂ ਅੱਖੀਆਂ ’ਚ ਪਾਵਾਂ ਕਿਵੇਂ ਕੱਜਲਾ, ਵੇ ਅੱਖੀਆਂ ’ਚ ਤੂੰ ਦਿਸਦਾ”, ‘‘ਵਿਛੜੇ ਚਿਰਾ ਤੋਂ ਉਹ ਮੈਨੂੰ” ਅਤੇ “ਮਹਿਰਮ ਦਿਲਾਂ ਦੇ ਮਾਹੀ”। ਪਤੀ ਦੇ ਜਾਣ ਦੀ ਪੀੜਾ ਨੂੰ ਬਿਆਨ ਕਰਦਾ ਇਕਲੌਤਾ ਗੀਤ ਜੋ ਸੁਰਿੰਦਰ ਕੌਰ ਨੇ ਗਾਉਣ ਦੇ ਨਾਲ ਲਿਖਿਆ ਵੀ ਖੁਦ ਸੀ, ਉਸ ਦੇ ਬੋਲ ਸਨ-“ਨੀਂ ਮੈਂ ਜਾਣਾ ਰੱਬ ਦੇ ਕੋਲ, ਦਿਲ ਮੇਰੇ ਨੂੰ ਚੈਨ ਨਾ ਆਵੇ ਫਿਰਨੀ ਆਂ ਡਾਂਵਾ ਡੋਲ”।

ਸੁਰਿੰਦਰ ਕੌਰ ਨੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਨਾਲ ਦੋਗਾਣੇ ਵੀ ਰਿਕਾਰਡ ਕਰਵਾਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬੇਹੱਦ ਪਸੰਦ ਕੀਤਾ। ਹਰਚਰਨ ਗਰੇਵਾਲ ਨਾਲ ਉਨ੍ਹਾਂ ਨੇ ਸਭ ਤੋਂ ਵੱਧ ਦੋਗਾਣੇ ਗਾਏ। ਬਾਕੀ ਗਾਇਕਾਂ ਵਿਚ ਆਸਾ ਸਿੰਘ ਮਸਤਾਨਾ, ਮੁਹੰਮਦ ਸਦੀਕ, ਕਰਨੈਲ ਗਿੱਲ, ਜਗਜੀਤ ਜੀਰਵੀ, ਰਮੇਸ਼ ਰੰਗੀਲਾ, ਸਾਬਰ ਹੁਸੈਨ ਸਾਬਰ, ਰੰਗੀਲਾ ਜੱਟ ਅਤੇ ਦੀਦਾਰ ਸੰਧੂ ਦੇ ਨਾਂ ਸ਼ਾਮਲ ਹਨ।

ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਤੋਂ ਲੈ ਕੇ ਤਾਉਮਰ ਤਕਰੀਬਨ 60 ਸਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਸਾਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਨੇ ਉਸ ਦੀ ਕਲਾ ਦੀ ਦਿਲ ਖੋਲ੍ਹ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਮਣਾਂ ਮੂਹੀ ਪਿਆਰ ਦਿੱਤਾ। ਅਨੇਕਾਂ ਸੰਸਥਾਵਾਂ ਨੇ ਉਨ੍ਹਾਂ ਦੀ ਕਲਾ ਦੀ ਕਦਰ ਕਰਦਿਆਂ ਕਈ ਇਨਾਮ ਸਨਮਾਨ ਉਨ੍ਹਾਂ ਦੀ ਝੋਲੀ ਪਾਏ ਜਿਨ੍ਹਾਂ ਵਿਚ ਸੰਗੀਤ ਨਾਟਕ ਅਕੈਡਮੀ ਐਵਾਰਡ, ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਸਾਲ 2002 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਅਤੇ ਸਾਲ 2006 ਵਿਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।

ਮਿੱਟੀ ਦੇ ਮੋਹ ਦੀ ਮਾਰੀ ਸੁਰਿੰਦਰ ਕੌਰ ਸਾਲ 2004 ਵਿਚ ਦਿੱਲੀ ਛੱਡ ਚੰਡੀਗੜ੍ਹ ਨਜ਼ਦੀਕ ਪੰਚਕੂਲਾ ਆਪਣੀ ਵੱਡੀ ਧੀ ਡੌਲੀ ਗੁਲੇਰੀਆ ਕੋਲ ਆ ਕੇ ਰਹਿਣ ਲੱਗੀ। 14 ਜੂਨ 2006 ਨੂੰ ਪੰਜਾਬ ਦੀ ਇਸ ਧੀ ਨੇ ਨਿਊ ਜਰਸੀ ਦੇ ਹਸਪਤਾਲ ਵਿਚ ਆਖਰੀ ਸਾਹ ਲਏ ਅਤੇ ਉੱਥੇ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਸੁਰਿੰਦਰ ਕੌਰ ਨੂੰ ਉਨ੍ਹਾਂ ਦੀ ਗਾਇਕੀ ਲਈ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਸੁਖਦੇਵ ਸਿੰਘ

ਸੰਪਰਕ: 0091-6283011456

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਲ੍ਹਾ ਦੀ ਸਹੁੰ, ਅਸੀਂ ਹਿੰਦੂ ਆਂ!
Next articleਹਜ਼ਰਤ ਦਾਤਾ ਸ਼ਾਹ ਕਮਾਲ ਹਰੀਪੁਰ ਮੇਲੇ ਵਿੱਚ ਪਹਿਲੇ ਦਿਨ ਕੱਵਾਲਾਂ ਪੇਸ਼ ਕੀਤੇ ਸੂਫੀਆਨਾ ਕਲਾਮ