(ਸਮਾਜਵੀਕਲੀ)- ਅਗਿਆਨਤਾ ਤੇ ਡਰ ਵਿਚੋਂ ਸੁਰੂ ਹੋਏ ਅੰਧਵਿਸ਼ਵਾਸ, ਵਹਿਮ ਭਰਮ ਕੰਮਪਿਊਟਰ ਯੁੱਗ ਵਿੱਚ ਇਹ ਘਟਣ ਦੀ ਥਾਂ ਵੱਧ ਫੁਲ ਰਹੇ ਹਨ। ਘਰੋਂ ਤੁਰਨ ਲੱਗੇ ਛਿੱਕ ਆਉਣ ,ਨਜ਼ਰ ਲੱਗਣ ਦਾ ਵਹਿਮ ਦਿਨਾਂ , ਤਿੱਥੀਆਂ ,ਰਾਸ਼ੀਆਂ ਅਨੇਕਾਂ ਵੱਖ ਵੱਖ ਤਰ੍ਹਾਂ ਦੇ ਵਹਿਮ, ਵੱਖੋ ਵੱਖ ਦੇਸ਼ਾਂ, ਵੱਖ ਵੱਖ ਥਾਵਾਂ ਤੇ ਵੱਧ ਫੁੱਲ ਰਹੇ ਹਨ।ਵਹਿਮ ਭਰਮ ਕਿਸੇ ਛੋਟੀ ਮੋਟੀ ਲੋੜ ਨੂੰ ਪੂਰਾ ਕਰਨ ਵਾਸਤੇ ਸ਼ੁਰੂ ਹੋਏ ਸਨ ਪਰ ਹੌਲੀ ਹੌਲੀ ਲੋਕ ਇਨਾਂ ਦੇ ਮਕੜਜਾਲ ਵਿੱਚ ਫਸਦੇ ਗਏ।ਇਨਾਂ ਵਿੱਚੋਂ ਨਿਕਲਣ ਲਈ ਲੋਕਾਂ ਨੂੰ ਇਨਾਂ ਦੇ ਪਿਛੋਕੜ ਬਾਰੇ ਜਾਣ ਕੇ ਵਿਗਿਆਨਕ ਸੋਚ ਅਪਣਾਉਣ ਦੀ ਲੋੜ ਹੈ।ਅੱਜ ਆਪਾਂ ਕੁੱਝ ਭਰਮਾਂ ,ਅੰਧਵਿਸ਼ਵਾਸ਼ਾਂ ਬਾਰੇ ਵਿਚਾਰ ਸਾਂਝੇ ਕਰਦੇ ਹਾਂ।
ਸੰਗਰਾਦ,ਮੱਸਿਆ ਜਾਂ ਪੂਰਨਮਾਸ਼ੀ ਕੋਈ ਵਿਸ਼ੇਸ ਮਹੱਤਵ ਜਾਂ ਇਤਿਹਾਸਕ ਪਿਛੋਕੜ ਵਾਲੇ ਦਿਨ ਨਹੀਂ ਫਿਰ ਵੀ ਇਨਾਂ ਦਿਨਾਂ ਵਿੱਚ ਉਚੇਚੇ ਤੌਰ ਤੇ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਜਾਂਦੇ ਹਨ,ਲੰਗਰ ਲਾਏ ਜਾਂਦੇ ਹਨ।ਸੰਗਰਾਦ ਵਾਲੇ ਦਿਨ ਨੂੰ ਵਰੇ ਦਾ ਦਿਨ ਕਹਿਆ ਜਾਂਦਾ ਹੈ ਇਸ ਦਿਨ ਮਾਇਆ ਨਹੀਂ ਖਰਚਣੀ,ਦੂਰ, ਬਾਹਰ ਨਹੀ ਜਾਣਾ,ਸੋਮਵਾਰ ਦੀ ਮੱਸਿਆ ਤੇ ਇਸ਼ਨਾਨ ਕਰਨਾ ਤੇ ਇਸ ਦਿਨ ਘਰ ਦੇ ਬਾਹਰ ਬੂਹੇ ਤੇ ਮੋਮਬਤੀਆਂ ਜਗਾਉਣ ਨੂੰ ਚੰਗਾ ਸਮਝਿਆ ਜਾਂਦਾ ਹੈ।ਮੰਗਲ ਵਾਰ ਨੂੰ ਸਿਰ ਨਹਾਉਣਾ, ਵੀਰਵਾਰ ਨੂੰ ਕੱਪੜੇ ਧੋਣਾ ਜਾਂ ਕੁੜੀਆਂ ਦੇ ਪੇਕੇ ਘਰੋਂ ਤੁਰਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ।ਬੁੱਧ ਸ਼ਨੀਚਰ ਕੱਪੜਾ ਤੇ ਗਹਿਣਾ ਐਤਵਾਰ ਖਰੀਦਣ ਨੂੰ ਚੰਗਾ ਸਮਝਿਆ ਜਾਂਦਾ।ਕਈ ਲੋਕ ਮੰਗਲਵਾਰ ਤੇ ਵੀਰਵਾਰ ਅੰਡਾ ਮੀਟ ਖਾਣ ਜਾਂ ਸ਼ਰਾਬ ਪੀਣ ਤੋਂ ਪ੍ਰਹੇਜ਼ ਕਰਦੇ ਹਨ।ਪਾਣੀ ਦਾ ਭਰਿਆ ਘੜਾ ਮਿਲਣਾ, ਕੰਮ ਜਾਣ ਸਮੇਂ ਜਮਾਂਦਾਰਨੀ ਦਾ ਮੱਥੇ ਲੱਗਣਾ,ਔਰਤ ਦਾ ਸੱਜਾ ਅੰਗ ਫਰਕਣਾ ਚੰਗਾ ਸਮਝਿਆ ਜਾਂਦਾ।ਖਾਲੀ ਘੜਾ,ਖਾਲੀ ਟੋਕਰਾ ,ਢੱਠਾ ,ਝੋਟਾ ,ਲੰਬਰਦਾਰ ਮੱਥੇ ਲੱਗਣਾ ਬੁਰਾ ਸਮਝਿਆ ਜਾਂਦਾ ਹੈ।।ਸੁਹਾਗਣਾਂ ਲਾਲ ਤੇ ਹਰੀਆਂ ਚੂੜੀਆਂ ਪਾਉਣ ਤਾਂ ਉਮਰ ਲੰਬੀ ਹੋਵੇਗੀ।ਵਹਿਮੀ ਲੋਕ ਜੰਤਰ ਮੰਤਰ,ਮੜੀ ਮਸਾਨਾਂ ਤੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰਖਦੇ ਹਨ।
ਕਈ ਠੱਗਾਂ ਦਾ ਧਾਗੇ, ਤਵੀਤ,ਲਾਕਟ, ਮੁੰਦਰੀਆਂ ਦੇ ਨਗ,ਸ਼ਿਵ ਤੇ ਹਨੂੰਮਾਨ ਸੁਰੱਖਿਆ ਕਵਚ ਵੇਚਣ ਦਾ ਧੰਦਾ ਹੈ।ਘਰੇਲੂ ਕਲੇਸ਼, ਸੰਤਾਨ ਦੀ ਪ੍ਰਾਪਤੀ, ਪ੍ਰੇਮਵਿਆਹ, ਤਲਾਕ,ਮੁਕੱਦਮੇ ਦੀ ਜਿੱਤ,ਬਿਮਾਰੀ,ਵਿਦੇਸ਼ ਜਾਣ ਵਿਚ ਰੁਕਾਵਟ ਹਰ ਤਰ੍ਹਾਂ ਦੀ ਸਮੱਸਿਆ ਦਾ ਹਲ ਛੇਤੀ ਕਰਨ ਦੇ ਦਾਅਵੇ ਲਈ ਅਖਬਾਰਾਂ ਚੈਨਲਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਹਨ।ਬੱਚਾ ਰੋਣੋ ਨਾ ਹਟੇ, ਮੱਝ ਦੁੱਧ ਨਾ ਦੇਵੇ, ਤੰਦਰੁਸਤ ਬੰਦਾ ਜਾਂ ਬੱਚਾ ਅਚਾਨਕ ਬਿਮਾਰ ਹੋ ਜਾਵੇ,ਦਵਾਈ ਬੇਅਸਰ ਰਹੇ ,ਭੁੱਖ ਘੱਟ ਲੱਗੇ, ਅਚਾਨਕ ਨੁਕਸਾਨ ਹੋ ਜਾਵੇ ਤਾਂ ਕਿਹਾ ਜਾਂਦਾ ਕਿਸੇ ਚੰਦਰੇ ਦੀ ਨਜ਼ਰ ਲਗ ਗਈ, ਇਨ੍ਹਾਂ ਸਮੱਸਿਆਵਾਂ/ ਬੀਮਾਰੀਆਂ ਨੂੰ ਦੂਰ ਕਰਨ ਦੇ ਵਾਅਦੇ ਕਰਕੇ ਜੋਤਸ਼ੀ, ਤਾਂਤਰਿਕ ਤੇ ਪਾਖੰਡੀ ਸਾਧ ਲੋਕਾਂ ਦੀ ਹੱਕ ਪਸੀਨੇ ਦੀ ਕਮਾਈ ਨੂੰ ਠੱਗਦੇ ਹਨ।ਬੱਚਾ ਬਿਮਾਰ ਹੋਣ ਤੇ ਸੱਤ ਵੱਡੀਆਂ ਮਿਰਚਾਂ ਉਪਰੋਂ ਵਾਰ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਜਾਂ ਅਖੌਤੀ ਸਿਆਣਿਆਂ ਤੋਂ ਝਾੜਾਕਰਾਇਆ ਜਾਂਦਾ ਹੈ।।ਪੜ੍ਹੇ ਲਿਖੇ ਲੋਕਾਂ ਦੀਆਂ ਲੱਖਾਂ ਦੀਆਂ ਕੋਠੀਆਂ ਤੇ *ਨਜ਼ਰ ਵੱਟੂ*,ਗੱਡੀਆਂ ਦੇ ਪਿੱਛੇ ਕਾਲੀ ਗੁੱਤ ਜਾਂ ਛਿੱਤਰ ਬੰਨਿਆ ਹੁੰਦਾ ਹੈ ਜਾਂ ਲਿਖਿਆ ਹੁੰਦਾ ਹੈ *ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ*।ਦੁਕਾਨਾਂ ਤੇ ਆਏ ਸ਼ਨੀਵਾਰ ਨਿੰਬੂ ਤੇ ਹਰੀਆਂ ਮਿਰਚਾਂ ਟੰਗੀਆਂ ਆਮ ਵੇਖੀਆਂ ਜਾਂਦੀਆਂ ਹਨ।ਇਨਾਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਲੋਕ ਬੰਦੇ ਵਹਿਮੀ ਸੁਭਾਅ ਦਾ ਹੁੰਦੇ ਹਨ।ਅਜਿਹੇ ਵਿਅਕਤੀਆਂ ਨੂੰ ਕਿਸੇ ਤੇ ਯਕੀਨ ਨਹੀਂ ਹਹੁੰਦਾ।
ਦੂਜੇ ਦੀ ਉਮਰ ਵਧਾਉਣ ਲਈ ਵਰਤ ਰੱਖਿਆ ਜਾਂਦਾ ਹੈ ਜੇ ਵਰਤ ਢੰਗ ਨਾਲ ਰੱਖਿਆ ਜਾਵੇ ਭਾਵ ਘੱਟ ਖਾ ਕੇ ਰੱਖਿਆ ਜਾਵੇ ਤਾਂ ਇਹ ਸਿਹਤ ਪੱਖੋਂ ਤਾਂ ਠੀਕ ਹੋ ਸਕਦਾ ਕਿਸੇ ਦੀ ਉਮਰ ਵਧੇ ਇਹ ਅਸੰਭਵ ਹੈ।।ਮਰਨ ਉਪਰੰਤ ਬਿਸਤਰਾ,ਬਰਤਨ,ਕੱਪੜੇ,ਫਲ ਆਦਿ ਦੇਣ ਦਾ ਦਾਨ ਕਰਨਾ ਕਿਸੇ ਸਮੇਂ ਠੀਕ ਸੀ ਹੁਣ ਨਹੀਂ।ਸਾਲ ਵਿੱਚ ਦੋ ਵਾਰ ਸ਼ਰਾਧ ਕੀਤੇ ਜਾਂਦੇ ਹਨ ਜਿਉਂਦੇ ਸਮੇਂ ਭਾਂਵੇ ਪੁੱਛਿਆ ਨਾ ਹੋਵੇ। ਸਾਨੂੰ ਇਨਾਂ ਵਹਿਮਾਂ ਭਰਮਾਂ, ਪਾਖੰਡਾਂ ,ਅੰਧਵਿਸ਼ਵਾਸ਼ਾਂ, ਵਾਸਤੂ ਸ਼ਾਸਤਰ ਤੇ ਜੋਤਿਸ਼ ਪ੍ਰਤੀ ਵਿਗਿਆਨ ਸੋਚ ਅਪਨਾਉਂਦੇ ਹੋਏ ਲੋਕਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਦੇਖਣ ਲਈ ਚੇਤਨ ਕਰਨਾ ਚਾਹੀਦਾ ਹੈ।ਵਿਗਿਆਨਕ ਸੋਚ ਨਾਲ ਹੀ ਦੇਸ਼,ਸਾਮਾਜ ਤੇ ਵਿਅਕਤੀ ਦੇ ਵਿਕਾਸ, ਤਰੱਕੀ ਦੇ ਰਸਤੇ ਖੁਲ੍ਹਦੇ ਹਨ ਕਿਉਂਕਿ ਇਸ ਨਾਲ ਹੀ ਕਿਸੇ ਵਰਤਾਰੇ ਦੀ ਸਚਾਈ ਜਾਣੀ ਜਾਂਦੀ
ਆਓ ਨਜ਼ਰ ਲੱਗਣ ਦੇ ਵਹਿਮ ਨੂੰਵਿਗਿਆਨਕ ਦ੍ਰਿਸ਼ਟੀ ਤੋਂ ਵਿਚਾਰੀਏ
ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਕਿਸੇ ਵੀ ਇਨਸਾਨ ਦੀਆਂ ਅੱਖਾਂ ਵਿੱਚੋਂ ਸਚਮੁੱਚ ਕੋਈ ਕਿਰਨਾਂ ਨਿਕਲਦੀਆਂ ਹਨ? ਬਿਲਕੁਲ ਨਹੀਂ। ਤੁਸੀਂ ਆਪਣੀਆਂ ਵਿਗਿਆਨ ਦੀਆਂ ਪੁਸਤਕਾਂ ਵਿੱਚ ਪੜ੍ਹੋਗੇ ਕਿ ਅਸਲ ਗੱਲ ਤਾਂ ਇਸ ਤੋਂ ਉਲਟ ਹੁੰਦੀ ਹੈ। ਯਾਨੀ ਪ੍ਰਕਾਸ਼ ਦੀਆਂ ਕਿਰਨਾਂ ਵਸਤੂ ਤੋਂ ਸਾਡੀਆਂ ਅੱਖਾਂ ਤੀਕ ਪਹੁੰਚੀਆਂ ਹਨ, ਨਾ ਕਿ ਅੱਖਾਂ ਤੋਂ ਵਸਤੂ ਵੱਲ। ਜਦ ਪ੍ਰਕਾਸ਼ ਕਿਸੇ ਵਸਤੂ ਉੱਪਰ ਪੈਂਦਾ ਹੈ ਤਾਂ ਇਸ ਦਾ ਕੁੱਝ ਭਾਗ ਵਸਤੂ ਵਿੱਚ ਜਜ਼ਬ ਹੋ ਜਾਂਦਾ ਹੈ ਅਤੇ ਬਾਕੀ ਵਸਤੂ ਨਾਲ ਟਕਰਾ ਕੇ ਏਧਰ-ਓਧਰ ਖਿੰਡ ਜਾਂਦਾ ਹੈ। ਵਸਤੂ ਨਾਲ ਟਕਰਾਏ ਪ੍ਰਕਾਸ਼ ਦਾ ਕੁੱਝ ਹਿੱਸਾ ਜਦ ਅੱਖ ਤੀਕ ਪਹੁੰਚਦਾ ਹੈ ਤਾਂ ਇਹ ਅੱਖ ਦੀ ਪੁਤਲੀ ਅਤੇ ਅੱਖ ਦੇ ਲੈਨਜ਼ ਵਿੱਚੋਂ ਲੰਘ ਕੇ ਅੱਖ ਦੇ ਪਿਛਲੇ ਹਿੱਸੇ ਵਿੱਚ ਬਣੇ ਪਰਦੇ ਉੱਪਰ ਵਸਤੂ ਦਾ ਪ੍ਰਤੀਬਿੰਬ ਬਣਾ ਦਿੰਦਾ ਹੈ। ਅੱਖ ਮਗਰਲੇ ਇਸ ਪਰਦੇ ਨੂੰ ਰੈਟਿਨਾ ਕਿਹਾ ਜਾਂਦਾ ਹੈ ਅਤੇ ਇੱਥੇ ਬਣੇ ਪ੍ਰਤੀਬਿੰਬ ਦਾ ਸੁਨੇਹਾ ਅੱਖ ਦੀ ਨਾੜੀ ਰਾਹੀਂ ਦਿਮਾਗ ਤੱਕ ਜਾਂਦਾ ਹੈ ਅਤੇ ਸਾਨੂੰ ਵਸਤੂ ਦਿਖਾਈ ਦਿੰਦੀ ਹੈ। ਸਪੱਸ਼ਟ ਹੈ ਕਿ ਅੱਖਾਂ ਵਿੱਚੋਂ ਚੰਗੀਆਂ ਜਾਂ ਮਾੜੀਆਂ, ਕੋਈ ਵੀ ਕਿਰਨਾਂ ਨਹੀਂ ਨਿਕਲਦੀਆਂ। ਸੋ ਕਿਸੇ ਵੀ ਚੀਜ਼ ਵੱਲ ਮਾੜੀ ਨਜ਼ਰ ਨਾਲ ਦੇਖਣ ਨਾਲ ਉਸ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਅਫਸੋਸ ਦੀ ਗੱਲ ਹੈ ਕਿ ਟੈਲੀਵਿਜ਼ਨ ਵਰਗੀਆਂ ਵਿਗਿਆਨਕ ਕਾਢਾਂ ਨਾਲ ਵਿਗਿਆਨ ਦਾ ਪ੍ਰਚਾਰ ਕਰਨ ਦੀ ਬਜਾਏ ਅੰਧ-ਵਿਸ਼ਵਾਸ ਪਰਚਾਰਿਆ ਜਾਂਦਾ ਹੈ।
ਮਾਸਟਰ ਪਰਮ ਵੇਦ
ਜ਼ੋਨ ਮੁਖੀ, ਤਰਕਸ਼ੀਲ ਸੁਸਾਇਟੀ ਪੰਜਾਬ
9417422349
ਅਫਸਰ ਕਲੋਨੀ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly