(ਸਮਾਜ ਵੀਕਲੀ)- ਬੀਤੇ ਦਿਨੀ ਜਿਲਾ ਰੂਪਨਗਰ ਵਿਖੇ ਸਹਾਇਕ ਪ੍ਰੋਫੈਸਰ ਵੱਲੋਂ ਕੀਤੀ ਖੁਦਕੁਸ਼ੀ ਸਬੰਧੀ ਐਸੀ /ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਅਸਿਸਟੈਂਟ ਪ੍ਰੋਫੈਸਰਾ ਵੱਲੋਂ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦੀ ਘਟਨਾਂ ਕਾਫੀ ਮੰਦਭਾਗੀ ਹੈ। ਪੰਜਾਬ ਭਰ ਵਿੱਚ ਮਹਿਜ ਥੋੜੀਆਂ ਤਨਖਾਹਾਂ ਤੇ ਕੰਮ ਕਰ ਰਹੇ ਅਜਿਹੇ ਅਧਿਆਪਕਾਂ ਨੂੰ ਮਜਬੂਰੀ ਵਸ ਖੁਦਕੁਸ਼ੀਆਂ ਦੇ ਰਾਹ ਤੇ ਤੁਰਨ ਵਾਸਤੇ ਪੰਜਾਬ ਸਰਕਾਰ ਜੁੰਮੇਵਾਰ ਹੈ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਸਰਕਾਰ ਵੱਲੋਂ ਫੈਸਲਾ ਨਾ ਲੈਣਾ ਸਰਕਾਰ ਦੀ ਨਲਾਇਕੀ ਦਾ ਪੁਖਤਾ ਸਬੂਤ ਹੈ। ਉਚੇਰੀ ਪੱਧਰ ਦੀ ਸਿੱਖਿਆ ਪ੍ਰਾਪਤ ਅਜਿਹੇ ਅਧਿਆਪਕਾਂ ਦੁਆਰਾ ਆਤਮ ਹੱਤਿਆਵਾਂ ਕਰਨ ਵਾਸਤੇ ਜਿਮੇਵਾਰੀ ਫਿਕਸ ਹੋਣੀ ਚਾਹੀਦੀ ਹੈ ਭਾਵੇਂ ਉਹ ਸਰਕਾਰ ਦਾ ਮੰਤਰੀ ਹੋਵੇ ਜਾਂ ਹੋਰ।
ਕਾਲਜ ਅਧਿਆਪਕਾ ਵੱਲੋਂ ਕੀਤੀ ਖੁਦਕੁਸ਼ੀ ਸਬੰਧੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆਂ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਅਧਿਆਪਕਾਂ ਦੀ ਇਹ ਜਥੇਬੰਦੀ ਜਿਥੇ ਪ੍ਰੀਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੀ ਹੈ ਉਥੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੁਰਜੋਰ ਨਿਖੇਧੀ ਕਰਦੀ ਹੈ। ਜਿੱਥੇ ਇਹ ਪਾਰਟੀ ਬੇਰੁਜ਼ਗਾਰਾਂ ਅਤੇ ਤੁਛ ਤਨਖਾਹਾਂ ਤੇ ਕੰਮ ਕਰਦੇ ਕਾਲਜ ਅਧਿਆਪਕਾਂ ਦੇ ਧਰਨਿਆ ਦਾ ਸਹਾਰਾ ਲੈ ਕੇ ਸੱਤਾ ਵਿਚ ਆਈ ਹੈ ਅਤੇ ਸੱਤਾ ਸਿੰਘਾਸਨ ਦੀ ਕੁਰਸੀ ਤੇ ਬੈਠਣ ਉਪਰੰਤ ਹੁਣ ਪੂਰੀ ਤਰ੍ਹਾਂ ਸੰਵੇਦਨਹੀਣ ਹੋ ਚੁੱਕੀ ਹੈ। ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਜਥੇਬੰਦੀ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕੇ ਜੇਕਰ ਸਰਕਾਰ ਅਜਿਹੇ ਲੋਕ ਹਿਤੂ ਅਤੇ ਮੁਲਾਜ਼ਮ ਮਸਲਿਆ ਵੱਲ ਧਿਆਨ ਨਹੀਂ ਦਿੰਦੀ ਤਾਂ ਜਥੇਬੰਦੀ ਜਲਦੀ ਹੀ ਸਮੁੱਚੇ ਪੰਜਾਬ ਭਰ ਵਿੱਚ ਲੋਕ ਲਹਿਰ ਬਣਾਵੇਗੀ। ਇਸ ਮੌਕੇ ਤੇ ਉਨਾਂ ਨੇ ਸਮੁੱਚੇ ਬੇਰੁਜਗਾਰਾਂ ਸਾਥੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।