ਖ਼ੁਦਕੁਸ਼ੀ ਖ਼ੁਦ ਸਮੱਸਿਆ ਹੈ ਹੱਲ ਨਹੀਂ”

(ਸਮਾਜ ਵੀਕਲੀ)

ਅਗਰ ਅੱਜ ਤੋਂ 40 ਸਾਲ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਸ ਵਕਤ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਖ਼ੁਦਕੁਸ਼ੀ ਸ਼ਬਦ ਬਾਰੇ ਵੀ ਪਤਾ ਨਹੀਂ ਸੀ ਖ਼ੁਦਕਸ਼ੀਆਂ ਕਰਨਾ ਤਾਂ ਦੂਰ ਦੀ ਗੱਲ ਸੀ ਪਰ ਅੱਜਕਲ੍ਹ ਹਰ ਰੋਜ਼ ਹੀ ਸਾਨੂੰ ਖੁਦਕੁਸ਼ੀਆ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਬਹੁਤ ਸਾਰੇ ਲੋਕ ਤਾਂ ਖੁਦਕੁਸ਼ੀ ਵੀ ਲਾਈਵ ਹੋ ਕੇ ਕਰਦੇ ਹਨ। ਖੁਦਕੁਸ਼ੀ ਕਰਨੀ ਕੋਈ ਆਸਾਨ ਨਹੀਂ ਹੈ ਪਰ ਇਨਸਾਨ ਨੂੰ ਉਸ ਵਕਤ ਲੱਗਦਾ ਹੈ ਕਿ ਉਸ ਲਈ ਸ਼ਾਇਦ ਸਾਰੇ ਰਸਤੇ ਬੰਦ ਹੋ ਗਏ ਹਨ। ਖੁਦਕੁਸ਼ੀ ਕਰਨ ਵਾਲਾ ਅਪਣੀ ਜ਼ਿੰਦਗੀ ਤਾਂ ਗਵਾ ਲੈਂਦਾ ਹੈ ਪਰ ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਲਈ ਇੱਕ ਨਵੀਂ ਸਮੱਸਿਆ ਖੜ੍ਹੀ ਕਰ ਜਾਂਦਾ ਹੈ। ਪਰਿਵਾਰ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰੀ ਪੁਲਿਸ ਦੀ ਕਾਰਵਾਈ ਵਿਚੋ ਵੀ ਲੰਘਣਾ ਪੈਂਦਾ ਹੈ। ਕਈ ਵਿਅਕਤੀ ਤਾਂ ਪੂਰੇ ਦਾ ਪੂਰਾ ਪਰਿਵਾਰ ਖਤਮ ਕਰਕੇ ਆਪ ਵੀ ਖੁਦਕੁਸ਼ੀ ਕਰ ਲੈਂਦੇ ਹਨ।

ਪਿਛੇ ਜਿਹੇ ਇਕ ਪੁਲਿਸ ਦੇ ਏ ਐਸ ਆਈ ਨੇ ਆਪਣੀ ਪਿਸਤੌਲ ਨਾਲ ਆਪਣਾ ਪਰਿਵਾਰ ਖਤਮ ਕਰਕੇ ਖੁਦ ਨੂੰ ਵੀ ਖ਼ਤਮ ਕਰ ਲਿਆ ਇਹੋ ਜਿਹੀਆ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਦੇਖਣ ਨੂੰ ਮਿਲਦੀਆ ਹਨ। ਇਸ ਦਾ ਸ਼ਾਇਦ ਸਭ ਤੋਂ ਵੱਡਾ ਕਾਰਨ ਮਨੁੱਖ ਦੀ ਜ਼ਿੰਦਗੀ ਜਿਊਣ ਦੇ ਢੰਗ ਵਿੱਚ ਆਈ ਤਬਦੀਲੀ, ਦੇਸ਼ ਦੇ ਸਿਸਟਮ ਦਾ ਸਹੀ ਨਾ ਹੋਣਾ ਮਨੁੱਖ ਦੀਆਂ ਦਿਨੋਂ ਦਿਨ ਵਧ ਰਹੀਆਂ ਜ਼ਰੂਰਤਾ ਅਤੇ ਮਾਨਸਿਕ ਤਨਾਅ ਦਾ ਵਧਣਾ ਆਦਿ ਹਨ ਇਸ ਤੋਂ ਇਲਾਵਾ ਹਰ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦਾ ਆਪਣਾ ਨਿਜੀ ਕਾਰਨ ਵੀ ਹੋ ਸਕਦਾ ਹੈ। ਬੇਸ਼ੱਕ ਖੁਦਕਸ਼ੀ ਪੰਜ ਅੱਖਰਾਂ ਦਾ ਸ਼ਬਦ ਹੈ ਪਰ ਇਹ ਮਨੁੱਖ ਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਛੁਟਕਾਰਾ ਦੁਆ ਦਿੰਦਾ ਹੈ ਅਤੇ ਉਸ ਨਾਲ ਜੁੜੇ ਪਰਿਵਾਰ ਦੇ ਮੈਂਬਰਾਂ ਨੂੰ ਤਿਲ-ਤਿਲ ਕਰਕੇ ਮਰਨ ਲਈ ਮਜਬੂਰ ਕਰਦਾ ਰਹਿੰਦਾ ਹੈ।

ਖੁਦਕਸ਼ੀ ਦੀ ਸਮੱਸਿਆ ਅੱਜ ਇਕੱਲੇ ਭਾਰਤ ਅੰਦਰ ਹੀ ਨਹੀਂ ਬਲਕਿ ਪੂਰੇ ਸੰਸਾਰ ਅੰਦਰ ਵੱਡੀ ਸਮੱਸਿਆ ਵਜੋਂ ਉੱਭਰ ਰਹੀ ਹੈ। ਮਨੁੱਖ ਅੰਦਰ ਇਹ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਹਰ ਉਮਰ ਦਾ ਮਨੁੱਖ ਇਸ ਰਾਹ ‘ਤੇ ਤੁਰਨ ਲਈ ਮਜ਼ਬੂਰ ਹੋ ਰਿਹਾ ਹੈ। ਅਤਿ ਮੱਧ ਵਰਗੀ ਪਰਿਵਾਰਾਂ ਵਿਚ ਖੁਦਕਸ਼ੀਆਂ ਜ਼ਿਆਦਾਤਰ ਆਰਥਿਕ ਤੰਗੀ ਕਰਕੇ ਹੋ ਰਹੀਆਂ ਹਨ। ਜਦੋਂ ਕਿ ਸੰਪੰਨ ਪਰਿਵਾਰਾਂ ਵਿਚ ਇਹ ਵਪਾਰ ਵਿਚ ਵੱਡਾ ਘਾਟਾ ਪੈਣ ਜਾਂ ਘਰੇਲੂ ਸਮੱਸਿਆਵਾਂ ਕਾਰਨ ਹੋ ਰਹੀਆਂ ਹਨ। ਕਈ ਵਾਰ ਨੌਜਵਾਨ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਨਾ ਆਉਣ ਜਾਂ ਫ਼ੇਰ ਇਕਤਰਫ਼ਾ ਪਿਆਰ ਹੋਣ ਕਰਕੇ ਇਹ ਕਦਮ ਚੁੱਕ ਲੈਂਦੇ ਹਨ। ਮਨੋਰੋਗੀ ਡਾਕਟਰਾਂ ਦਾ ਮੰਨਣਾ ਹੈ ਕਿ ਖੁਦਕਸ਼ੀ ਦਾ ਖ਼ਿਆਲ ਮਨੁੱਖ ਦੇ ਦਿਮਾਗ ਅੰਦਰ ਤੁਰੰਤ ਨਹੀ ਪੈਦਾ ਹੁੰਦਾ ਬਲਕਿ ਇਹ ਮਨੁੱਖੀ ਦਿਮਾਗ ਵਿਚ ਹੌਲੀ-ਹੌਲੀ ਵਧਦਾ ਹੈ।

ਜਦ ਮਨੁੱਖੀ ਦਿਮਾਗ ਸਮੱਸਿਆਵਾਂ ਉੱਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਮਰਥ ਹੋ ਜਾਂਦਾ ਹੈ ਤਦ ਮਨੁੱਖ ਇਸ ਵੱਲ ਕਦਮ ਵਧਾਉਂਦਾ ਹੈ। ਜੇਕਰ ਭਾਰਤ ਵਿੱਚ ਖੁਦਕੁਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਅਨੁਸਾਰ ਸਾਲ 2019 ਵਿੱਚ 1,39,123 ਅਤੇ ਸਾਲ 2020 ਵਿੱਚ 1,53,052 ਖੁਦਕੁਸ਼ੀਆਂ ਹੋਈਆਂ ਹਨ। ਵਿਸ਼ਵ ਹੈਲਥ ਆਰਗੇਨਾਈਜੇਸ਼ਨ ਵਲੋਂ 2017 ਵਿਚ ਜਾਰੀ ਇਕ ਰਿਪੋਰਟ ਅਨੁਸਾਰ ਹਰ ਸਾਲ 8 ਲੱਖ ਲੋਕ ਖੁਦਕਸ਼ੀ ਕਰ ਰਹੇ ਹਨ। ਸੰਸਾਰ ਵਿਚ ਹਰ ਚਾਲੀ ਮਿੰਟ ਮਗਰੋਂ ਇਕ ਖੁਦਕਸ਼ੀ ਹੋ ਰਹੀ ਹੈ। ਇਸ ਰੁਝਾਨ ਵਿਚ 15 ਤੋਂ 29 ਸਾਲ ਦੇ ਨੌਜਵਾਨ ਜ਼ਿਆਦਾ ਸ਼ਾਮਲ ਹਨ। ਅਫ਼ਰੀਕੀ ਮੁਲਕ ਲੀਸੋਥੋ ਖੁਦਕਸ਼ੀ ਦਰ 72.4, ਨਾਲ ਦੁਨੀਆਂ ਵਿੱਚ ਪਹਿਲੇ ਸਥਾਨ ‘ਤੇ ਹੈ ਏਸੇ ਤਰ੍ਹਾਂ ਗੁਆਨਾ ਦੇਸ਼ 40.3 ਦੀ ਦਰ ਨਾਲ ਦੁਨੀਆਂ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ।

ਭਾਰਤ 12.70 ਦੀ ਦਰ ਨਾਲ ਦੁਨੀਆਂ ਵਿੱਚ 12ਵੇ ਨੰਬਰ ਤੇ ਹੈ। ਦੇਸ਼ ਅੰਦਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਰਿਪੋਰਟ ਅਨੁਸਾਰ ਦੇਸ਼ ਵਿਚ ਚੌਦਾਂ ਸਾਲ ਦੀ ਉਮਰ ਤੋਂ ਉਪਰ ਦੇ 790 ਬੱਚੇ, ਅੱਠਾਰਾਂ ਸਾਲ ਤੋਂ ਵੱਧ ਦੇ 3672 ਨੌਜਵਾਨਾਂ, ਤੀਹ ਸਾਲ ਤੋਂ ਵੱਧ ਉਮਰ ਦੀਆਂ 26883 ਵਿਆਹੁਤਾ ਪੁਰਸ਼/ਇਸਤਰੀਆਂ, ਪੰਤਾਲੀ ਸਾਲ ਤੋਂ ਵੱਧ ਉਮਰ 32654 ਵਿਅਕਤੀਆਂ, 60 ਸਾਲ ਤੱਕ 19897 ਬਜ਼ੁਰਗਾਂ ਅਤੇ 60 ਸਾਲ ਤੋਂ ਵੱਧ ਉਮਰ ਹੰਢਾ ਚੁੱਕੇ 7632 ਬਜੁਰਗਾਂ ਨੇ ਖੁਦਕਸ਼ੀ ਕਰਕੇ ਮੌਤ ਨੂੰ ਗਲੇ ਲਾਇਆ ਹੈ।ਮਨੋਰੋਗ ਮਾਹਿਰਾਂ ਮੁਤਾਬਕ ਮਨੁੱਖ ਦਾ ਦਿਮਾਗ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਕਈ ਵਾਰ ਅਸੀਂ ਵੇਖਦੇ ਹਾਂ ਗਹਿਰੀ ਨੀਂਦ ਵਿਚ ਸੁੱਤਾ ਪਿਆ ਮਨੁੱਖ ਅਚਾਨਕ ਉਠ ਕੇ ਕੁੱਝ ਸੋਚਣ ਲੱਗ ਪੈਂਦਾ ਹੈ।

ਇਸ ਤਰ੍ਹਾਂ ਦਿਮਾਗ ਦੇ ਅੰਦਰ ਕਈ ਹਿੱਸੇ ਹੁੰਦੇ ਹਨ, ਜੇ ਕਿਸੇ ਹਿੱਸੇ ਅੰਦਰ ਕੋਈ ਗੱਲ ਭਾਰੂ ਪੈ ਜਾਵੇ ਤਾਂ ਉਹ ਜਨੂੰਨ ਬਣ ਜਾਂਦੀ ਹੈ। ਇਸ ਨੂੰ ਜੇ ਤੁਰੰਤ ਰੋਕ ਲਿਆ ਜਾਵੇ ਤਾਂ ਮਨੁੱਖ ਖੁਦਕਸ਼ੀ ਕਰਨ ਤੋਂ ਟਲ ਸਕਦਾ ਹੈ। ਖੁਦਕਸ਼ੀਆਂ ਦੇ ਵੱਧ ਰਹੇ ਰੁਝਾਣ ਵਿਚ ਸਰਕਾਰਾਂ ਦੀਆਂ ਨੀਤੀਆਂ ਵੀ ਕਾਫੀ ਹੱਦ ਤੱਕ ਦੋਸ਼ੀ ਹਨ। ਸਰਕਾਰਾਂ ਨੂੰ ਆਪਣੇ ਨਾਗਿਰਕਾਂ ਲਈ ਰੁਜ਼ਗਾਰ ਦੇ ਸਾਧਨ ਪੈਂਦਾ ਕਰਨੇ ਚਾਹੀਦੇ ਹਨ, ਦੇਸ਼ ਦੀ ਗਰੀਬੀ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰਾਂ ਵੱਲੋਂ ਹਰ ਇਨਸਾਨ ਲਈ ਕੁਲੀ, ਜੁਲੀ ਅਤੇ ਗੁਲੀ ਦਾ ਪ੍ਰਬੰਧ ਕਰਨਾ ਬਣਦਾ ਹੈ। ਸਿੱਖਿਆ ਨੂੰ ਵਪਾਰ ਨਾ ਬਨਣ ਤੋਂ ਰੋਕਣਾ ਚਾਹੀਦਾ ਤੇ ਚੰਗੇਰੀ ਸਿੱਖਿਆ ਪ੍ਰਦਾਨ ਕਰਕੇ ਮਨੁੱਖ ਨੂੰ ਇਸ ਵਿਰੁੱਧ ਲੜਨ ਲਈ ਤਿਆਰ ਕਰਨਾ ਚਾਹੀਦਾ ਹੈ, ਦੇਸ਼ ਅੰਦਰ ਹੁਣ ਤੱਕ ਹੋਈਆਂ ਖੁਦਕਸ਼ੀਆਂ ਸਬੰਧੀ ਸਰਵੇ ਹੋਣਾ ਚਾਹੀਦਾ ਹੈ ਤੇ ਅੰਕੜੇ ਜਨਤਕ ਹੋਣੇ ਚਾਹੀਦੇ ਹਨ, ਦੇਸ਼ ਅੰਦਰ ਮਨੋਰੋਗ ਡਾਕਟਰ ਦੀ ਕਮੀ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।

ਖੁਦਕਸ਼ੀ ‘ਕਾਇਰਤਾ’ ਵਾਲਾ ਕਦਮ ਹੈ। ਇਹ ਕਦਮ ਚੁਕਣ ਦੀ ਬਜਾਏ ਸਮੱਸਿਆਵਾਂ ਨਾਲ ਲੜਨਾ ਚਾਹੀਦਾ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਬੁਧੀਜੀਵੀ ਵਰਗ ਇਸ ਰੁਝਾਣ ਨੂੰ ਰੋਕਣ ਲਈ ਸਮਾਜਿਕ ਤੌਰ ‘ਤੇ ਜਾਗਰੂਕਤਾ ਲਹਿਰ ਚਲਾਉਣ ਤਾਂ ਜੋ ਇਹ ਸਿਲਸਿਲਾ ਰੁਕ ਸਕੇ। ਇਨਸਾਨ ਵਰਤਮਾਨ ਸਮੇਂ ਵਿੱਚ ਸਰਲ ਜੀਵਨ ਜੀ ਕੇ ਖੁਸ਼ ਰਹਿ ਸਕਦਾ ਹੈ ਅਤੇ ਕਾਫੀ ਹੱਦ ਤੱਕ ਚਿੰਤਾ ਮੁਕਤ ਜੀਵਨ ਬਤੀਤ ਕਰਿਆ ਜਾ ਸਕਦਾ ਹੈ। ਹਰ ਇਨਸਾਨ ਦੀ ਉਸ ਲਈ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਇਸ ਤੋਂ ਵੀ ਜ਼ਿਆਦਾ ਉਸਦੀ ਜ਼ਿੰਦਗੀ ਉਸਦੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਵੀ ਕੀਮਤੀ ਹੈ ਇਹੋ ਜਿਹੀ ਕੀਮਤੀ ਚੀਜ਼ ਨੂੰ ਆਪ ਹੀ ਗਵਾ ਦੇਣਾ ਬਹੁਤ ਵੱਡੀ ਭੁੱਲ, ਗਲਤੀ ਅਤੇ ਕਾਇਰਤਾ ਹੈ।

ਕੁਲਦੀਪ ਸਿੰਘ ਸਾਹਿਲ
9417990040

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੜੀਆਂ
Next articleਅਣਗਹਿਲੀ