ਨਾਟਕ “ਦਾ ਗ੍ਰੇਟ ਅੰਬੇਡਕਰ” ਦਾ ਸਫਲ ਮੰਚਨ

“ਬਾਮਸੇਫ ਵੱਲੋਂ ਨਿਮਨ ਵਰਗਾਂ ਨੂੰ “ਪੜ੍ਹੋ, ਜੁੜ੍ਹੋ, ਸ਼ੰਘਰਸ਼ ਕਰੋ” ਦੇ ਸੰਕਲਪ ਨੂੰ ਅਪਨਾਉਣ ਤੇ ਜ਼ੋਰ ਦਿੱਤਾ ਗਿਆ”

ਜਗਰਾਓ (ਸਮਾਜ ਵੀਕਲੀ)- ਭਾਰਤੀ ਹਿੰਦੂ ਸਮਾਜ ਵਿੱਚ ਸਦੀਆਂ ਤੋਂ ਗੁਲਾਮੀ ਹੰਢਾ ਰਹੇ ਨਿਮਨ ਵਰਗਾਂ ਦੀਆਂ ਗੁਲਾਮੀ ਜੰਜੀਰਾਂ ਨੂੰ ਤੋੜਨ ਵਾਲੇ ਮਸੀਹਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਸਮਾਜ ਸੁਧਾਰਾਂ ਬਾਰੇ ਭਾਵੇਂ ਪੰਜਾਬ ਦੇ ਦੁਆਬਾ ਖੇਤਰ ਵਿੱਚ ਵਧੇਰੇ ਨਾਟਕ ਖੇਡੇ ਜਾਂਦੇ ਰਹੇ ਹਨ ਪਰ ਹੁਣ ਐੱਸ.ਸੀ. ਸਮਾਜ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੰਂਨ੍ਹਾਂ ਨਾਟਕਾਂ ਦਾ ਮੰਚਨ ਮਾਲਵੇ ਦੀ ਧਰਤੀ ਤੇ ਵੀ ਹੋਣ ਲੱਗਾ ਹੈ ਜੋ ਕਿ ਸਮੁੱਚੇ ਮਾਲਵੇ ਦੇ ਖਿੱਤੇ ਵਾਸਤੇ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ।
ਡਾਕਟਰ ਭੀਮ ਰਾਓ ਅੰਬੇਡਕਰ ਭਵਨ ਜਗਰਾਓ ਦੇ ਫਾਉਂਡਰ ਮੈਂਬਰ ਗੀਤਕਾਰ ਰਣਜੀਤ ਸਿੰਘ ਹਠੂਰ ਦੇ ਯਤਨਾਂ ਅਤੇ ਸਹਿਯੋਗ ਸਦਕਾ ਪਿਛਲੇ ਦਿਨੀ ਅੰਬੇਡਕਰ ਭਵਨ ਜਗਰਾਓ ਵਿਖੇ ਨਾਟ ਕਲਾ ਕੇਂਦਰ ਜਗਰਾਓ ਦੁਆਰਾ 24 ਅਕਤੂਬਰ ਤੋਂ 26 ਅਕਤੂਬਰ ਤੱਕ ਤਿੰਨ ਰੋਜਾ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਪਹਿਲੇ ਦਿਨ ਡਾਕਟਰ ਸੋਮ ਪਾਲ ਹੀਰਾ ਦੁਆਰਾ ਨਿਰਦੇਸ਼ਤ ਮਾਰਕਸੀ ਕਵੀ ਲਾਲ ਸਿੰਘ ਦਿਲ ਦੀ ਜੀਵਨੀ ਤੇ ਅਧਾਰਿਤ ਨਾਟਕ “ਦਾਸਤਾਨ-ਏ-ਦਿਲ” ਖੇਡਿਆ ਗਿਆ ਅਤੇ ਮਜਦੂਰ ਕਿਸਾਨ ਸੰਘਰਸ਼ਾਂ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ।
ਦੂਜੇ ਦਿਨ ਮੈਡਮ ਰਵਨੀਤ ਕੌਰ ਦੁਆਰਾ ਨਿਰਦੇਸ਼ਿਤ ਅਤ ਡਾਕਟਰ ਨਾਦਿਰਾ ਬੱਬਰ ਦਾ ਲਿਖਿਆ ਨਾਟਕ “ਜੀ ਜਿਵੇਂ ਤੁਹਾਡੀ ਮਰਜੀ” ਦੀ ਸਫਲ ਪੇਸ਼ਕਾਰੀ ਕੀਤੀ ਗਈ।
ਤੀਜੇ ਤੇ ਅੰਤਿਮ ਦਿਨ ਮੋਹੀ ਅਮਰਜੀਤ ਦਾ ਦਾ ਲਿਖਿਆ ਅਤੇ ਰਣਜੀਤ ਅਜਾਦ ਰੰਗ ਮੰਚ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਨਾਟਕ “ਦਾ ਗ੍ਰੇਟ ਅੰਬੇਡਕਰ” ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡ ਗਿਆ। ਭੀਮ ਰਾਓ ਅੰਬੇਡਕਰ ਦੇ ਜੀਵਨ ਨਾਲ ਸਬੰਧਤ ਵੱਖ ਵੱਖ ਘਟਨਾਵਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਖੁਬ ਕੀਲਿਆ। ਅੰਬੇਡਕਰ ਦੀ ਜਾਨਦਾਰ ਭੂਮਿਕਾ ਅਤੇ ਕਿਰਦਾਰ ਦੀ ਹੂ ਬ ਹੂ ਦਿੱਖ ਨਾਟਕ ਦੀ ਪੇਸ਼ਕਾਰੀ ਨੂੰ ਹੋਰ ਵੀ ਉਸਾਰੂ ਬਣਾਇਆ । ਅੰਬੇਡਕਰ-ਗਾਂਧੀ ਸੰਵਾਦ, ਅੰਬੇਡਕਰ ਨਾਲ ਜਾਤੀਵਾਦੀ ਭੇਦ ਭਾਵ, ਪਰਿਵਾਰ ਤੇ ਬੱਚਿਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਵੱਖ ਦ੍ਰਿਸ਼ਾਂ ਨੇ ਦਰਸ਼ਕਾਂ ਦੀਆਂ ਅੱਖਾਂ ਵਿੱਚ ਅੱਥਰੂ ਲਿਆ ਦਿੱਤੇ। ਸਮੁੱਚੇ ਰੂਪ ਵਿੱਚ ਇਸ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੁੰ ਖੂਭ ਝੰਜੋੜਿਆ।
ਨਾਟਕ ਉਪਰੰਤ ਬਾਮਸੇਫ ਦੇ ਬੁਲਾਰੇ ਰਜਿੰਦਰ ਰਾਣਾ ਨੇ ਅਜੋਕੇ ਭਾਰਤ ਵਿੱਚ ਸਰੀਰਕ ਛੂਆ ਛਾਤ ਦੇ ਬਦਲੇ ਹੋਏ ਰੂਪ “ਮਾਨਸਿਕ ਛੂਆ ਛਾਤ” ਅਤੇ “ਨਿਮਨ ਵਰਗਾਂ ਵਿੱਚ ਰਾਜਨੀਤਿਕ ਚੇਤੰਨਤਾ ਦੀ ਘਾਟ” ਤੋਂ ਇਲਾਵਾ ਸਮਾਜ ਵਿੱਚ ਮਨੂਵਾਦੀ ਤਾਕਤਾਂ ਦੀਆਂ ਕੋਝੀਆਂ ਤੇ ਮਾਰੂ ਚਾਲਾਂ ਤੋਂ ਲੋਕਾਂ ਦੇ ਇਕੱਠ ਨੂੰ ਜਾਣੂ ਕਰਵਾਇਆ। ਇਸ ਮੌਕੇ ਤੇ ਨਾਟਕਕਾਰ ਬਲਦੇਵ ਸਿੰਘ ਸੜਕਨਾਮਾ, ਡਾ. ਸੁਖਦੇਵ ਸਿੰਘ ਸਿਰਸਾ, ਐਡਵੋਕੇਟ ਗੁਰਕੀਰਤ ਕੌਰ, ਡਾ.ਸੁਰਜੀਤ ਸਿੰਘ ਦੌਧਰ, ਪ੍ਰਿੰਸੀਪਲ ਨਸੀਬ ਸਿੰਘ, ਨਾਟ ਕਲਾ ਕੇਂਦਰ ਜਗਰਾਓ ਦੇ ਪ੍ਰਧਾਨ ਅਮਰਜੀਤ ਸਿੰਘ ਚੀਮਾ, ਡਾ.ਅੰਬੇਡਕਰ ਟਰੱਸਟ ਦੇੇ ਪ੍ਰਧਾਨ ਸਰਬਜੀਤ ਸਿੰਘ ਹੇਰਾਂ, ਮੈਂਬਰ ਹਰਨੇਕ ਸਿੰਘ ਗੁਰੁ, ਮਸਤਾਨ ਸਿੰਘ, ਡਾ. ਦਿਲਬਾਗ ਸਿੰਘ, ਡਾ. ਰਛਪਾਲ ਸਿੰਘ, ਸੂਬੇਦਾਰ ਬੀਰ ਸਿੰਘ, ਬਾਮਸੇਫ ਦੇ ਬੁਲਾਰੇ ਸਿਕੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਗੁੜੇ, ਮਾਸਟਰ ਭੁਪਿੰਦਰ ਸਿੰਘ ਚੰਗਣਾਂ, ਸਰਬਜੀਤ ਸਿੰਘ ਭੱਟੀ ਅਤੇ ਮਾਸਟਰ ਹਰਭਿੰਦਰ “ਮੁੱਲਾਂਪੁਰ” ਹਾਜਰ ਸਨ। ਸਟੇਜ ਸਕੱਤਰ ਦੀ ਜੁੰਮੇਵਾਰੀ ਮਾਸਟਰ ਰਣਜੀਤ ਸਿੰਘ ਹਠੂਰ ਨੇ ਬਾਖੂਬੀ ਨਿਭਾਈ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleS.Korea discovers more Korean War remains in DMZ
Next articleਕੂੜ ਫਿਰੇ ਪ੍ਰਧਾਨ ਵੇ ਲਾਲੋ..!