ਬਿਜਨਿਸ ਸਕੂਲ ਦੇ ਵਿਦਿਆਰਥੀਆਂ ਨੂੰ ਸ਼ੇਅਰ ਬਜਾਰ ਪ੍ਰਤੀ ਦਿੱਤਾ ਗੁਰੂ ਮੰਤਰ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸ਼ੇਅਰ ਬਜਾਰ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਠਰੰਮੇ ਨਾਲ ਇਸ ਵਿੱਚ ਅੱਗੇ ਵਧਿਆ ਜਾ ਸਕਦਾ ਹੈ ਤੇ ਜਦੋਂ ਤੁਸੀਂ ਲਗਾਤਾਰਤਾ ਵਿੱਚ ਕਿਸੇ ਵਿਸ਼ੇ ਨਾਲ ਜੁੜਦੇ ਹੋ ਤਾਂ ਤੁਹਾਡਾ ਵਿਸ਼ਵਾਸ਼ ਵੱਧਦਾ ਜਾਂਦਾ ਹੈ, ਇਹ ਪ੍ਰਗਟਾਵਾ ਸੱਚਦੇਵਾ ਸਟਾਕਸ ਦੇ ਐੱਮ.ਡੀ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਅਮਿ੍ਰਤਸਰ ਵਿਖੇ ਬਿਜਨਿਸ ਸਕੂਲ ਦੇ ਵਿਦਿਆਰਥੀਆਂ ਨੂੰ ਸ਼ੇਅਰ ਬਜਾਰ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਸਮੇਂ ਦਿੱਤੇ ਗਏ ਲੈਕਚਰ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਤੇਜ਼ੀ ਤੇ ਅਸਾਨੀ ਨਾਲ ਪੈਸਾ ਕਮਾਉਣ ਦੀ ਸੋਚ ਲੈ ਕੇ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰ ਰਹੀ ਹੈ ਲੇਕਿਨ ਬਹੁਤ ਘੱਟ ਲੋਕ ਹਨ ਜੋ ਪੈਸਾ ਕਮਾਉਦੇ ਹਨ ਤੇ ਉਨ੍ਹਾਂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਪੈਸਾ ਖਰਾਬ ਕਰ ਬੈਠਦੇ ਹਨ, ਇਸ ਲਈ ਸ਼ੇਅਰ ਬਜਾਰ ਵਿੱਚ ਆਉਣ ਤੋਂ ਪਹਿਲਾ ਇਸ ਵਿਸ਼ੇ ਨਾਲ ਜੁੜੇ ਗਿਆਨ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ ਜਿਸ ਉਪਰੰਤ ਤਹਾਨੂੰ ਪਤਾ ਲੱਗ ਸਕੇਗਾ ਕਿ ਕਿੱਥੇ ਤੇ ਕਦੋ ਪੈਸਾ ਨਿਵੇਸ਼ ਕਰਨਾ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਇਸ ਬਜਾਰ ਵਿੱਚ ਪ੍ਰਵੇਸ਼ ਕਰਨਾ ਬਹੁਤ ਆਸਾਨ ਹੈ ਲੇਕਿਨ ਕਮਾਈ ਕਰਕੇ ਬਾਹਰ ਆਉਣਾ ਓਨਾ ਹੀ ਮੁਸ਼ਕਿਲ ਹੈ ਤੇ ਇਸ ਵਿੱਚ ਸਫਲ ਉਹੀ ਹੋਵੇਗਾ ਜਿਸ ਕੋਲ ਠਰੰਮਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਤੇ ਭਵਿੱਖ ਵਿੱਚ ਉਹੀ ਵਿਕਾਸ ਕਰੇਗਾ ਜੋ ਦੁਨੀਆ ਦੀ ਗਤੀ ਮੁਤਾਬਿਕ ਖੁਦ ਨੂੰ ਢਾਲ ਲਵੇਗਾ। ਇਸ ਮੌਕੇ ਵਿਭਾਗ ਦੇ ਮੁੱਖੀ ਡਾ. ਪਵਲੀਨ ਸੋਨੀ ਤੇ ਦੂਸਰੇ ਸਟਾਫ ਮੈਂਬਰਾਂ ਵੱਲੋਂ ਪਰਮਜੀਤ ਸੱਚਦੇਵਾ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਡਾ. ਜਸਵੀਨ ਕੌਰ ਇੰਚਾਰਜ ਅਕੈਡਮਿਕ ਕਮੇਟੀ, ਡਾ. ਵਿਕਰਮ ਸੰਧੂ ਇੰਚਾਰਜ ਪਲੇਸਮੈਂਟ ਕਮੇਟੀ, ਡਾ. ਦਿਲਪ੍ਰੀਤ ਕੌਰ, ਅਕਾਂਨਕਸ਼ਾ ਚੋਪੜਾ, ਕਾਵਯਾ ਸਹਿਦੇਵ, ਖੁਸ਼ੀ ਗਰੋਵਰ ਸਟੂਡੈਂਟ ਕੋਆਰਡੀਨੇਟਰ ਤੇ ਅੰਸ਼ਜੋਤ ਸਿੰਘ ਕੋ-ਫਾਂਊਡਰ ਵੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly