ਕਪੂਰਥਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਵੱਲੋਂ ਵਿਰਸਾ ਵਿਹਾਰ ਕਪੂਰਥਲਾ ਵਿਖੇ ਸੁਭਾਸ਼ ਪਾਰਸ ਦੇ ਪਲੇਠੇ ਹਿੰਦੀ ਗ਼ਜ਼ਲ ਸੰਗ੍ਰਹਿ ਫ਼ਰਿਸ਼ਤੇ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਕੇਂਦਰ ਦੇ ਪ੍ਰਧਾਨ ਡਾ. ਆਸਾ ਸਿੰਘ ਘੁੰਮਣ ਜੀ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਕੋਈ ਇਨਸਾਨ ਚਾਹੇ ਕਿੱਦਾਂ ਦੀ ਵੀ ਸਥਿਤੀ ਵਿੱਚ ਹੋਵੇ ਜੇਕਰ ਉਹ ਲਿਖਣ ਅਤੇ ਪੜ੍ਹਨ ਦੀ ਦਿਲਚਸਪੀ ਰੱਖਦਾ ਹੈ ਤਾਂ ਉਸਦੀ ਕਲਮ ਅਤੇ ਉਸਦੀ ਸੋਚ ਨਿਰੰਤਰ ਹੀ ਵਧੀਆ ਲੇਖਣੀ ਅਤੇ ਕਿਤਾਬਾਂ ਪ੍ਰਤੀ ਆਕਰਸ਼ਿਤ ਰਹਿੰਦੀ ਹੈ। ਇਸ ਮੌਕੇ ਇਸ ਗ਼ਜ਼ਲ ਸੰਗ੍ਰਹਿ ਦੇ ਸੰਪਾਦਕ ਸ਼ਹਿਬਾਜ਼ ਖ਼ਾਨ ਨੇ ਦੱਸਿਆ ਕਿ ਸੁਭਾਸ਼ ਪਾਰਸ ਦੀ ਲਿਖਣ ਸ਼ੈਲੀ ਵਿੱਚ ਉਰਦੂ ਅਤੇ ਹਿੰਦੀ ਭਾਸ਼ਾ ਦਾ ਖ਼ੂਬਸੂਰਤ ਸੁਮੇਲ ਹੈ। ਸਰੀਰਕ ਪੱਖੋਂ ਠੀਕ ਨਾ ਹੋਣ ਦੇ ਬਾਵਜੂਦ ਵੀ ਸੁਭਾਸ਼ ਨੇ ਲਿਖਣ ਦੇ ਆਪਣੇ ਇਸ ਸ਼ੌਕ ਨੂੰ ਬਾਖ਼ੂਬੀ ਨਿਭਾਇਆ ਹੈ।
ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਨੇ ਇਸ ਗ਼ਜ਼ਲ ਸੰਗ੍ਰਹਿ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਭਾਸ਼ ਪਾਰਸ ਦੀਆਂ ਗ਼ਜ਼ਲਾਂ ਵਿੱਚ ਸਮਾਜ ਪ੍ਰਤੀ ਫ਼ਿਕਰਮੰਦੀ, ਇਨਸਾਨੀ ਰਿਸ਼ਤੇ ਅਤੇ ਹੋਰ ਕਈ ਅਹਿਮ ਮੁੱਦੇ ਸਾਫ਼ ਨਜ਼ਰ ਆਉਂਦੇ ਹਨ। ਇਸ ਮੌਕੇ ਕੇਂਦਰ ਦੇ ਪ੍ਰਧਾਨ ਡਾ. ਆਸਾ ਸਿੰਘ ਘੁੰਮਣ ਨੇ ਸੁਭਾਸ਼ ਪਾਰਸ ਨੂੰ ਸਨਮਾਨ ਚਿੰਨ੍ਹ ਨਾਲ ਨਵਾਜ਼ਿਆ। ਜ਼ਿਕਰਯੋਗ ਹੈ ਕਿ ਸੁਭਾਸ਼ ਪਾਰਸ ਸਲੋਹ, ਊਨਾ (ਹਿਮਾਚਲ ਪ੍ਰਦੇਸ਼) ਤੋਂ ਹਨ ਤੇ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬਿਸਤਰ ‘ਤੇ ਹਨ। ਸੁਭਾਸ਼ ਪਾਰਸ ਨੇ ਆਪਣੇ ਸੁਨੇਹੇ ਵਿੱਚ ਉਹਨਾਂ ਸਭ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਗ਼ਜ਼ਲ ਸੰਗ੍ਰਹਿ ਨੂੰ ਇਹ ਖ਼ੂਬਸੂਰਤ ਰੂਪ ਦੇਣ ਲਈ ਆਪਣਾ ਯੋਗਦਾਨ ਪਾਇਆ। ਸਮਾਗਮ ਵਿੱਚ ਮੁਨੱਜ਼ਾ ਇਰਸ਼ਾਦ, ਮੀਨਾਕਸ਼ੀ ਸ਼ਰਮਾ, ਮਲਕੀਤ ਸਿੰਘ ਮੀਤ, ਆਸ਼ੂ ਕੁਮਰਾ, ਡਾਕਟਰ ਸੁਰਿੰਦਰਪਾਲ ਸਿੰਘ, ਪਰਗਟ ਸਿੰਘ ਰੰਧਾਵਾ, ਕੈਪਟਨ ਸੇਵਾ ਸਿੰਘ ਅਤੇ ਸੁਖਵਿੰਦਰ ਸਿੰਘ ਭਾਟੀਆ ਆਦਿ ਨੇ ਸ਼ਿਰਕਤ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly