ਚੰਡੀਗੜ੍ਹ, (ਰਮੇਸ਼ਵਰ ਸਿੰਘ) – ਲੱਚਰਤਾ, ਨੰਗੇਜ਼ਤਾ, ਹਿੰਸਾ, ਨਸ਼ਾਖੋਰੀ ਤੇ ਹੋਰ ਸਮਾਜਿਕ ਅਲਾਮਤਾਂ ਨੂੰ ਚੁੱਕ ਦੇਣ ਵਾਲੇ਼ ਗਾਣਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲ਼ੇ ਪੰਡਿਤ ਰਾਉ ਧਰੇਨਵਰ ਨੇ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹਰਸ਼ਜੋਤ ਕੌਰ ਦੇ ਖਿਲਾਫ਼ ਕਾਰਵਾਈ ਲਈ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਮੰਗ ਪੱਤਰ ਦਿੱਤਾ ਹੈ। ਪੰਡਿਤ ਰਾਉ ਧਰੇਨਵਰ ਦਾ ਇਤਰਾਜ਼ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿੱਚ ਜੁੰਮੇਵਾਰ ਅਫ਼ਸਰ ਹੋਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਗਾਣੇ ਵਿੱਚ ਅਦਾਕਾਰੀ ਕੀਤੀ। ਜਿਸ ਗੀਤ ਵਿੱਚ ਨਾ ਸਿਰਫ਼ “ਸੁਣਿਆ ਕਿ ਤੇਰੇ ਕੋਲ਼ ਸੱਤ ਅਸਲੇ” ਵਰਗੀਆਂ ਸਤਰਾਂ ਹਨ ਬਲਕਿ ਟਾਈਟਲ ਅਣਫੱਕਵਿਦੇਵਲ ਵੀ ਲੱਚਰ ਸ਼ਬਦ ਹੈ। ਇਸ ਲਈ ਪੰਡਿਤ ਜੀ ਨੇ ਮੰਗ ਕੀਤੀ ਕਿ ਪਤਾ ਕੀਤਾ ਜਾਵੇ ਕਿ ਇਸ ਗਾਣੇ ਦੇ ਵਿੱਚ ਅਦਾਕਾਰੀ ਕਰਨ ਲਈ ਹਰਸ਼ਜੋਤ ਕੌਰ ਨੇ ਪੁਲਿਸ ਵਿਭਾਗ ਤੋਂ ਮੰਨਜੂਰੀ ਲਈ ਹੈ ਜਾਂ ਨਹੀਂ ? ਸ਼੍ਰੀ ਰਾਉ ਨੇ ਇਹ ਵੀ ਜਾਣਕਾਰੀ ਮੰਗੀ ਕਿ ਇਹ ਗਾਣਾ ਸੈਂਸਰ ਬੋਰਡ ਆਫ਼ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ ? ਫ਼ਿਲਮ ਦੇ ਟਾਈਟਲ ਅਣਫੱਕਵਿਦੇਵਲ ਸ਼ਬਦ ‘ਤੇ ਇਤਰਾਜ਼ ਜਤਾਉਂਦੇ ਹੋਏ ਉਨ੍ਹਾਂ ਹਰਸ਼ਜੋਤ ਤੋਂ ਲਿਖਤੀ ਰੂਪ ਵਿੱਚ ਇਸ ਸ਼ਬਦ ਦਾ ਅਰਥ ਮੰਗਿਆ ਹੈ। ਇਸ ਗਾਣੇ ਵਿੱਚ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲ਼ੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਲਗਾਏ।
ਪਟਿਆਲਾ ਰੇਂਜ ਦੇ ਡੀ.ਜੀ.ਪੀ. ਬਿਕਰਮਜੀਤ ਸਿੰਘ ਦੁੱਗਲ ਆਈ.ਪੀ.ਐੱਸ. ਨੂੰ ਮਿਲ ਕੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਸ. ਦੁੱਗਲ ਨੇ ਸਬੰਧਤ ਵਿਭਾਗ ਤੋਂ ਰਿਪੋਰਟ ਮੰਗ ਲਈ ਹੈ।
ਅੱਗੇ ਚਲਦਿਆਂ ਸ਼੍ਰੀ ਰਾਉ ਨੇ ਕਿਹਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22.7.2019 ਵਾਲ਼ੇ ਹੁਕਮਾਂ ਦੇ ਬਾਵਜੂਦ ਪੁਲਿਸ ਅਫ਼ਸਰ ਗਲਤ ਗਾਣੇ ਵਿੱਚ ਅਦਾਕਾਰੀ ਕਰਨਾ ਨਾ ਸਿਰਫ਼ ਪੁਲਿਸ ਵਿਭਾਗ ਦੀ ਬੇਇੱਜ਼ਤੀ ਹੈ ਬਲਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਉਲੰਘਣਾ ਵੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਭਵਿੱਖ ਵਿੱਚ ਹੋਰ ਜੁੰਮੇਵਾਰ ਮੁਲਾਜ਼ਮ ਵੀ ਅਜਿਹੀ ਗੈਰ-ਜਿੰਮੇਵਾਰ ਹਰਕਤ ਕਰ ਸਕਦੇ ਹਨ। ਇਸ ਲਈ ਸਿੱਧੂ ਮੂਸੇਵਾਲ਼ਾ ਦੇ ਇਸ ਗੀਤ ਦੇ ਮਸਲਿਆਂ ‘ਤੇ ਫੌਰੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।