(ਸਮਾਜ ਵੀਕਲੀ)
ਹੱਥ ਮਿਲਾ ਕੇ ਮਿਲ ਲਏ ਕਿਧਰੇ ਕੋਈ ਉੱਚ-ਅਧਿਕਾਰੀ।
ਲੈਂਦੇ ਪਾਲ਼ ਭੁਲੇਖੇ ਮੂਰਖ ਸਮਝ ਕੇ ਗੂੜ੍ਹੀ ਯਾਰੀ।
‘ਧੋਣ ਦੇ ਵਿੱਚ ਫਸਾ ਕੇ ਕਿੱਲਾ’ ਜਮ੍ਹਾ ਨਾ ਵੇਖਣ ਥੱਲੇ।
ਮ੍ਹਾਤੜ ਬੰਦੇ ਛਾਂਟ ਛਾਂਟ ਕੇ ਮਾਰਨ ਧਾੜਾਂ, ਹੱਲੇ।
ਤਰਸ ਕਰਨ ਨਾ ਅਗਲੇ ਭਾਵੇਂ ਰੋਵਣ, ਡੁਸਕਣ, ਵਿਲਕਣ।
ਉਲਟਾ ‘ਚੋਰ-ਉਚੱਕੇ ਇਹ, ਕੋਤਵਾਲਾਂ ਨੂੰ ਝਿੜਕਣ।’
ਲਾ ਇੱਦਾਂ ਦੇ ਤੁੱਕੇ, ਟੱਲੇ, ਜਾਨਣ ਟਿੱਚ ਕਾਨੂੰਨ।
ਹੱਡਾਰੋੜੀ ਦੇ ਕੁੱਤੇ ਵਾਂਗੂੰ ਮੂੰਹ ਲੱਗ ਜਾਂਦਾ ਖੂਨ।
ਪਿੰਡ ਘੜਾਮੇਂ ਵਾਲ਼ਿਆ ਕੋਈ ਬਾਪ ਜਾਂਦਾ ਫਿਰ ਟੱਕਰ।
ਜੇਲ੍ਹ, ਤਸ਼ੱਦਦ, ਮੌਤ ਵੱਲੋਂ ਜੋ ਬਿਲਕੁੱਲ ਹੁੰਦਾ ਫੱਕਰ।
‘ਸਿਰ ‘ਤੇ ਬੰਨ੍ਹਿਆ ਕਫ਼ਨ’ ਨ੍ਹੀ ਵੇਂਹਦੇ, ਛੇੜ ਲੈਂਦੇ ਨੇ ਪੰਗੇ।
ਅਗਲਾ ਵਿੱਚ ਚੌਰਾਹੇ ਦੇ ਹੀ ਕਰ ਦਿੰਦਾ ਫਿਰ ਨੰਗੇ।
ਫੇਰ ਰੋਮੀਆਂ ਭੱਜ ਜਾਂਦੇ ਨੇ ਛੱਡ ਚੱਪਲਾਂ, ਬੂਟ।
‘ਕੰਧਾ ਵਿੱਚ ਹੀ ਵੱਜੀ ਜਾਂਦੇ’ ਲੱਭਦਾ ਨਾ ਕੋਈ ਰੂਟ।
ਪਰ ‘ਆਪੇ ਹੀ ਫਾਥੜੀ’ ਨੂੰ ਫਿਰ ਕਿਹੜਾ ਆਣ ਛੁਡਾਵੇ।
‘ਚਿੜੀਆ ਚੁੱਗ ਜੇ’ ਖੇਤ ‘ਤੇ ਪੱਲੇ ਰਹਿ ਜਾਂਦੇ ਪਛਤਾਵੇ।’
ਰੋਮੀ ਘੜਾਮਾਂ।
9855281105 (ਵਟਸਪ ਨੰ.)