ਠੋਕਰ

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਦਲੀਪ ਹਜੇ ਛੋਟਾ ਸੀ। ਪੜ੍ਹਨ ਲਈ ਸਕੂਲ ਜਾਂਦਾ ਸੀ। ਪਰ ਉਸਨੂੰ ਪੜ੍ਹਨਾ ਬਿਲਕੁੱਲ ਪਸੰਦ ਨਹੀਂ ਸੀ। ਉਹ ਸਿਰਫ਼ ਆਪਣੇ ਮਾਂ- ਬਾਪ ਦੀ ਜ਼ਬਰਦਸਤੀ ਕਰਕੇ ਸਕੂਲ ਜਾਂਦਾ ਸੀ। ਜਦੋਂ ਸਕੂਲ ਵਿੱਚ ਉਹ ਫੇਲ੍ਹ ਹੋ ਜਾਂਦਾ ਜਾਂ ਓਸਦੇ ਨੰਬਰ ਘੱਟ ਆਉਂਦੇ ਤਾਂ ਉਸ ਨੂੰ ਬਹੁਤ ਝਿੜਕਾਂ ਪੈਂਦੀਆਂ ਤੇ ਕਦੇ ਕਦੇ ਗੁੱਸੇ ਵਿੱਚ ਉਸਦੇ ਮਾਂ-ਬਾਪ ਉਸਨੂੰ ਕੁੱਟ ਵੀ ਦਿੰਦੇ।

ਹੁਣ ਉਹ ਇਹੀ ਸੋਚਦਾ ਰਹਿੰਦਾ ਕਿ ਕੀ ਕੀਤਾ ਜਾਵੇ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਬੱਚ ਜਾਵੇ। ਫ਼ੇਰ ਉਸਨੇ ਇੱਕ ਢੰਗ ਲੱਭਿਆ। ਉਹ ਢੰਗ ਸੀ – ਨਕਲ। ਇਹ ਢੰਗ ਉਸਨੂੰ ਬਹੁਤ ਸਹੀ ਬੈਠਿਆ। ਹਮੇਸ਼ਾਂ ਪੇਪਰਾਂ ਵਿੱਚ ਨਕਲ਼ ਦੀ ਮਦਦ ਨਾਲ ਪਾਸ ਹੋ ਜਾਂਦਾ। ਮਾਂ ਬਾਪ ਵੀ ਖੁਸ਼ ਰਹਿਣ ਲੱਗੇ ਤੇ ਦਲੀਪ ਨੂੰ ਮੂੰਹੋਂ ਬੋਲੀ ਹਰੇਕ ਚੀਜ਼ ਲੈ ਕੇ ਦਿੰਦੇ।

ਹੌਲੀ ਹੌਲੀ ਦਲੀਪ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਉਹ ਕਾਲਜ ਜਾ ਦਾਖ਼ਲ ਹੋਇਆ। ਢੰਗ ਓਹੀ ਕਿ ਨਕਲ ਕਰਕੇ ਪਾਸ ਹੋ ਜਾਵੇ। ਉਹ ਐਨਾ ਵਡਾ ਨਕਲਚੀ ਸੀ ਕਿ ਕਦੇ ਫ਼ੜਿਆ ਨਾ ਜਾਂਦਾ। ਜੇ ਕਿੱਧਰੇ ਅੜ ਜਾਂਦਾ ਤਾਂ ਰਿਸ਼ਵਤ ਦੇ ਕੇ ਸਾਰ ਲੈਂਦਾ। ਉਹ ਬਹੁਤ ਹੀ ਚਲਾਕ ਸੀ। ਸ਼ੁਰੂ ਤੋਂ ਹੀ ਨਕਲ ਕਰਨ ਕਰਕੇ ਉਹ ਇਸ ਵਿੱਚ ਬਹੁਤ ਪ੍ਰਪੱਕ ਹੋ ਗਿਆ ਸੀ। ਬੜੀ ਸਫ਼ਾਈ ਨਾਲ਼ ਉਹ ਨਕਲ ਕਰਦਾ ਤੇ ਕਿਸੇ ਨੂੰ ਭਣਕ ਨਾ ਪੈਣ ਦਿੰਦਾ। ਰਿਸ਼ਵਤ ਵਾਲ਼ਾ ਤਰੀਕਾ ਵੀ ਓਹਦੇ ਬਹੁਤ ਕੰਮ ਆਇਆ। ਮਿਹਨਤ ਤਾਂ ਉਸਨੇ ਬਹੁਤ ਕੀਤੀ ਪਰ ਸਿਰਫ਼ ਗ਼ਲਤ ਤਰੀਕਿਆਂ ਲਈ।

ਹੁਣ ਉਹ ਕੰਮ ਚਲਾਊ ਡਾਕਟਰ ਬਣ ਗਿਆ। ਗ਼ਲਤ ਤਰੀਕੇ ਨਾਲ਼ ਹੀ ਲਾਇਸੈਂਸ ਵੀ ਬਣਵਾ ਲਿਆ ਤੇ ਹਸਪਤਾਲ਼ ਖੋਲ੍ਹ ਕੇ ਬਹਿ ਗਿਆ। ਇੱਕ ਵਧੀਆ ਡਾਕਟਰ ਨੂੰ ਨਾਲ਼ ਰੱਖ ਲਿਆ। ਇੰਝ ਵਧੀਆ ਕੰਮ ਚੱਲ ਪਿਆ। ਇੱਕ ਦਿਨ ਅਚਾਨਕ ਉਸਦੀ ਮਾਂ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਘਰਦਿਆਂ ਨੇ ਉਸ ਨੂੰ ਦਲੀਪ ਦੇ ਹਸਪਤਾਲ ਲੈ ਆਂਦਾ। ਹੁਣ ਸੰਜੋਗ ਨਾਲ਼ ਉਸ ਸਮੇਂ ਦੂਸਰਾ ਡਾਕਟਰ ਛੁੱਟੀ ‘ਤੇ ਸੀ। ਦਲੀਪ ਨੂੰ ਦਿਖ ਰਿਹਾ ਸੀ ਕਿ ਮਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੈ। ਤੁਰੰਤ ਅਪਰੇਸ਼ਨ ਦੀ ਲੋੜ ਹੈ। ਪਰ ਦਲੀਪ ਨੂੰ ਸਿਰਫ਼ ਦੇਖਣ ਦਾ ਹੀ ਤਜ਼ੁਰਬਾ ਸੀ। ਓਹਨੇ ‘ਕੱਲਿਆਂ ਕਦੇ ਅਪਰੇਸ਼ਨ ਨਹੀਂ ਕੀਤਾ ਸੀ। ਆਪਣੀ ਮਾਂ ਨੂੰ ਬਿਪਤਾ ਵਿੱਚ ਵੀ ਨਹੀਂ ਛੱਡ ਸਕਦਾ ਸੀ ਤੇ ਅਪਰੇਸ਼ਨ ਵੀ ਨਹੀਂ ਕਰ ਸਕਦਾ ਸੀ। ਅੱਜ ਉਸਨੂੰ ਅੰਤਾਂ ਦਾ ਪਛਤਾਵਾ ਹੋ ਰਿਹਾ ਸੀ। ਉਹਦੇ ਅੰਦਰ ਕੁਰਲਾਹਟ ਮਚੀ ਹੋਈ ਸੀ।

ਜਦੋਂ ਹੋਰ ਕੋਈ ਰਾਹ ਨਾ ਦਿਖਿਆ ਤਾਂ ਓਹਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਕਿ ਰੱਬਾ ਅੱਜ ਬਖ਼ਸ਼ ਲੈ, ਅੱਗੇ ਤੋਂ ਬੇਈਮਾਨੀ ਵਾਲ਼ਾ ਰਾਹ ਛੱਡ ਕੇ ਸਿੱਧੇ ਰਾਹ ਤੁਰਾਂਗਾ, ਹੋਰਨਾਂ ਨੂੰ ਵੀ ਸਮਝਾਵਾਂਗਾ। ਅਰਦਾਸ ਕਰਦਿਆਂ ਹੀ ਉਹਨੂੰ ਰੀਸੈਪਸ਼ਨ ਤੋਂ ਫ਼ੋਨ ਆਇਆ ਕਿ ਕੋਈ ਦਿਲਬੀਰ ਡਾਕਟਰ ਉਹਨੂੰ ਮਿਲਣ ਆਇਆ ਹੈ (ਉਹਨੂੰ ਯਾਦ ਆਇਆ ਕਿ ਦਿਲਬੀਰ ਉਹਦਾ ਜਮਾਤੀ ਸੀ, ਜੋ ਪੜ੍ਹ ਲਿਖ ਕੇ ਇਮਾਨਦਾਰੀ ਨਾਲ ਡਾਕਟਰ ਬਣਿਆ ਸੀ)ਉਹਨੇ ਰੱਬ ਦਾ ਸ਼ੁਕਰ ਕੀਤਾ ਤੇ ਦਿਲਬੀਰ ਨੂੰ ਮਿਲ ਕੇ ਮਾਂ ਦੇ ਅਪਰੇਸ਼ਨ ਦੀ ਗੱਲ ਕੀਤੀ। ਬਿਨਾਂ ਸਮਾਂ ਖ਼ਰਾਬ ਕੀਤਿਆਂ ਦੋਵਾਂ ਨੇ ਰਲ਼ ਕੇ ਮਾਂ ਦਾ ਅਪਰੇਸ਼ਨ ਕੀਤਾ।

ਜਦੋਂ ਮਾਂ ਖ਼ਤਰੇ ਤੋਂ ਬਾਹਰ ਹੋ ਗਈ ਤਾਂ ਦਲੀਪ ਨੇ ਦਿਲਬੀਰ ਅਤੇ ਸਾਰੇ ਪਰਿਵਾਰ (ਸਮੇਤ ਹਸਪਤਾਲ ਦੇ ਕਰਮਚਾਰੀਆਂ) ਨੂੰ ਆਪਣੀ ਸਾਰੀ ਸੱਚਾਈ ਦੱਸੀ ਅਤੇ ਵਾਅਦਾ ਕੀਤਾ ਕਿ ਹੁਣ ਉਹ ਸਿਰਫ਼ ਤੇ ਸਿਰਫ਼ ਸੱਚ ਦੇ ਰਾਹ ਤੇ ਚੱਲੇਗਾ। ਓਹਨੂੰ ਅਹਿਸਾਸ ਹੋ ਗਿਆ ਸੀ ਕਿ ਨਕਲ ਨਾਲ਼ ਅਸੀਂ ਸਿਰਫ਼ ਨੰਬਰ ਲੈ ਸਕਦੇ ਹਾਂ, ਗ਼ਲਤ ਤਰੀਕਿਆਂ ਨਾਲ ਕਾਮਯਾਬ ਵੀ ਹੋ ਸਕਦੇ ਹਾਂ ਪਰ ਜਦੋਂ ਠੋਕਰ ਲਗਦੀ ਹੈ ਤਾਂ ਸੱਚਾਈ ਦਿਖਦੀ ਹੈ ਕਿ ਸਾਰੀ ਉਮਰ ਝੂਠ ਕਪਟ ਨਾਲ਼ ਕੀ ਹਾਸਲ ਕੀਤਾ ਹੈ ਤੇ ਕੀ ਗਵਾਇਆ ਹੈ!!!

ਮਨਜੀਤ ਕੌਰ ਧੀਮਾਨ,
ਸ਼ੇਰਪੁਰ,ਲੁਧਿਆਣਾ।
ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ- 242
Next articleਰੌਸ਼ਨੀ