HOME ” ਵਿਦੇਸ਼ੀ ਲਾਲਸਾ ਦਾ ਅਧਿਐਨ ਕਰਦਾ ਕਹਾਣੀ ਸੰਗ੍ਰਹਿ – ਰੱਬ ਖ਼ੈਰ...

” ਵਿਦੇਸ਼ੀ ਲਾਲਸਾ ਦਾ ਅਧਿਐਨ ਕਰਦਾ ਕਹਾਣੀ ਸੰਗ੍ਰਹਿ – ਰੱਬ ਖ਼ੈਰ ਕਰੇ”

ਪੁਸਤਕ ਦਾ ਨਾਂ –          ਰੱਬ ਖ਼ੈਰ ਕਰੇ (ਕਹਾਣੀ ਸੰਗ੍ਰਹਿ)
ਕਹਾਣੀਕਾਰ –              ਜੋਰਾਵਰ
ਪੰਨੇ -104                   ਕੀਮਤ – 250/- ਰੁਪਏ
ਪ੍ਰਕਾਸ਼ਕ –                  ਨੈਸ਼ਨਲ ਬੁੱਕ ਸ਼ਾਪ, ਦਿੱਲੀ।
ਰਿਵਿਊਕਾਰ –              ਤੇਜਿੰਦਰ ਚੰਡਿਹੋਕ

   

ਤੇਜਿੰਦਰ ਚੰਡਿਹੋਕ

  (ਸਮਾਜ ਵੀਕਲੀ)   ਮਨੁੱਖਾ ਜਨਮ ਵਿੱਚ ਨਿੱਤ ਪ੍ਰਤੀ ਵਾਪਰਦੀਆਂ ਘਟਨਾਵਾਂ ਅਕਸਰ ਕਹਾਣੀਆਂ ਦਾ ਰੂਪ ਲੈ ਲੈਂਦੀਆਂ ਹਨ। ਗੱਲ ਕੇਵਲ ਸੰਵੇਦਨਸ਼ੀਲ ਹੋਣ ਦੀ ਹੈ। ਆਮ ਆਦਮੀ ਲਈ ਇਹ ਸਿਰਫ ਘਟਨਾਵਾਂ ਹੀ ਰਹਿੰਦੀਆਂ ਹਨ ਜਿਹੜੀਆਂ ਕੁਝ ਸਮੇਂ ਬਾਅਦ ਭੁੱਲ ਜਾਂਦੀਆਂ ਹਨ ਪਰ ਸੰਵੇਦਨਸ਼ੀਲ ਵਿਅਕਤੀ ਨੂੰ ਇਹ ਕਚੋਟਦੀਆਂ ਰਹਿੰਦੀਆਂ ਹਨ ਤੇ ਫਿਰ ਕਾਗਜ਼ ਤੇ ਉਤਾਰ ਕੇ ਸਮਾਜ ਤੱਕ ਪਹੁੰਚਦਾ ਕਰਦਾ ਹੈ।
ਪ੍ਰਵਾਸੀ ਕਹਾਣੀਕਾਰ ਜੋਰਾਵਰ ਦੀ ਹਥਲੀ ਪੁਸਤਕ ” ਰੱਬ ਖ਼ੈਰ ਕਰੇ” ਉਸਦਾ ਤੀਜਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਯਾਰਾਂ ਛੋਟੀਆਂ ਵੱਡੀਆਂ ਕਹਾਣੀਆਂ ਦਰਜ ਹਨ। ਇਹ ਪੁਸਤਕ ਕਰੀਬ ਦਸ ਸਾਲ ਦੇ ਅੰਤਰਾਲ ਤੋਂ ਬਾਅਦ ਪਾਠਕਾਂ ਤਕ ਪਹੁੰਚੀ ਹੈ। ਇਸ ਤੋਂ ਪਹਿਲਾਂ ਤਰੇੜਾਂ 2011 ਅਤੇ ਸੁਪਨੇ ਸੱਚ ਹੋਣਗੇ 2014 ਵਿਚ  ਦੋ ਕਹਾਣੀ ਸੰਗ੍ਰਹਿ ਆ ਚੁੱਕੇ ਹਨ। ਪੁਸਤਕ ਉਹਨਾਂ ਲੋਕਾਂ ਨੂੰ ਸਮਰਪਿਤ ਕੀਤੀ ਹੈ ਜਿਹੜੇ ਆਪਣੀ ਮੰਜਿਲ ਅਤੇ ਸੁੱਖ ਪ੍ਰਾਪਤੀ ਲਈ ਯਤਨਸ਼ੀਲ ਹਨ। ਪੁਸਤਕ ਦੀ ਸਿਰਲੇਖਤ ਕਹਾਣੀ ਸਤਵੇਂ ਸਥਾਨ ਤੇ ਸ਼ਾਮਲ ਹੈ।
ਪੁਸਤਕ ਪੜ੍ਹਦਿਆਂ ਉਸ ਦੀਆਂ ਕਹਾਣੀਆਂ ਵਿਚ ਸਮਾਜਿਕ ਸਰੋਕਾਰ, ਆਰਥਿਕ ਹਾਲਤ, ਮਜਬੂਰੀ, ਨਿਰਾਸ਼ਾਵਾਦ,  ਹਾਦਸੇ ਅਤੇ ਠੱਗੀ ਠੋਰੀ ਆਦਿ ਦਿਖਾਈ ਦਿੰਦੇ ਹਨ।
ਸਿਰਲੇਖਤ ਕਹਾਣੀ ਰੱਬ ਖ਼ੈਰ ਕਰੇ ਉਸ ਮੱਧਵਰਗੀ ਕਿਸਾਨ ਦੀ ਵਿਥਿਆ ਪੇਸ਼ ਕਰਦੀ ਹੈ ਜਿਸ ਦਾ ਪਿਓ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਮਰ ਜਾਂਦਾ ਹੈ ਅਤੇ ਮੁੰਡਾ ਬਾਹਰ ਨਾ ਜਾ ਸਕਣ ਕਾਰਨ ਨਸ਼ੇੜੀ ਹੋ ਕੇ ਆਪਣੇ ਖੇਤਾਂ ਵਿੱਚ ਹੀ ਫਸਲ ਦੀ ਕਟਾਈ ਦੌਰਾਨ ਕੰਬਾਈਨ ਨਾਲ ਕਟਿਆ ਜਾਂਦਾ ਹੈ। ਇਸ ਕਹਾਣੀ ਦਾ ਮੁੱਖ ਪਾਤਰ ਜਗੀਰ ਸਿੰਘ ਇਸ ਤ੍ਰਾਸਦੀ ਦਾ ਸ਼ਿਕਾਰ ਬਣਦਾ ਹੈ। ਕਹਾਣੀ ਖਾਲੀ ਹੱਥ ਉਸ ਮੁਟਿਆਰ ਦਾ ਬਿਰਤਾਂਤ ਸਿਰਜਦੀ ਹੈ ਜਿਹੜੀ ਆਪਣੇ ਸੁਪਨੇ, ਅਰਮਾਨਾਂ ਨੂੰ ਕੁਚਲ ਕੇ ਸੁੱਖ ਭਾਲਦੀ ਹੈ ਪਰ ਬਿਨਾਂ ਕਿਸਮਤ ਸੁੱਖ ਕਿਸੇ ਨੂੰ ਨਸੀਬ ਨਹੀਂ ਹੁੰਦਾ। ਕਹਾਣੀ ਵਿਚ ਨਾਇਕਾ ਸਤਿਕਾਰ ਆਪਣੀਆਂ ਇੱਛਾਵਾਂ ਨੂੰ ਦਬ ਕੇ ਆਪਣੀ ਭੈਣ ਜਿਸ ਦੇ ਦੋ ਬੱਚੇ ਹਨ ਅਤੇ ਵਿਦੇਸ਼ ਰਹਿੰਦੀ ਹੈ, ਦੀ ਮੌਤ ਤੋਂ ਬਾਅਦ ਘਰ ਵਾਲਿਆਂ ਦੇ ਆਖੇ ਲੱਗ ਕੇ, ਆਪਣੇ ਸੁਪਨੇ ਰੋਲ ਕੇ ਆਪਣੇ ਜੀਜੇ ਕਰਤਾਰ ਨਾਲ ਵਿਆਹ ਤਾਂ ਕਰਵਾ ਲੈਂਦੀ ਹੈ ਭਾਵੇਂ ਉਹ ਪਿੰਡ ਦੇ ਜਗਤਾਰ ਨਾਮੀ ਲੜਕੇ ਨੂੰ ਚਾਹੁੰਦੀ ਹੈ।  ਉਸ ਦੇ ਆਪਣਾ ਬੱਚਾ ਪੈਦਾ ਕਰਨ ਦੀ ਇੱਛਾ ਵਿਚੇ ਰਹਿ ਜਾਂਦੀ ਹੈ। ਮੱਧਵਰਗ ਪਰਿਵਾਰਾਂ ਦੀ ਇਹ ਸਮੱਸਿਆ ਹੈ ਕਿ ਉਹ ਆਪਣੇ ਬੱਚਿਆਂ ਲਈ ਚਿੰਤਾਤੁਰ ਰਹਿੰਦੇ ਹਨ। ਬਿਮਾਰੀ ਦੀ ਹਾਲਤ ਵਿੱਚ ਮਨੁੱਖ ਜਾਂ ਤਾਂ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਮੌਤ ਦੀ ਆਸ ਰਖਦਾ ਹੈ ਜਾਂ ਭੂਤਕਾਲ ਵਿੱਚ ਗਵਾਚ ਜਾਂਦਾ ਹੈ। ਇਵੇਂ ਹੀ ਨਾਇਕਾ ਬਿਮਾਰ ਹੋਣ ਤੇ ਨਿਰਾਸ਼ਾਵਾਦੀ ਹੋ ਜਾਂਦੀ ਹੈ।
ਅਗਲੀ ਕਹਾਣੀ ਪਤਾ ਨਹੀਂ ਵਿੱਚ ਸਜਾ ਦੇਣ ਨਾਲੋਂ ਮਾਫ਼ ਕਰਨਾ ਵੱਡਾ ਦਿਖਿਆ ਗਿਆ ਹੈ ਅਤੇ ਨਾਲ ਹੀ ਇਮਾਨਦਾਰੀ ਨਾਲ ਗੁਨਾਹ ਸਵੀਕਾਰ ਕਰਨਾ। ਕਹਾਣੀ ਕਿਰਤ ਦੀ ਲੁੱਟ ਕਿਸੇ ਗਰੀਬ ਕਾਮੇ ਦੇ ਕੰਮ ਦਾ ਨਜਾਇਜ ਫਾਇਦਾ ਲੈਣ ਦੀ ਗੱਲ ਕਰਦੀ ਹੈ। ਪਾਤਰ ਅਰਜੁਨ ਵਲੋ ਆਪਣੇ ਪਿਓ ਦਾਦੇ ਦੇ ਵਤੀਰੇ ਬਾਰੇ ਜਾਣਕਾਰੀ ਅਤੇ ਬਾਪੂ ਨੂੰ ਮੇਹਨਤਾਨਾ ਨਾ ਮਿਲਣ ਦੀਆਂ ਯਾਦਾਂ ਵਿਚ ਉਲਝੇ ਰਹਿਣਾ, ਨੌਕਰੀ ਦਾ ਛੁੱਟ ਜਾਣਾ ਅਤੇ ਪੈਸੇ ਵੀ ਨਾ ਮਿਲਣਾ। ਨਾਲ ਹੀ ਪਾਤਰ ਸਰਦਾਰ ਜੀ ਦੀ ਕਹਿਣੀ ਤੇ ਕਥਨੀ ਵਿਚ ਫਰਕ ਦਸਦੀ ਹੈ ਕਹਾਣੀ। ਅਗਲੀ ਕਹਾਣੀ ਸਿਰਫ਼ ਇੱਕ ਪਲ ਦੀ ਨਾਇਕਾ ਜੀਵਨਜੋਤ ਦੀ ਵਿਦੇਸ਼ ਦੀ ਤ੍ਰਾਸਦੀ ਦੂਜੀ ਪਾਤਰ ਕਮਲ ਦੇ ਆਤਮ ਹੱਤਿਆ ਦੇ ਸੰਧਰਭ ਵਿੱਚ ਬਿਆਨ ਕਰਦੀ ਹੈ। ਲੋੜ ਅਨੁਸਾਰ ਬਦਲਦੇ ਸਮੇਂ ਦੀ ਗੱਲ ਕਰਦੀ ਹੈ। ਕਿਸੇ ਸਮੇਂ ਕੁੜੀਆਂ ਨੂੰ ਘਰ ਅੰਦਰ ਹੀ ਰੱਖਿਆ ਜਾਂਦਾ, ਪੜ੍ਹਨ ਲਈ ਵੀ ਨਾ ਭੇਜਿਆ ਜਾਂਦਾ ਪਰ ਹੁਣ ਆਪਣੇ ਲਾਲਚ ਵੱਸ ਆਈਲੈਟਸ ਕਰਵਾ ਕੇ ਵਿਦੇਸ਼ ਭੇਜਣਾ। ਵਿਦੇਸ਼ਾਂ ਵਿਚ ਕੁੜੀਆਂ ਨਾਲ ਹੁੰਦੇ ਸੋਸ਼ਣ, ਨੌਜਵਾਨ ਜੁਗਰਾਜ ਵਰਗੇ ਆਪਣੇ ਮਿੱਤਰਾਂ ਨਾਲ ਕਰਦੇ ਨਸ਼ੇ, ਹਵਸ਼ ਦੀ ਭਰਮਾਰ ਹੁੰਦੀ ਬਾਹਰਲੇ ਮੁਲਕਾਂ ਵਿੱਚ ਦੱਸਦੀ ਹੈ। ਨਾਇਕਾ ਦਾ ਸੋਸ਼ਣ ਕਰਕੇ ਆਪਣੀ ਮੌਤ ਨੂੰ ਗਲੇ ਲਾਉਣ ਤੇ ਅੰਮ੍ਰਿਤ ਕੌਰ ਦਾ ਬਚਾਉਣਾ ਉਸ ਨੂੰ ਜਿੰਦਗੀ ਤੇ ਮੌਤ ਵਿਚ ਸਿਰਫ਼ ਇੱਕ ਪਲ ਦਾ ਫਾਸਲਾ ਲਗਦਾ ਹੈ। ਕਹਾਣੀ ਵਿਚ ਸਪੱਸ਼ਟ ਰੂਪ ਵਿਚ ਕਮਲ ਦੇ ਆਤਮ ਹੱਤਿਆ ਦਾ ਕਾਰਨ ਨਹੀਂ ਦੱਸਿਆ ਗਿਆ।
ਕਹਾਣੀ ਕੈਨੇਡਾ ਵਾਲੀ ਭੂਆ ਵਿਦੇਸ਼ ਗਈਆਂ ਕੁੜੀਆਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀਆਂ ਹਨ। ਸਿੰਮੀ ਦੇ ਪਿਓ ਨੂੰ ਆਪਣੀ ਭੈਣ ਦੀ ਹਾਲਾਤ ਦਾ ਪਤਾ ਹੁੰਦਿਆਂ ਵੀ ਇਸ ਦਾ ਦੁਹਾਜੂ ਨਾਲ ਵਿਆਹ ਕਰਕੇ ਕੈਨੇਡਾ ਭੇਜਣਾ, ਅਚੰਭਿਤ ਜਾਪਦਾ ਹੈ। ਕੈਨੇਡਾ ਵਾਲੀ ਭੂਆ ਆਪਣੇ ਪਤੀ ਦੇ ਕਹਿਣ ਤੇ ਆਪਣੇ ਭਰਾਵਾਂ ਤੋਂ ਜਾਇਦਾਦ ਵਿੱਚੋ ਹਿੱਸਾ ਲੈਣ ਆਉਂਦੀ ਹੈ ਪਰ ਵਾਪਸ ਕੈਨੇਡਾ ਨਾ ਜਾ ਕੇ ਕਿਧਰ ਟੁਰ ਗਈ, ਖੁਲਾਸਾ ਨਹੀਂ ਕੀਤਾ। ਕਹਾਣੀ ਸੇਵਾਦਾਰ ਵਿੱਚ ਕਾਲ਼ੇ ਦੌਰ ਦਾ ਜਿਕਰ ਕੀਤਾ ਗਿਆ ਹੈ ਪਰ ਢੀਂਡਸਾ ਸਾਬ੍ਹ ਦੀ ਸਥਿਤੀ ਸਪਸ਼ਟ ਨਹੀਂ ਹੋਈ। ਪੁਸਤਕ ਦੀ ਕਹਾਣੀ ਫਿਰ ਗੱਲ ਬਣ ਗਈ ਦਾ ਮੁੱਖ ਪਾਤਰ ਗੁਰਸੇਵਕ ਸਿੰਘ ਇਕ ਗਰੋਸਰੀ ਸਟੋਰ ਦਾ ਮਾਲਕ ਹੈ ਪਰ ਜੁਗਾੜੀ, ਠੱਗ ਅਤੇ ਕਬੂਤਰਬਾਜ਼ ਬੰਦਾ ਹੈ ਜਿਹੜਾ ਆਪਣੀ ਆਮਦਨ ਵਧਾਉਣ ਲਈ ਜੁਗਾੜ ਲਗਾਉਂਦਾ, ਠੱਗੀਆਂ ਮਾਰਦਾ ਅਤੇ ਕਬੂਤਰਬਾਜ਼ੀ ਕਰਦਾ ਹੈ। ਆਪਣੇ ਕਾਮਿਆਂ ਤੋਂ ਪੈਸੇ ਲੈਕੇ ਉਹਨਾਂ ਉਪਰ ਹੀ ਖਰਚ ਕਰਦਾ ਹੈ। ਜਿਵੇਂ ਇਕ ਕਹਾਵਤ ਹੈ ਸਾਡਾ ਸਿਰ ਤੇ ਸਾਡੀਆਂ ਜੁਤੀਆਂ। ਗੁਰਦੁਆਰੇ ਦੇ ਪ੍ਰਧਾਨ ਨਾਲ ਗੰਢ ਸੰਢ ਕਰਕੇ ਪੰਜਾਬ ਵਿੱਚ ਆਏ ਹੜਾਂ ਦੀ ਆੜ ਵਿੱਚ ਪੈਸਾ ਠੱਗਣਾ ਚਾਹੁੰਦਾ ਹੈਂ।
ਕਹਾਣੀ ਦਸਵੰਧ ਦਾ ਪਾਤਰ ਇਕ ਗਰੀਬ ਦੀ ਮਦਦ ਲਈ ਕਮਾਈ ਵਿੱਚੋਂ ਦਸਵੰਧ ਤਾਂ ਦਿੰਦਾ ਹੈ ਪਰ ਇਹ ਨਹੀਂ ਜਾਣਦਾ ਕਿ ਮਾਰੇ ਗਏ ਕਾਮੇ ਕਰਮੇ ਦਾ ਮੁੰਡਾ ਨਸ਼ਾ ਅਤੇ ਲੁੱਟ ਮਾਰ ਕਰਦਾ ਹੈ ਅਤੇ ਉਸ ਦੀ ਘਰਵਾਲੀ ਦਾਨ ਪੁੰਨ ਦੇ ਨਾਂ ਤੇ ਲੋਕਾਂ ਨੂੰ ਲੁਟਦੀ ਹੈ। ਪਾਤਰ ਦਾ ਕਰਮੇਂ ਦੇ ਮੁੰਡੇ ਹਥੋ ਜਖਮੀ ਹੋਣ ਤੇ ਹੀ ਪਤਾ ਲਗਦਾ ਹੈ। ਅਗਲੀ ਕਹਾਣੀ ਖ਼ਬਰ ਦਾ ਪਾਤਰ ਪੱਤਰਕਾਰ ਸੁਰਿੰਦਰ ਸੋਨੀ ਦੀ ਮੌਤ ਵਾਪਰ ਰਹੇ ਹਾਦਸਿਆਂ ਦੀ ਤ੍ਰਾਸਦੀ ਬਿਆਨ ਕਰਦੀ ਹੈ। ਪੁਸਤਕ ਦੀ ਆਖਰੀ ਕਹਾਣੀ ਨਿੱਕੀ ਜਿਹੀ ਗੱਲ ਜਿੰਦਗੀ ਵਿਚੋਂ ਪ੍ਰੇਸ਼ਾਨੀਆਂ ਨੂੰ ਦੂਰ ਕਰਕੇ ਵਰਤਮਾਨ ਸਮੇਂ ਦਾ ਲਾਭ ਲੈਣ ਦੀ ਗੱਲ ਕਰਦੀ ਹੈ।
ਪੁਸਤਕ ਵਿਚ ਸਮੁੱਚੇ ਪਰਵਾਸ ਦੇ ਹਾਲਾਤਾਂ ਦਾ ਬਿਰਤਾਂਤ ਸਿਰਜਿਆ ਗਿਆ ਹੈ। ਜਿਵੇਂ ਆਖਦੇ ਹਨ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ ਵਾਂਗ ਦੇਸ ਵਾਸੀਆਂ ਨੂੰ ਲਗਦਾ ਹੈ ਕਿ ਵਿਦੇਸ਼ ਵਿਚ ਮੌਜਾਂ ਹਨ ਪਰ ਉਥੋਂ ਦੀਆਂ ਮੁਸ਼ਕਲਾਂ, ਤੰਗੀਆਂ ਅਤੇ ਨਿਰਭਾਅ ਦਾ ਗਿਆਨ ਉਥੇ ਗਏ ਵਿਅਕਤੀਆਂ ਨੂੰ ਹੀ ਪਤਾ ਲਗਦਾ ਹੈ। ਕਹਾਣੀਆਂ ਵਿਚ ਕਈ ਪਾਤਰਾਂ ਦੇ ਨਾਮ ਇਕੋ ਜਿਹੇ ਹਨ ਜਿਵੇਂ ਜੇਸਨ ਅਤੇ ਅਰਜੁਨ ਕਈ ਕਹਾਣੀਆਂ ਵਿਚ ਆਏ ਹਨ। ਲੇਖਕ ਕੈਨੇਡਾ ਵਾਸੀ ਹੋਣ ਕਰਕੇ ਕਹਾਣੀਆਂ ਵਿਚ ਅੰਗਰੇਜ਼ੀ ਸ਼ਬਦ ਅਤੇ ਵਾਕਾਂ ਦੀ ਵਰਤੋਂ ਸੁਭਾਵਿਕ ਹੀ ਹੈ। ਕਹਾਣੀਕਾਰ ਨੇ ਉਥੋਂ ਦੀਆਂ ਇਹਨਾਂ ਸਥਿਤੀਆਂ ਬਾਰੇ ਜਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਾਬਕਾ ਏ ਐਸ ਪੀ ਨੈਸ਼ਨਲ ਐਵਾਰਡ ਪ੍ਰਾਪਤ ਅਤੇ

ਬਾਨੀ/ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ 
Previous articleਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ ਨੁਕੜ ਬੈਠਕਾ ਦਾ ਦੌਰ ਲਗਾਤਾਰ ਜਾਰੀ
Next articleप्राचीन भारत में कंबोज रानियाँ: सैन्य नेतृत्व और ऐतिहासिक विरासत