ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਬੱਸ ਪਾਸ: ਚੰਨੀ

 

  • 400 ਕਰੋੜ ਦੀ ਲਾਗਤ ਨਾਲ 842 ਬੱਸਾਂ ਖਰੀਦਣ ਦਾ ਫੈਸਲਾ
  • ਟਰਾਂਸਪੋਰਟ ਮੰਤਰੀ ਵਜੋਂ ਵੜਿੰਗ ਦੇ ਕੰਮ ਦੀ ਸ਼ਲਾਘਾ

ਚੰਡੀਗੜ੍ਹ (ਸਮਾਜ ਵੀਕਲੀ):   ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਮੁਫਤ ਬੱਸ ਪਾਸ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਵਿੱਚ 400 ਕਰੋੜ ਰੁਪਏ ਦੀ ਲਾਗਤ ਨਾਲ 842 ਬੱਸਾਂ ਖਰੀਦਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਖ਼ੁਦ ਬੱਸ ਚਲਾ ਕੇ ਇਨ੍ਹਾਂ ਵਿੱਚੋਂ 58 ਬੱਸਾਂ ਨੂੰ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਜੋ ਹੁਣ ਨਵੀਆਂ ਬੱਸਾਂ ਵਿੱਚ ਮੁਫਤ ਸਫ਼ਰ ਦਾ ਆਨੰਦ ਲੈ ਸਕਣਗੇ। ਸ੍ਰੀ ਚੰਨੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ 400 ਕਰੋੜ ਰੁਪਏ ਦੀ ਲਾਗਤ ਨਾਲ 105 ਬੱਸ ਟਰਮੀਨਲਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਸੂਬੇ ਵਿੱਚ 1406 ਨਵੇਂ ਬੱਸ ਪਰਮਿਟ ਜਾਰੀ ਕਰਨ ਦੇ ਨਾਲ-ਨਾਲ 425 ਨਵੇਂ ਬੱਸ ਰੂਟ ਜੋੜੇ ਜਾਣਗੇ। ਉਨ੍ਹਾਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਯਮਾਂ ਵਿਰੁੱਧ ਚੱਲ ਰਹੇ ਬੱਸ ਚਾਲਕਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਸਦਕਾ ਟਰਾਂਸਪੋਰਟ ਵਿਭਾਗ ਮੁੜ ਪੈਰਾਂ ਸਿਰ ਹੋਇਆ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੀ ਗਈ ਕਾਰਵਾਈ ਸਦਕਾ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ ਡੇਢ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਅੰਕੜੇ ਨੂੰ ਰੋਜ਼ਾਨਾ 2 ਕਰੋੜ ਰੁਪਏ ਤੱਕ ਲੈ ਕੇ ਜਾਵਾਂਗੇ। ਅੱਜ ਰਵਾਨਾ ਹੋਈਆਂ ਪਨਬਸ ਦੀਆਂ 28 ਬੱਸਾਂ ਵਿੱਚੋਂ ਮੁਕਤਸਰ ਸਾਹਿਬ ਡਿਪੂ ਨੂੰ 13, ਰੂਪਨਗਰ ਡਿਪੂ ਨੂੰ 12 ਅਤੇ ਪਠਾਨਕੋਟ ਨੂੰ 3 ਨਵੀਆਂ ਬੱਸਾਂ ਮਿਲਣਗੀਆਂ। ਇਸੇ ਤਰ੍ਹਾਂ ਪੀਆਰਟੀਸੀ ਦੀਆਂ 30 ਬੱਸਾਂ ਵਿੱਚੋਂ ਬਠਿੰਡਾ ਅਤੇ ਪਟਿਆਲਾ ਡਿਪੂਆਂ ਨੂੰ 10-10 ਜਦੋਂਕਿ ਫਰੀਦਕੋਟ ਅਤੇ ਬਰਨਾਲਾ ਨੂੰ 5-5 ਬੱਸਾਂ ਮਿਲਣਗੀਆਂ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਵੀਆਂ ਬੱਸਾਂ ਬੀਐੱਸ-6 ਸਿਸਟਮ ਨਾਲ ਲੈਸ ਹਨ। ਇਨ੍ਹਾਂ ਵਿੱਚ ਐੱਸਸੀਆਰ ਤਕਨਾਲੋਜੀ ਹੈ, ਜੋ ਪ੍ਰਦੂਸ਼ਣ ਦੇ ਨਿਕਾਸ ਨੂੰ ਘਟਾ ਦਿੰਦੀ ਹੈ।

ਚੋਣਾਂ ਮੁਲਤਵੀ ਕਰਨ ਲਈ ‘ਆਪ’ ਨੇ ਦਿੱਲੀ ’ਚ ਕਰਫਿਊ ਲਗਾਇਆ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਮਨਸੂਬੇ ਨਾਲ ਓਮੀਕਰੋਨ ਦੇ ਖ਼ਤਰੇ ਦਾ ਡਰ ਬਣਾ ਰਹੇ ਹਨ। ਇਸੇ ਕਰਕੇ ਦਿੱਲੀ ਸਰਕਾਰ ਨੇ ਰਾਤ ਦਾ ਕਰਫਿਊ ਲਗਾ ਕੇ ਲੋਕਾਂ ਦੇ ਮਨ ਵਿੱਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਜੁਨ ਕਪੂਰ ਅਤੇ ਉਸ ਦੀ ਭੈਣ ਸਮੇਤ ਚਾਰ ਜਣੇ ਕਰੋਨਾ ਪਾਜ਼ੇਟਿਵ
Next articleਤਿੰਨ ਅਕਾਲੀ ਆਗੂ ਤੇ ਸਾਬਕਾ ਕਾਂਗਰਸੀ ਵਿਧਾਇਕ ਭਾਜਪਾ ’ਚ ਸ਼ਾਮਲ