ਘਰਾਂ ਦੇ ਆਸਪਾਸ ਪਾਣੀ ਨਾ ਖੜਣ ਦਿੱਤਾ ਜਾਵੇ, ਹਰੇਕ ਸ਼ੁੱਕਰਵਾਰ ਮਨਾਓ ਡਰਾਈ-ਡੇਅ : ਡਾ. ਹਰਦੀਪ ਸ਼ਰਮਾ
ਮਾਨਸਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਅਤੇ ਬਲਾਕ ਅਧੀਨ ਵੱਖ-ਵੱਖ ਪਿੰਡਾਂ ਵਿਚ ਰਾਸ਼ਟਰੀ ਡੇਂਗੂ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਜਨਤਕ ਥਾਵਾਂ ‘ਤੇ ਡੇਂਗੂ ਲਾਰਵਾ ਚੈਕ ਕੀਤਾ ਗਿਆ ਅਤੇ ਜਾਣਕਾਰੀ ਹਿੱਤ ਪੋਸਟਰ ਵੀ ਵੰਡੇ ਗਏ। ਐਸਐਮਓ ਡਾ.ਹਰਦੀਪ ਸ਼ਰਮਾ ਨੇ ਦੱਸਿਆ ਕਿ ਡੇਂਗੂ ਮੱਛਰ ਦੇ ਕੱਟਣ ਨਾਲ ਹੋਣ ਵਾਲਾ ਬੁਖਾਰ ਹੈ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ।
ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਬਿਮਾਰੀ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜਰੂਰਤ ਹੈ। ਇਸ ਤੋਂ ਇਲਾਵਾ ਜਿੱਥੇ ਪਾਣੀ ਵਿਚ ਮੱਛਰ ਦਾ ਲਾਰਵਾ ਦਿਖੇ, ਉੱਥੇ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਹਰੇਕ ਸ਼ੁੱਕਰਵਾਰ ਡਰਾਈ-ਡੇ ਮਨਾਇਆ ਜਾਵੇ ਤੇ ਕੂਲਰਾਂ ਨੂੰ ਸਾਫ ਕਰਕੇ ਪਾਣੀ ਬਦਲਣਾ ਚਾਹੀਦਾ ਹੈ ਤਾਂ ਕਿ ਮੱਛਰ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰਾਂ, ਹੈਲਥ ਤੇ ਵੈਲਨੈਸ ਸੈਂਟਰਾਂ ਤੇ ਸਬ ਸੈਂਟਰਾਂ ਦੇ ਸਟਾਫ ਅਤੇ ਆਸ਼ਾ ਵਰਕਰਾਂ ਵਲੋਂ ਵੱਖ ਵੱਖ ਥਾਵਾਂ ਉਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ, ਮੱਛਰ ਪੈਦਾ ਹੋਣ ਦੇ ਕਾਰਨ ਅਤੇ ਇਸ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ।
ਬਲਾਕ ਐਜੂਕੇਟਰ ਕੇਵਲ ਸਿੰਘਅਤੇ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਖਿਆਲਾ ਵਿਖੇ ਰਾਸ਼ਟਰੀ ਡੇਂਗੂ ਦਿਵਸ ਮੌੌਕੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬੁਖਾਰ ਅਤੇ ਪਾਣੀ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਡੇਂਗੂ ਮੱਛਰ ਦਾ ਲਾਰਵਾ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ ਜਮਾਂ ਰਹਿਣ ਵਾਲੇ ਸਾਫ ਪਾਣੀ ‘ਚ ਪੈਦਾ ਹੁੰਦਾ ਹੈ। ਡੇਂਗੂ ਮੱਛਰ ਪੈਦਾ ਨਾ ਹੋਵੇ ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਸਫਾਈ ਰੱਖਣ ਚਾਹੀਦੀ ਹੈ। ਡੇਂਗੂ ਬੁਖਾਰ ਦੀ ਜਾਣਕਾਰੀ ਨਾਲ ਸਬੰਧਿਤ ਪੈਂਫਲਿਟ ਵੰਡੇ ਗਏ।ਇਸ ਮੌਕੇ ਕਮਿਊਨਿਟੀ ਸਿਹਤ ਅਫਸਰ ਦੁਰਗਾ ਰਾਮ,ਗੁਰਪ੍ਰੀਤ ਸਿੰਘ, ਸੁਖਵਿੰਦਰ ਕੌਰ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly