ਕਪੂਰਥਲਾ,(ਸਮਾਜ ਵੀਕਲੀ) (ਕੌੜਾ)–ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਸਰਕਲ ਕਪੂਰਥਲਾ ਵੱਲੋਂ ਸਟੇਟ ਕਮੇਟੀ ਦੇ ਸੱਦੇ ’ਤੇ ਪਾਵਰ ਮੈਨੇਜ਼ਮੈਂਟ ਵੱਲੋਂ ਜੇ.ਈਜ਼ ਦੀਆਂ ਜਾਇਜ਼ ਮੰਗਾਂ ਨਾ ਮੰਨੀਆ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਸਰਕਲ ਕਪੂਰਥਲਾ ਵਿਖੇ ਕੌਂਸਲ ਵੱਲੋਂ 29 ਨਵੰਬਰ ਨੂੰ 24 ਘੰਟੇ ਲਈ ਭੁੱਖ ਹੜਤਾਲ ਕੀਤੀ ਜਾਵੇਗੀ।
ਇਹ ਸ਼ਬਦ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਸਰਕਲ ਕਪੂਰਥਲਾ ਦੇ ਪ੍ਰਧਾਨ ਇੰਜ: ਗੁਰਨਾਮ ਸਿੰਘ ਬਾਜਵਾ ਨੇ ਆਖੇ। ਇੰਜ: ਬਾਜਵਾ ਨੇ ਦੱਸਿਆ ਕਿ ਪਾਵਰ ਮੈਨੇਜ਼ਮੈਂਟ ਜੇ.ਈਜ਼ ਦੀਆਂ ਮੰਗਾਂ ਮੰਨਣ ਲਈ ਸੰਜੀਦਾ ਨਹੀਂ ਹੈ ਅਤੇ ਟਾਲ ਮਟੋਲ ਦੀ ਨੀਤੀ ਅਪਨਾ ਰਹੀ ਹੈ, ਜਿਸ ਕਰਕੇ ਮਜਬੂਰਨ ਰੋਸ ਵਜੋਂ ਸਟੋਰ ਅਤੇ ਮੀਟਰ ਲੈਬੋਟਰੀਆਂ ਦਾ ਬਾਈਕਾਟ ਕਰਨ, ਕਿਸੇ ਵੀ ਕਿਸਮ ਦੀ ਚੈਕਿੰਗ ਅਤੇ ਕੁਤਾਹੀ ਰਕਮ ਦੀ ਉਗਰਾਹੀ ਬੰਦ ਕਰਨ , 24 ਘੰਟੇ ਆਪਣੇ ਸਰਕਾਰੀ ਮੋਬਾਇਲ ਫੋਨ ਸਵਿੱਚ ਆਫ ਕਰਨ, ਸਾਰੀਆਂ ਵਾਧੂ ਡਿਊਟੀਆਂ ਬੰਦ ਕਰਨ, ਸਮੂਹਿਕ ਛੁੱਟੀ ਉੱਤੇ ਗੈਸਟ ਆਫ ਦੀ ਜਗਾ ਡਿਊਟੀ ਦੇਣ ਤੋਂ ਇਨਕਾਰ ਕਰਨ ਅਤੇ ਸਰਕਲ ਵਾਈਜ ਭੁੱਖ ਹੜਤਾਲ ਕਰਨ ਲਈ ਜੋ ਅੱਖਾਂ ਬੋਲ ਕੌਂਸਲ ਦੀ ਸੂਬਾ ਕਮੇਟੀ ਵੱਲੋਂ ਆਦੇਸ਼ ਪ੍ਰਾਪਤ ਹੋਏ ਹਨ ਇਸ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।
ਕੌਂਸਲ ਦੇ ਸਰਕਲ ਪ੍ਰਧਾਨ ਇੰਜ: ਗੁਰਨਾਮ ਬਾਜਵਾ ਨੇ ਦੱਸਿਆ ਕਿ ਜੇ.ਈਜ਼ ਦੀਆਂ ਮੰਗਾਂ ਵਿਚ ਅਹਿਮ ਮੰਗ ਜੂਨੀਅਰ ਇੰਜੀਨੀਅਰ ਦੀ ਮੁੱਢਲੀ ਤਨਖਾਹ 17450 ਰੁਪਏ ਦੀ ਥਾਂ ਤੇ 19970 ਰੁਪਏ ਦੇਣਾ ਹੈ, ਕਿਉਂਕਿ ਪੰਜਾਬ ਸਰਕਾਰ ਦੇ ਜੇ.ਈ. ਨੂੰ 18250 ਰੁਪਏ ਦਿੱਤੀ ਜਾ ਰਹੀ ਹੈ ਪਰ ਪਾਵਰ ਸੈਕਟਰੀ ਦਾ ਜੇ.ਈ. ਪੰਜਾਬ ਸਰਕਾਰ ਦੇ ਜੇ.ਈ. ਦੇ ਮੁਕਾਬਲੇ ਦਿਨ ਰਾਤ ਡਿਊਟੀ ਕਰਦਾ ਹੈ ਇਸ ਲਈ ਪਾਵਰ ਸੈਕਟਰ ਦੇ ਜੇ.ਈ. ਨੂੰ ਮੁੱਢਲੀ ਬਣਦੀ ਤਨਖਾਹ 19970 ਰੁਪਏ ਤੁਰੰਤ ਦਿੱਤੀ ਜਾਵੇ, ਦੂਜੇ ਪਾਸੇ ਜੂਨੀਅਰ ਇੰਜੀਨੀਅਰਜ਼ ਦੇ ਕੇਡਰ ਵਿਚ ਖੜੋਤ ਨੂੰ ਦੂਰ ਕਰਨ ਲਈ ਬਣੀ ਕਮੇਟੀ ਵੱਲੋਂ ਕੋਈ ਵੀ ਪ੍ਰਗਤੀ ਨਹੀਂ ਕੀਤੀ ਗਈ ਹੈ।
ਇੰਜ: ਬਾਜਵਾ ਨੇ ਕਿਹਾ ਕਿ ਜੂਨੀਅਰ ਇੰਜੀਨੀਅਰ ਇੰਜੀਨੀਅਰਜ਼ ਦੀਆਂ ਫੀਲਡ ਮੁਸ਼ਕਿਲਾਂ ਸਬੰਧੀ ਬਣੀਆਂ ਕਮੇਟੀਆਂ ਦੀਆਂ ਰਿਪੋਰਟਾਂ ਅਤੇ ਹੋਰ ਕਈ ਬਣੀਆਂ ਕਮੇਟੀਆਂ ਦੀਆਂ ਰਿਪੋਰਟਾਂ ਵੀ ਲਾਗੂ ਨਹੀਂ ਕੀਤੀਆਂ ਗਈਆਂ, ਇਥੋਂ ਤੱਕ ਕਿ ਜੇ.ਈ. ਤੋਂ ਏ.ਏ.ਈ. ਦੀ ਤਰੱਕੀ ਅਤੇ ਏ.ਏ.ਈ./ਡਿਗਰੀ ਹੋਲਡਰ ਤੋਂ ਸਹਾਇਕ ਇੰਜੀਨੀਅਰ ਦੀ ਤਰੱਕੀ ਦਾ ਕੰਮ ਵੀ ਰੋਕਿਆ ਗਿਆ ਹੈ। ਓਹਨਾਂ ਏਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੇ- ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਬਹੁਤ ਹੀ ਨਿੰਦਣਯੋਗ ਹੈ ਇਸ ਵਿਚ ਜੂਨੀਅਰ ਇੰਜੀਨੀਅਰਜ਼ ਅਤੇ ਹੋਰ ਮੁਲਾਜ਼ਮਾਂ ਦੇ ਅਨੇਕਾਂ ਭੱਤਿਆਂ ਨੂੰ ਖ਼ਤਮ ਕੀਤਾ ਗਿਆ ਹੈ। ਪਾਵਰਕਾਮ ਅੰਦਰ ਵੱਡੇ ਪੱਧਰ ’ਤੇ ਜੂਨੀਅਰ ਇੰਜੀਨੀਅਰ ਅਤੇ ਟੈਕਨੀਕਲ ਸਟਾਫ ਦੀ ਘਾਟ ਹੋਣ ਕਰਕੇ ਮੌਜੂਦਾ ਜੂਨੀਅਰ ਇੰਜੀਨੀਅਰ ਨੂੰ ਵਰਕ ਲੋਡ ਜ਼ਿਆਦਾ ਹੋਣ ਕਾਰਨ ਮਾਨਸਿਕ ਤਨਾਅ ਵਿਚੋਂ ਗੁਜ਼ਰਨਾ ਪੈ ਰਿਹਾ ਹੈ।
ਇੰਜ: ਬਾਜਵਾ ਨੇ ਪਾਵਰ ਮੈਨੇਜ਼ਮੈਂਟ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਜੇ.ਈਜ਼ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਮਜ਼ਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸੂਬਾ ਕਮੇਟੀ ਦੇ ਆਦੇਸ਼ਾਂ ਤਹਿਤ ਸਰਕਲ ਕਪੂਰਥਲਾ ਇਕਾਈ ਵੱਲੋਂ 29 ਨਵੰਬਰ ਨੂੰ 24 ਘੰਟੇ ਲਈ ਭੁੱਖ ਹੜਤਾਲ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly