ਸੰਘਰਸ਼ੀ ਅਖਾੜੇ: ਮੀਂਹ ’ਚ ਵੀ ਮੱਠਾ ਨਾ ਪਿਆ ਕਿਸਾਨਾਂ ਦਾ ਜੋਸ਼

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿੱਚ ਮੌਨਸੂਨ ਦੀ ਭਰਵੀਂ ਬਾਰਿਸ਼ ਦੌਰਾਨ ਵੀ ਪੌਣੇ ਗਿਆਰਾਂ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਧਰਨੇ ਨਿਰਵਿਘਨ ਜਾਰੀ ਰਹੇ। ਵਰ੍ਹਦੇ ਮੀਂਹ ’ਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੇ ਕੂੜ ਪ੍ਰਚਾਰ ਵਿਰੁੱਧ ਲੜਾਈ ਤਿੱਖੀ ਕਰਨ ਦਾ ਸੱਦਾ ਦਿੱਤਾ।

ਕਿਸਾਨ ਬੁਲਾਰਿਆਂ ਨੇ ਖੇਤੀ ਸਬੰਧੀ ਭਖਦੇ ਮੁੱਦਿਆਂ ਖਾਸ ਕਰ ਖਾਦਾਂ ਦੀ ਕਮੀ ਦੇ ਮਾਮਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ’ਤੇ ਵੀ ਨਿਸ਼ਾਨਾ ਸੇਧਿਆ। ਕਿਸਾਨ ਬੁਲਾਰਿਆਂ ਨੇ ਖੇਤੀ ਮੰਤਰੀ ਤੋਮਰ ਦੇ ਇਸ ਬਿਆਨ ਦਾ ਗੰਭੀਰ ਨੋਟਿਸ ਲਿਆ ਕਿ ਕਿਸਾਨਾਂ ਕੋਲ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨ ਲਈ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਝੂਠ ਬੋਲਣਾ ਬੰਦ ਕਰਨ ਕਿਉਂਕਿ ਕਿਸਾਨ ਕਾਨੂੰਨਾਂ ਦੀ ਹਰੇਕ ਮਦ ਦੀਆਂ ਖਾਮੀਆਂ ਦੱਸ ਚੁੱਕੇ ਹਨ ਅਤੇ ਆਪਣੀ ਤਜਵੀਜ਼ ਕਈ ਵਾਰ ਦੁਹਰਾ ਚੁੱਕੇ ਹਨ ਕਿ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਸਰਕਾਰ ਦੇ ਗੈਰ-ਸੰਵਿਧਾਨਕ ਫ਼ੈਸਲਿਆਂ ਅਤੇ ਪੂੰਜੀਪਤੀ ਘਰਾਣਿਆਂ ਦੀ ਸੇਵਾ ਕਰਨ ਦੀ ਨੀਤੀ ’ਤੇ ਪਰਦਾ ਪਾਉਣ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਿਰਫ਼ ਭਾਜਪਾ ਅਤੇ ਇਸ ਪਾਰਟੀ ਦੇ ਜੋਟੀਦਾਰਾਂ ਨੂੰ ਛੱਡ ਕੇ ਸਾਰਾ ਮੁਲਕ ਸਮਝ ਚੁੱਕਿਆ ਹੈ ਕਿ ਖੇਤੀ ਕਾਨੂੰਨ ਕਿਸਾਨੀ ਲਈ ਹੀ ਤਬਾਹਕੁਨ ਸਾਬਤ ਨਹੀਂ ਹੋਣਗੇ, ਸਗੋਂ ਆਮ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਝੂਠ ਅਤੇ ਕੁਫਰ ਦਾ ਰਾਹ ਛੱਡ ਕੇ ਕਾਨੂੰਨ ਵਾਪਸੀ ਦੀ ਗੱਲ ’ਤੇ ਆਉਣਾ ਪਵੇਗਾ।

ਪੰਜਾਬ ਵਿੱਚ ਖਾਦਾਂ ਦੀ ਕਮੀ ਦੇ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਝੋਨੇ ਵਿੱਚ ਯੂਰੀਆ ਖਾਦ ਪਾਉਣ ਲਈ ਸਿਰਫ ਇੱਕ ਹਫ਼ਤੇ ਦਾ ਸਮਾਂ ਬਚਿਆ ਹੈ ਪਰ ਯੂਰੀਏ ਦੀ ਬਹੁਤ ਕਿੱਲਤ ਪਾਈ ਜਾ ਰਹੀ ਹੈ। ਮਾਰਕਫੈੱਡ ਤੇ ਖੇਤੀ ਵਿਭਾਗ ਨੇ ਟਾਲ-ਮਟੋਲ ਦੀ ਨੀਤੀ ਅਪਣਾ ਰੱਖੀ ਹੈ ਅਤੇ ਚੁਣਾਵੀ ਗਿਣਤੀਆਂ ਮਿਣਤੀਆਂ ਵਿੱਚ ਮਸਰੂਫ ਸਰਕਾਰ ਕੋਲ ਤਾਂ ਕਿਸਾਨ ਮੁੱਦਿਆਂ ਲਈ ਸਮਾਂ ਹੀ ਨਹੀਂ।

ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਵਿੱਚ ਇਹ ਮਸਲਾ ਹੱਲ ਨਾ ਕੀਤਾ ਤਾਂ ਮਾਰਕਫੈੱਡ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਬੁਲਾਰਿਆਂ ਨੇ ਰੁਲਦੂ ਸਿੰਘ ਮਾਨਸਾ ਦੇ ਦਿੱਲੀ ਮੋਰਚੇ ਵਾਲੇ ਟਿਕਾਣੇ ’ਤੇ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਦਾ ਹਿੱਸਾ ਹੈ ਪਰ ਕਿਸਾਨ ਡਰਨ ਵਾਲੇ ਨਹੀਂ ਅਤੇ ਉਹ ਖੇਤੀ ਕਾਨੂੰਨ ਰੱਦ ਕਰਵਾਏ ਬਗ਼ੈਰ ਘਰ ਨਹੀਂ ਪਰਤਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

 

Previous articleਕਰਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇ: ਕੈਪਟਨ
Next articleਬੱਧਨੀ ਕਲਾਂ ’ਚ ਕਾਂਗਰਸ ਦੀ ਹਲਕਾ ਇੰਚਾਰਜ ਦਾ ਘਿਰਾਓ