ਮਜ਼ਬੂਤ ਜ਼ਿੰਦਗੀ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ )– ਹਰ ਰੋਜ਼ ਖ਼ਬਰਾਂ ਵਿੱਚ ਸੁਣਦੀ ਨਸ਼ੇ ਨੂੰ ਜੜ੍ਹੋਂ ਮੁਕਾ ਦਿੱਤਾ । ਅਜਿਹੀਆਂ ਖ਼ਬਰਾਂ ਰੀਤ ਦੇ ਦਿਲ ਤੇ ਹਥੌੜੇ ਵਾਂਗ ਵੱਜਦੀਆਂ । ਉਸ ਦੀਆਂ ਸਾਰੀਆਂ ਸੱਧਰਾਂ ਨਸ਼ੇ ਦੀ ਕੋਹੜ ਨੇ ਖਾ ਲਈਆਂ । ਅੱਜ ਵੀ ਉਸ ਨੂੰ ਉਹ ਵੇਲਾ ਯਾਦ ਹੈ ਜਦੋਂ ਮਿੰਦਰ ਪਹਿਲੀ ਵਾਰ ਉਸ ਦੇ ਘਰ ਉਹਨੂੰ ਵੇਖਣ ਆਇਆ ਸੀ । ਉੱਚਾ ਲੰਮਾ ਸੋਹਣਾ ਗੱਭਰੂ।ਚੰਗੀ ਨੌਕਰੀ ਚੰਗਾ ਘਰ ਬਾਰ।ਰੀਤ ਨੁੰ ਜਿਵੇਂ ਆਪਣੀ ਕਿਸਮਤ ਤੇ ਹੀ ਭਰੋਸਾ ਨਹੀਂ ਹੋ ਰਿਹਾ ਸੀ।ਉਹ ਆਪ ਵੀ ਕਾਲਜ ਵਿੱਚ ਲੈਕਚਰਾਰ ਸੀ।ਲੱਗਦਾ ਸੀ ਜਿਵੇਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਹਨ।ਮਿੰਦਰ ਐੱਸਡੀਓ ਲੱਗਾ ਹੋਇਆ ਸੀ।ਵੀਹ ਕਿੱਲੇ ਜ਼ਮੀਨ ਵੀ ਸੀ।ਸਭ ਤੋਂ ਵੱਡੀ ਗੱਲ ਉਹਦੇ ਪਰਿਵਾਰ ਦੀ ਕੋਈ ਮੰਗ ਨਹੀਂ ਸੀ।ਰੀਤ ਦੇ ਟੱਬਰ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਸੀ। ਮੰਗਣੀ ਤੋਂ ਤਿੰਨ ਮਹੀਨੇ ਬਾਅਦ ਵਿਆਹ ਦੀ ਤਰੀਕ ਪੱਕੀ ਹੋਈ।ਫੋਨ ਤੇ ਹਰ ਰੋਜ਼ ਗੱਲ ਕਰਦੇ।ਰੀਤ ਨੂੰ ਕਦੀ ਕਦੀ ਥੋੜ੍ਹਾ ਜਿਹਾ ਅਜੀਬ ਜ਼ਰੂਰ ਲੱਗਦਾ ਜਦੋਂ ਮਿੰਦਰ ਦੀਆਂ ਕਈ ਗੱਲਾਂ ਇੱਕ ਦੂਜੀ ਨਾਲ ਨਾ ਮੇਲ ਖਾਂਦੀਆਂ।

ਪਰ ਉਹ ਅਣਗੌਲਿਆਂ ਕਰ ਦਿੰਦੀ।ਅਖੀਰ ਸ਼ਗਨਾਂ ਦਾ ਦਿਨ ਆ ਗਿਆ।ਬੜੀ ਧੂਮਧਾਮ ਨਾਲ ਵਿਆਹ ਹੋਇਆ।ਰੀਤ ਚਾਵਾਂ ਦੀ ਚੁੰਨੀ ਲੈ ਮਿੰਦਰ ਤੇ ਘਰ ਆ ਗਈ।ਪਹਿਲੀ ਰਾਤ ਹੀ ਉਸਦੇ ਸਭ ਸੁਪਨੇ ਖੇਰੂੰ ਖੇਰੂੰ ਹੋ ਗਏ ਜਦੋਂ ਨਸ਼ੇ ਵਿਚ ਰੱਜਿਆ ਮਿੰਦਰ ਆਉਦੇ ਹੀ ਧੜੰਮ ਮੰਜੇ ਤੇ ਡਿੱਗ ਪਿਆ।ਬਹੁਤ ਦੇਰ ਬੈਠੀ ਸੋਚਦੀ ਰਹੀ । ਪਹਿਲੀ ਰਾਤ ਦੇ ਬਹੁਤ ਸਾਰੇ ਸੁਫਨੇ ਅੱਖਾਂ ਵਿੱਚ ਹੀ ਰਹਿ ਗਏ ਤੇ ਹੰਝੂ ਬਣ ਕੇ ਬਹਿ ਗਏ।ਅਖ਼ੀਰ ਉੱਠੀ ਤੇ ਕੱਪੜੇ ਬਦਲ ਕੇ ਸੌਂ ਗਈ । ਸਵੇਰੇ ਉੱਠ ਕੇ ਮਿੰਦਰ ਨੇ ਕਿਹਾ ਕੱਲ੍ਹ ਥੋੜ੍ਹੀ ਜ਼ਿਆਦਾ ਪੀ ਲਈ।ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।ਰੀਤ ਦੇ ਦਿਲ ਨੂੰ ਭਰੋਸਾ ਜਿਹਾ ਆਇਆ।ਦਿਨ ਰੀਤ ਰਿਵਾਜਾਂ ਵਿੱਚ ਨਿਕਲ ਗਿਆ।ਰਾਤ ਪੈਂਦੇ ਹੀ ਫੇਰ ਉਹੀ ਗੱਲ ਨਸ਼ੇ ਨਾਲ ਰਜਿਆ ਮਿੰਦਰ ਕਮਰੇ ਵਿੱਚ ਵੜਿਆ । ਰੀਤ ਨੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਨਾ ਕੀਤੀ।ਮੂੰਹ ਦੂਜੇ ਬੰਨੇ ਕਰ ਚੁੱਪਚਾਪ ਸੌਂ ਗਈ।ਇਹ ਸਿਲਸਿਲਾ ਆਮ ਹੋ ਗਿਆ।ਜਿਸ ਦਿਨ ਨਸ਼ਾ ਥੋੜ੍ਹਾ ਘੱਟ ਹੁੰਦਾ ਦੋਹਾਂ ਵਿਚ ਸੰਬੰਧ ਬਣਦੇ ਜੋ ਜਿਸਮ ਦੇ ਵੱਧ ਤੇ ਰੂਹ ਦੇ ਘੱਟ ਹੁੰਦੇ।ਪੰਦਰਾਂ ਦਿਨਾਂ ਬਾਅਦ ਕੁਝ ਦਿਨ ਲਈ ਆਪਣੇ ਘਰ ਗਈ।ਉਸ ਤੋਂ ਆਪਣਾ ਆਪ ਰੋਕਿਆ ਨਾ ਗਿਆ ਫੁੱਟ ਫੁੱਟ ਰੋਂਦੀ ਨੇ ਮਾਂ ਨੂੰ ਸਾਰੀ ਗੱਲ ਦੱਸੀ । ਮਾਂ ਨੇ ਉਸ ਨੂੰ ਸਮਝਾਇਆ ਕੀ ਆਪਣੇ ਆਪ ਹੌਲੀ ਹੌਲੀ ਸਭ ਠੀਕ ਹੋ ਜਾਏਗਾ।ਰੀਤ ਨੇ ਮਾਂ ਨੂੰ ਕਿਹਾ ਮੈਂ ਵਾਪਸ ਨਹੀਂ ਜਾਵਾਂਗੀ।ਮਾਂ ਨੇ ਉਸ ਨੂੰ ਸਮਝਾਇਆ ਕਿ ਸਭ ਠੀਕ ਹੋ ਜਾਵੇਗਾ।

ਹਫ਼ਤਾ ਪੇਕੇ ਘਰ ਲੰਘ ਗਿਆ।ਮਿੰਦਰ ਆਪਣੇ ਮਾਂ ਪਿਓ ਦੇ ਨਾਲ ਰੀਤ ਨੂੰ ਲੈਣ ਆ ਗਿਆ।ਰੀਤ ਨੇ ਕਹਿਣਾ ਚਾਹਿਆ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ ਤੇ ਉਹ ਆਪਣੇ ਸਹੁਰੀਂ ਵਾਪਸ ਆ ਗਈ।ਮਿੰਦਰ ਹੁਣ ਦਫਤਰੋਂ ਹੀ ਰੱਜਿਆ ਹੋਇਆ ਵਾਪਸ ਆਉਂਦਾ ।ਰੀਤ ਨੇ ਵੀ ਕਾਲਜ ਜਾਣਾ ਸ਼ੁਰੂ ਕਰ ਦਿੱਤਾ।ਕਾਲਜ ਵਿਚ ਸਹਿਕਰਮੀ ਉਸ ਨੂੰ ਛੇੜਦੀਆਂ ਤਾਂ ਉਹ ਇਕ ਮੁਸਕਰਾਹਟ ਨਾਲ ਸਭ ਕੁਝ ਲੁਕੋ ਲੈਂਦੀ।ਮਿੰਦਰ ਤੇ ਅਫ਼ਸਰ ਹੋਣ ਕਰਕੇ ਕੋਈ ਉਸਦੀ ਉਂਗਲ ਨਾ ਚੁੱਕਦਾ।ਦਫ਼ਤਰ ਵਿੱਚ ਵੀ ਕੋਈ ਰੋਕ ਟੋਕ ਨਹੀਂ ਸੀ।ਜ਼ਿੰਦਗੀ ਬੜੀ ਬੇਰੰਗ ਹੋ ਚੁੱਕੀ ਸੀ।ਰੀਤ ਨੂੰ ਇੱਕ ਸਮਝੌਤਾ ਜਾਪਦਾ।ਅਕਸਰ ਸੋਚਦੀ ਕਿ ਇੰਨਾ ਪੜ੍ਹ ਲਿਖ ਕੇ ਵੀ ਜੇ ਸਮਝੌਤਾ ਹੀ ਕਰਨਾ ਪੈ ਰਿਹਾ ਫਿਰ ਕੀ ਫਾਇਦਾ ਪੜ੍ਹਾਈ ਲਿਖਾਈ ਦਾ।ਆਪਣੇ ਪੈਰਾਂ ਤੇ ਖਡ਼੍ਹੇ ਹੋਣ ਦੇ ਬਾਵਜੂਦ ਵੀ ਉਹ ਕੋਈ ਫ਼ੈਸਲਾ ਨਾ ਲੈ ਸਕੀ।ਜ਼ਿੰਦਗੀ ਚੱਲਦੀ ਰਹੀ।ਨਾ ਦੋਵੇਂ ਕਦੀ ਇਕੱਠੇ ਬਾਹਰ ਗਏ ਨਾ ਹੀ ਕਦੀ ਆਮ ਲੋਕਾਂ ਵਾਂਗੂੰ ਜੀਅ ਸਕੇ।ਜੇਕਰ ਕਿਸੇ ਵਿਆਹ ਤੇ ਜਾਣਾ ਹੁੰਦਾ ਤਾਂ ਰੀਤ ਨੂੰ ਪਹਿਲਾਂ ਹੀ ਡਰ ਪੈ ਜਾਂਦਾ ਮਿੰਦਰ ਨੇ ਪੀ ਲੈਣੀ ਹੈ ਤੇ ਫਿਰ ਜਲੂਸ ਕੱਢਣਾ ਹੈ।ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦੀ ਨਾ ਜਾਣ ਦਾ।ਰੀਤ ਨੇ ਸ਼ੁਰੂ ਸ਼ੁਰੂ ਵਿੱਚ ਮਿੰਦਰ ਦੇ ਮਾਂ ਪਿਓ ਤੋਂ ਬਹੁਤ ਉਮੀਦਾਂ ਰੱਖੀਆਂ ਪਰ ਉਨ੍ਹਾਂ ਦੀ ਵੀ ਕੋਈ ਪੇਸ਼ ਨਹੀਂ ਚਲਦੀ ਸੀ।

ਘਰ ਵਿੱਚ ਪੈਸਾ ਸੀ ਪਰ ਸੁੱਖ ਨਹੀਂ ਸੀ।ਰੀਤ ਕਦੀ ਪਤਾ ਹੀ ਨਾ ਲੱਗਾ ਕਿ ਪਿਆਰ ਕਹਿੰਦੇ ਕਿਸ ਨੂੰ ਹਨ।ਜਦੋਂ ਕਦੀ ਉਹ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਸੁਣਦੀ ਤਾਂ ਉਸ ਦਾ ਮਨ ਬਹੁਤ ਦੁਖੀ ਹੁੰਦਾ।ਉਹ ਵੀ ਚਾਹੁੰਦੀ ਸੀ ਇਕ ਆਮ ਜ਼ਿੰਦਗੀ ਜਿਸ ਵਿੱਚ ਖ਼ੁਸ਼ੀਆਂ ਹੋਣ,ਇੱਕ ਦੂਜੇ ਦਾ ਸਾਥ ਹੋਵੇ,ਰੋਸੇ ਹੋਣ ਮਨਾਉਣਾ ਹੋਵੇ।ਪਰ ਤਕਦੀਰਾਂ ਤੇ ਕਿਹੜਾ ਜ਼ੋਰ ਚੱਲਦਾ।ਉਹ ਆਪਣੀ ਤਕਦੀਰ ਨਾਲ ਸਮਝੌਤਾ ਕਰ ਚੁੱਕੀ ਸੀ।ਮਨ ਮਾਰ ਕੇ ਜੀਣ ਦਾ ਢੰਗ ਉਸ ਨੇ ਸਿੱਖ ਲਿਆ ਸੀ ।ਕਈ ਵਾਰ ਉਸ ਦੀਆਂ ਸਹੇਲੀਆਂ ਉਸ ਦੀ ਜ਼ਿੰਦਗੀ ਤੇ ਰਸ਼ਕ ਕਰਦੀਆਂ ਪਰ ਸੱਚ ਤਾਂ ਸਿਰਫ਼ ਉਹ ਹੀ ਜਾਣਦੀ ਸੀ।ਉਮਰ ਦੇ ਪੰਜਵੇਂ ਦਸ਼ਕ ਵਿੱਚ ਪਹੁੰਚਦਿਆਂ ਮਨ ਮਰ ਚੁੱਕਾ ਸੀ।ਮਿੰਦਰ ਰਿਟਾਇਰ ਹੋ ਚੁੱਕਾ ਸੀ ਉਸ ਦੀਆਂ ਆਦਤਾਂ ਨਹੀਂ।ਦਾਰੂ ਨਾਲ ਉਸ ਦਾ ਸਰੀਰ ਖਾਧਾ ਗਿਆ ਸੀ।ਇਸ ਸਭ ਦੇ ਬਾਵਜੂਦ ਵੀ ਉਸ ਨੇ ਦਾਰੂ ਤੋਂ ਸਾਥ ਨਾ ਛੱਡਿਆ।ਅਗਲੇ ਮਹੀਨੇ ਰੀਤ ਦੀ ਵੀ ਰਿਟਾਇਰਮੈਂਟ ਸੀ।ਨਸ਼ੇ ਨੇ ਉਨ੍ਹਾਂ ਨੂੰ ਔਲਾਦ ਦੇ ਸੁੱਖ ਤੋਂ ਵੀ ਵਾਂਝਾ ਰੱਖਿਆ ਸੀ।

ਰੀਤ ਅਕਸਰ ਸੋਚਦੀ ਕਿ ਜਦੋਂ ਰਿਟਾਇਰ ਹੋ ਜਾਵਾਂਗੀ ਫੇਰ ਕੀ ਕਰਾਂਗੀ। ਕੁਦਰਤ ਕੋਲ ਹਰ ਸਮੱਸਿਆ ਦਾ ਹੱਲ ਹੁੰਦਾ।ਮਿੰਦਰ ਨੂੰ ਅਧਰੰਗ ਦਾ ਦੌਰਾ ਪੈ ਗਿਆ।ਹੁਣ ਉਹ ਤੁਰਨ ਫਿਰਨ ਤੋਂ ਮੁਥਾਜ ਸੀ।ਬੇਸ਼ੱਕ ਉਸ ਦੀ ਜ਼ਿੰਦਗੀ ਵਿਚ ਸਾਥ ਨਹੀਂ ਦਿੱਤਾ ਸੀ ਪਰ ਰੀਤ ਦੀ ਮਜਬੂਰੀ ਸੀ ਉਸ ਦਾ ਖਿਆਲ ਰੱਖਣਾ।ਕੁਦਰਤ ਨੇ ਰਿਟਾਇਰਮੈਂਟ ਬਾਅਦ ਦਾ ਆਹਰ ਬਣਾ ਦਿੱਤਾ ਸੀ।ਮਿੰਦਰ ਮੰਜੇ ਤੇ ਪਿਆ ਵੀ ਬੋਲ ਕਬੋਲ ਬੋਲਦਾ ਰਹਿੰਦਾ।ਰੀਤ ਅਕਸਰ ਸੋਚਦੀ ਕਿ ਕੁਡ਼ੀਆਂ ਦੇ ਪੜ੍ਹੇ ਲਿਖੇ ਹੋਣ ਨਾਲ ਤੇ ਆਪਣੇ ਪੈਰਾਂ ਤੇ ਖਡ਼੍ਹੇ ਹੋਣ ਨਾਲ ਵੀ ਕੁਝ ਨਹੀਂ ਹੋਣਾ ਜਦ ਤਕ ਸਮਾਜ ਆਪਣਾ ਵਤੀਰਾ ਨਹੀਂ ਬਦਲਦਾ।ਉਸ ਨੂੰ ਹੁਣ ਆਪਣੇ ਮਾਂ ਬਾਪ ਤੇ ਗੁੱਸਾ ਜ਼ਿਆਦਾ ਸੀ ਰੀਤ ਸੋਚਦੀ ਜੇਕਰ ਮਾਂ ਬਾਪ ਨੇ ਉਸ ਦਾ ਸਾਥ ਦਿੱਤਾ ਹੁੰਦਾ ਤਾਂ ਜ਼ਿੰਦਗੀ ਕੁਝ ਹੋਰ ਹੁੰਦੀ।ਰੀਤ ਰਿਵਾਜਾਂ ਦੇ ਬੱਚੇ ਮਾਂ ਬਾਪ ਨੇ ਉਹੀ ਕੀਤਾ ਜੋ ਪੀੜ੍ਹੀ ਦਰ ਪੀੜ੍ਹੀ ਮਾਪੇ ਕਰਦੇ ਆਏ।ਇੱਕ ਸੋਹਣੀ ਜ਼ਿੰਦਗੀ ਦਾ ਸੁਫਨਾ ਚਕਨਾਚੂਰ ਹੋ ਚੁੱਕਾ ਸੀ।ਰੀਤ ਕੋਲ ਕੁਝ ਵੀ ਨਹੀਂ ਸੀ ਜਿਸ ਨੂੰ ਯਾਦ ਕਰਕੇ ਖ਼ੁਸ਼ ਰਹੇ।ਇੱਕ ਦਿਨ ਦੀ ਯਾਦ ਵੀ ਨਹੀਂ ਜੋ ਉਸ ਦੇ ਮਨ ਨੂੰ ਤਰੋਤਾਜ਼ਾ ਕਰ ਸਕੇ।

ਬਹੁਤ ਸੋਚ ਵਿਚਾਰ ਤੋਂ ਬਾਅਦ ਰੀਤ ਨੇ ਲਿਖਣਾ ਸ਼ੁਰੂ ਕੀਤਾ।ਉਸ ਦਾ ਖਿਆਲ ਸੀ ਕਿ ਸ਼ਾਇਦ ਕੁਝ ਜ਼ਿੰਦਗੀਆਂ ਨੂੰ ਸਹੀ ਸੇਧ ਦੇ ਸਕੇ।ਸਮਾਜ ਨੂੰ ਬਦਲਣ ਵਿੱਚ ਕੁਝ ਯੋਗਦਾਨ ਪਾ ਸਕੇ।ਜੋ ਓਸ ਨੇ ਭੁਗਤਿਆ ਉਹ ਕਿਸੇ ਹੋਰ ਨੂੰ ਭੁਗਤਣਾ ਨਾ ਪਵੇ।ਨਸ਼ੇ ਦੇ ਕੋਹੜ ਤੋਂ ਜ਼ਿੰਦਗੀ ਨੂੰ ਬਚਾਇਆ ਜਾ ਸਕੇ।ਇਕ ਦਿਨ ਇਕ ਸੈਮੀਨਾਰ ਵਿਚ ਲੈਕਚਰ ਦੇ ਕੇ ਬੈਠਣ ਲੱਗੀ ਸਾਹਮਣੇ ਲਿਖਿਆ ਪੜ੍ਹਿਆ,ਨਸ਼ੇ ਨੂੰ ਨਫ਼ਰਤ ਕਰੋ ਨਸ਼ਾ ਕਰਨ ਵਾਲੇ ਨੂੰ ਨਹੀਂ।ਰੀਤ ਅਸਮੰਜਸ ਵਿੱਚ ਸੀ।ਸਾਰੀ ਜ਼ਿੰਦਗੀ ਉਸਨੇ ਨਸ਼ਾ ਕਰਨ ਵਾਲੇ ਨੂੰ ਵੀ ਨਫ਼ਰਤ ਨਹੀਂ ਕੀਤੀ ਬਦਲਿਆ ਤਾਂ ਫਿਰ ਵੀ ਕੁਝ ਨਹੀਂ।ਉਸ ਨੂੰ ਇਹ ਸਾਰੀਆਂ ਗੱਲਾਂ ਝੂਠੀਆਂ ਜਾਪੀਆਂ।ਉਹਨੇ ਉੱਠ ਕੇ ਦੁਬਾਰਾ ਮਾਈਕ ਆਪਣੇ ਹੱਥ ਵਿੱਚ ਲਿਆ ਤੇ ਪੂਰੇ ਜ਼ੋਰ ਨਾਲ ਬੋਲੀ,” ਆਪਣੀਆਂ ਧੀਆਂ ਦਾ ਸਾਥ ਦਿਓ।ਸਮਾਜ ਦੀ ਦੁਹਾਈ ਦੇ ਕੇ ਉਨ੍ਹਾਂ ਨੂੰ ਜ਼ਿੰਦਗੀ ਢੋਣ ਲਈ ਮਜਬੂਰ ਨਾ ਕਰੋ।”

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article. ਬੰਦਾ
Next articleਨੌੁਜਵਾਨਾਂ ਨੂੰ ਵੋਟ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ