ਕੰਧਾਂ/ ਬੇੜੀਆਂ ਤੋਂ ਮੁਕਤੀ ਲਈ ਯਤਨ-” ਡੂੰਘੇ ਦਰਦ ਦਰਿਆਵਾਂ ਦੇ”

ਪਿ੍ੰ: ਨਵਤੇਜ ਗੜ੍ਹਦੀਵਾਲਾ

(ਸਮਾਜ ਵੀਕਲੀ)

ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ ‘ ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ’ ਅਨੁਸਾਰ ਅਸਲ ਲਿਖਾਰੀ ਓਹੀ ਹੈ ਜੋ ਕ੍ਰਾਂਤੀਕਾਰੀ, ਕਲਿਆਣਕਾਰੀ, ਸੱਚ ਲਿਖਦਾ ਹੈ, ਜੋ ਅੰਦਰਲੀ ਕਾਵਿਕ ਹੇਕ ਦੀ ਸੰਘੀ ਨਹੀਂ ਘੁੱਟਦਾ। ਉਹ ਨਿਤਾਣੇ ਦਾ ਤਾਣ ਬਣਨ ਲਈ ਆਪਣੇ ਸ਼ਬਦ ਲੈ ਕੇ ਲੋਕ ਵਿਹੜਿਆਂ ਵੱਲ ਕਦਮ ਵਧਾਉਂਦਾ ਹੈ। ਡਾ ਮੇਹਰ ਮਾਣਕ ਆਪਣੀ ਕਾਵਿ ਸਮਰੱਥਾ ਸਹਿਤ ਇਸ ਮਾਰਗ ਦਾ ਪ੍ਰਤੀਬੱਧ ਪਾਂਧੀ ਹੈ। ਕਵਿਤਾ ਨੂੰ ਕਵੀ ਦੇ ਨਿੱਜ ਨਾਲੋਂ ਤੋੜਿਆ ਨਹੀਂ ਜਾ ਸਕਦਾ ਪਰ ਉਹ ਨਿੱਜ ਦੀ ਪਰਿਕਰਮਾ ਕਰਦੀ ਹੋਈ ਆਪਣੀਂ ਊਰਜਾ ਨਸ਼ਟ ਨਾ ਕਰ ਦੇਵੇ। ਇਸ ਦਿ੍ਸ਼ਟੀ ਤੋਂ ਡਾ ਮੇਹਰ ਮਾਣਕ ਦੀ ਕਵਿਤਾ ਸੁਜੱਗ ਹੈ ; ਉਹ ਆਮ ਮਨੁੱਖ ਦੇ ਜੀਵਨ ਮਸਲਿਆਂ ਨੂੰ ਉਭਾਰਦੀ, ਪ੍ਰਸਿਥਤੀਆਂ ਦੀ ਸਹਿਜ ਪਰਖ ਪੜਚੋਲ ਕਰਕੇ ਢੁਕਵਾਂ ਮਾਰਗ ਦਰਸ਼ਨ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ ਕਿਉਂਕਿ ਅਸਲ ਕਵੀ ਦੀ ਕਾਵਿ-ਨਬਜ ਲੋਕਾਂ ਲਈ ਹੀ ਧੜਕਦੀ ਹੈ। ਕਵੀ ਦੀ ਸਿਰਜਣਾ ਭਾਵੇਂ ਉਚਾਈ ਤੇ ਗਹਿਰਾਈ ਕਾਇਮ ਰੱਖਦੀ ਹੈ ਪਰ ਉਸ ਦੀ ਕਵਿਤਾ ਨੂੰ ਲੋਕਾਂ ਦੀ ਗੱਲ ਲੋਕ ਭਾਸ਼ਾ ਰਾਹੀਂ ਕਰਦੀ ਹੋਣ ਕਾਰਨ ਮਨ ਵਿੱਚ ਉਤਾਰਨ ਲਈ ਕਿਸੇ ਵਿਸ਼ੇਸ਼ ਮਾਨਸਿਕ ਮਸ਼ਕ ਦੀ ਜ਼ਰੂਰਤ ਨਹੀਂ ਪੈਂਦੀ।

ਕਿਤਾਬ ਦੇ ਤਤਕਰੇ ਦੇ ਮੁੱਢਲੇ ਭਾਗ ਵਿੱਚ ਦਰਜ ਦਰਿਆਵਾਂ ਦੇ ਨਾਮ ਪਾਠਕ ਨੂੰ ਦਰਿਆਵਾਂ ਦੇ ਡੂੰਘੇ ਦਰਦ ਨਾਲ ਜੁੜਣ ਲਈ ਉਤਸੁਕ ਕਰਦੇ ਹਨ। ਕਵੀ ਦਰਿਆਵਾਂ ਨੂੰ ਰੂਪਕ ਅਲੰਕਾਰ ਵਜੋਂ ਵਰਤ ਕੇ ਦਰਿਆਵਾਂ ਦੇ ਦਰਦ ਨਾਲ ਨਾਲ ਮਨੁੱਖ ਦਾ ਦਰਦ ਵੀ ਪੇਸ਼ ਕਰਦਾ ਹੈ। ਕਵਿਤਾ ਪਾਠ ਕਰਦਿਆਂ ਮਨੁੱਖ ਦੋ ਦਿਲਾਂ ਦੇ ਜੁੜ ਕੇ, ਬੇਵਸੀ ਦੇ ਆਲਮ ਵਿੱਚ ਪੁੱਜ ਕੇ, ਸਹਿਜ , ਉਸਾਰੂ ਸਮਾਜ ਸੁਧਾਰਕ ਫੈਸਲਾ ਲੈਣ ਤੱਕ ਹਰ ਦ੍ਰਿਸ਼ ਵਿਸ਼ੇਸ਼ ਕ੍ਰਮ ਅਨੁਸਾਰ ਦੇਖਦਾ ਹੈ। ‘ਰਾਵੀ’ ਵਿੱਚ ਮੁਟਿਆਰ ਦਾ ਬੇਕਾਬੂ ਦਿਲ ਹੱਥੋਂ ਨਿਕਲ ਹੀ ਜਾਂਦਾ ਹੈ ਪਰ ਪੱਕੀਆਂ ਸਮਾਜਿਕ / ਪਰੰਪਰਕ ਕਰੂਰ ਰੁਕਾਵਟੀ ਕੰਧਾਂ ਕਾਰਨ ਬਾਹਰੀ ਰੂਪ ਵਿੱਚ ਮੁਹੱਬਤੀ ਅਧਿਆਏ ਦਾ ਭਾਵੇਂ ਅੰਤ ਹੋ ਜਾਂਦਾ ਹੈ ਪਰ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਮੁਹੱਬਤੀ ਸ਼ਬਦ ਧੁਨੀ ਗੂੰਜਦੀ ਹੀ ਰਹਿੰਦੀ ਹੈ।

ਮੁੱਕ ਜਾਵੇ ਭਾਵੇਂ
ਧਰਤ ਤੋਂ ਪਾਣੀ
ਪਰ ਨਹੀਂ ਮੁੱਕਣੀ
ਰਾਵੀ ਬਿਆਸ ਦੀ
ਤੜਪਦੀ ਪਿਆਸ ਦੀ
ਅਜਬ ਕਹਾਣੀ (ਰਾਵੀ, ਪੰਨਾ14)

ਵਰਨ/ ਜਾਤ/ ਧਰਮ ਆਦਿ ਦੀਆਂ ਬੇੜੀਆਂ ਨੇ ਸਮੁੱਚੇ ਮਨੁੱਖੀ ਵਿਕਾਸ ਦੇ ਪੈਰ ਜਕੜੇ ਹੋਏ ਹਨ। ਕਵੀ ਮੁਹੱਬਤੀ ਕਦਮਾਂ ਵਿੱਚ ਪਈਆਂ ਅਜਿਹੀਆਂ ਬੇੜੀਆਂ ਨੂੰ ਤੋੜਨਾ ਚਾਹੁੰਦਾ ਹੈ ਜੋ ਭਾਰਤੀ ਸਮਾਜ ਦੇ ਨਿਰੰਤਰ ਵਿਨਾਸ਼ ਦਾ ਮੂਲ ਕਾਰਨ ਰਹੀਆਂ ਹਨ। ‘ ਰਾਵੀ ‘ ਦੀਆਂ ‘ਪੱਕੀਆਂ ਕੰਧਾਂ’ ਤੋਂ ਬਾਅਦ ‘ਤੇਰੇ ਬਿਨ’ ਵਿੱਚ ਬੰਦਸ਼ਾਂ ਦੀਆਂ ਬੇੜੀਆਂ ਦਾ ਜ਼ਿਕਰ ਕਰਦਿਆਂ, ਹਮਖਿਆਲੀ ਪਾਤਰ ਨੂੰ ਪ੍ਰਸ਼ਨ ਕਰਦਿਆਂ ਬੇਵਸੀ ਦੇ ਆਲਮ ਤੋਂ ਮੁਕਤੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।

ਆ ਤੂੰ ਪਰਤ ਆ
ਸੁਲਘਦੀ ਖਾਹਿਸ਼ ਕਿਉਂ ਨੂੜੀ ਹੈ?
ਇਹ ਖਾਹਿਸ਼ ਜਦੋਂ ਮਰ ਜਾਂਦੀ ਹੈ
ਜ਼ਿੰਦਗੀ ਹੜ੍ਹ ਜਾਂਦੀ ਹੈ । (ਤੇਰੇ ਬਿਨ, ਪੰਨਾ 21)

‘ਗੱਲ ਕੋਈ ਕਰੀਏ’, ਵੀ ਕੰਧਾਂ/ ਬੇੜੀਆਂ ਤੋੜ ਦੇਣ ਦਾ ਹੀ ਸੰਕੇਤ ਹੈ ।
‘ਕੁਦਰਤ ‘ ਤੇ ‘ਜੰਗ’ ਇਸ ਕਾਵਿ ਸੰਗ੍ਰਹਿ ਦੇ ਹੋਰ ਮਹੱਤਵਪੂਰਨ ਵਿਸ਼ੇ ਹਨ। ਮਨੁੱਖ ਕੁਦਰਤ ਦੀ ਸਿਕਦਾਰ ਉਪਜ ਹੈ ਤੇ ਇਹ ਉਪਜ ਕੁਦਰਤ ਦੇ ਆਸਰੇ ਹੀ ਟਿੱਕੀ ਹੋਈ ਹੈ। ਇਸ ਦੀ ਅਹਿਮੀਅਤ ਨੂੰ ਪਛਾਣਦਾ ਹੋਇਆ ਕਵੀ ਇਸ ਦੇ ਬਚਾਅ ਪੱਖ ਵਿੱਚ ਗਵਾਹੀ ਦਿੰਦਾ ਹੈ। ਉਹ ਕੁਦਰਤ ਦੀ ਤਬਾਹੀ ਕਰਨ ਵਾਲੇ ਅਮੀਰਾਂ, ਵਜ਼ੀਰਾਂ ਤੇ ਉਂਗਲ ਧਰਦਾ ਹੋਇਆ, ਹਰ ਮਨੁੱਖ ਨੂੰ ਸੁਚੇਤ ਕਰਦਾ ਹੋਇਆ ਸੰਸਾਰੀ ਤਾਕਤਾਂ ਨੂੰ ਆਪਣਾ ਫੈਸਲਾ ਸੁਣਾਉਂਦਾ ਹੈ
ਇਹ ਕੁਦਰਤ ਤਾਂ ਹੈ ਸਦੀਵੀ
ਤੇ ਇਸ ਦੀ ਆਪਣੀ ਗੱਲ ਹੈ
ਜੋ ਇਸ ਦੀ ਬਰਬਾਦੀ ਕਰਦਾ
ਉਸ ਦੀ ਮੌਤ ਅਟੱਲ ਹੈ। ( ਕੁਦਰਤ, ਪੰਨਾ 82)

ਕੁਦਰਤ ਦੇ ਵਿਨਾਸ਼ ਵਿੱਚੋਂ ਹੋਈ ਤਰੱਕੀ ਤੇ ਅਜਿਹੀ ਤਰੱਕੀ ਕਰਨ ਵਾਲੇ ‘ਤੇ ਮੁਨਾਸਿਬ ਇਤਰਾਜ਼ ‘ਕਾਹਦੀ ਤਰੱਕੀ ਕਾਹਦਾ ਮਨੁੱਖ ‘ ਹੈ ਜੋ ਇਸ ਗ੍ਰਹਿ ਵਾਸੀਆਂ ਦੇ ਲੰਬੇ ਜੀਵਨ ਲਈ ਲੋੜੀਂਦਾ ਸਬਕ ਹੈ। ਮਨੁੱਖ ਅੰਦਰ ਛੁਪਿਆ ਲਾਲਚੀ ਕੁੱਤਾ ਆਪਣੇ ਲਾਭ ਹਿੱਤ ਕੁਦਰਤ ਦਾ ਕਤਲ ਕਰਵਾ ਕੇ ਮਨੁੱਖ ਨੂੰ ਆਤਮਹੱਤਿਆ ਦੇ ਰਾਹ ਤੋਰਦਾ ਹੈ।

ਜੰਗ ਦੌਰਾਨ ਜਾਨੀ ਤੇ ਮਾਲੀ ਨੁਕਸਾਨ ਦੀ ਦਰਦ ਕਥਾ ਪੇਸ਼ ਕਰਦਿਆਂ ਕਵੀ ਅੱਗ ਵਿੱਚ ਨਸ਼ਟ ਹੁੰਦੀ ਕੁਦਰਤ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ। ਹਾਕਮ ਰਾਖਿਆਂ ਨੂੰ ਬੀਰ ਰਸ ਭਰਪੂਰ ਵਾਕਾਂ ਦੁਆਰਾ ਉਤਸ਼ਾਹਿਤ ਕਰ ਕੇ ਉਨ੍ਹਾਂ ਨੂੰ ਰਣ ਵਿੱਚ ਧੱਕ ਕੇ ਆਪ ਸੁਰੱਖਿਅਤ ਮੌਜ ਮਾਣਦੇ ਹਨ। ਹਾਕਮ ਜੰਗ ਨੂੰ ਆਪਣੇ ਰਾਜਨੀਤਕ ਲਾਭ ਹਿੱਤ ਵਰਤਦਾ ਹੈ। ਕਵੀ ਪ੍ਰਸ਼ਨ ਉਠਾਉਂਦਾ ਹੈ ਕਿ ਅਵਾਮ ਪ੍ਰਸ਼ਨ ਬਣ ਕੇ ਹਾਕਮ ਅੱਗੇ ਖੜ੍ਹਦੀ ਕਿਉਂ ਨਹੀਂ? ਕਵੀ ਚਾਲਬਾਜ਼ ਹਾਕਮ ਨੂੰ ਕਟਿਹਰੇ ਵਿੱਚ ਖੜ੍ਹਾ ਕਰਨਾ ਚਾਹੁੰਦਾ ਹੈ।
ਜੰਗ ‘ਚ ਅਵਾਮ ਕਿਉਂ ਮਰੇ
ਜੋ ਨਿੱਤ
ਭੁੱਖ, ਨੰਗ, ਗਰੀਬੀ ਨਾਲ਼ ਲੜੇ
ਤਖ਼ਤ ਕਿਉਂ ਨਾ ਜਰਬ ਜ਼ਰੇ
ਤੇ
ਕਟਿਹਰੇ ‘ਚ ਕਿਉਂ ਨਾ ਖੜ੍ਹੇ। ( ਜੰਗ ਤੇ ਅਵਾਮ, ਪੰਨਾ 76)

‘ਤਖ਼ਤ ਦੀਆਂ ਖੇਲਾਂ’ ਨੂੰ ਬੇਚਾਰੀ ਅਵਾਮ ਕੀ ਜਾਣੇ? ਸਮਝਣੋ ਅਸਮਰਥ ਅਵਾਮ ਨੂੰ ਕੁੱਝ ਸਮਝ ਨਹੀਂ ਆਉਂਦਾ। ਵਰਤਮਾਨ ਦੇ ਧੁਖਦੇ ਪਲ ਵਿਨਾਸ਼ ਦਾ ਸਮਾਂ ਹੈ, ਜਿੱਥੇ ਮਰਨ ਮਾਰਨ ਤੋਂ ਬਿਨਾਂ ਜ਼ਿੰਦਗੀ ਨਾਲ ਸਬੰਧਤ ਕੁੱਝ ਵੀ ਨਹੀਂ ਕਿਉਂਕਿ ਇਹ ਸਭਿਅਤਾ ਹੁਣ ਅਸਭਿਅਕ ਹੋ ਚੁੱਕੀ ਹੈ। ਇਸੇ ਕਾਰਨ ਇਹ ਆਪਣਾ ਵਜੂਦ ਗਵਾ ਰਹੀ ਹੈ। ਹਾਕਮ ਚਲਾਕ ਅਤੇ ਅਵਾਮ ਗੂੰਗੀ ਹੋ ਚੁੱਕੀ ਹੈ।

ਵੱਡਾ ਦੁਖਾਂਤ ਇਹ ਕਿ ਖ਼ੁਦਗਰਜੀਆਂ ਦੀ ਇਸ ਆਧੁਨਿਕ ਬਹਾਰ ਵਿੱਚ ਅੱਜ ਦਾ ਯੁੱਗ ਲੋਕ ਨਾਇਕ ਤੋਂ ਵੰਚਿਤ ਹੈ।ਹਰ ਸ਼ਹਾਦਤ/ ਤਿਉਹਾਰ/ ਮੇਲਾ ਮਨਾਉਣਾ ਸਿਰਫ਼ ਰਸਮ ਪੂਰਤੀ ਪੱਧਰ ਤੱਕ ਹੀ ਆ ਜਾਣ ਕਾਰਨ ਖੁਦ ਨੂੰ ਭਸਮ ਕਰਨ ਦਾ ਅਧਾਰ ਬਣ ਗਿਆ ਹੈ। ਕਵੀ ਅਜਿਹੀ ਮਨੋਬਿਰਤੀ ਨੂੰ ਰੋਕ ਕੇ ਭਵਿੱਖ ਸੁਰੱਖਿਅਤ ਕਰਨ ਦੀ ਦਿਸ਼ਾ ਵਿੱਚ ਗਤੀਸ਼ੀਲ ਹੁੰਦਾ ਹੋਇਆ ਪ੍ਰੇਰਨਾ ਸਰੋਤ ਵਜੋਂ, ਇਤਿਹਾਸ ਵਿੱਚੋਂ ਗੁੰਮ ਕਰ ਦਿੱਤੇ ਗਏ ਲੋਕ-ਨਾਇਕ ਲੋਕ ਮਨ ਦੇ ਮੰਚ ‘ਤੇ ਪੇਸ਼ ਕਰ ਕੇ ਵਿਨਾਸ਼ਕਾਰੀ ਜੀਵਨ ਪ੍ਰਵਾਹ ਨੂੰ ਟੋਕਣ/ ਰੋਕਣ ਲਈ ਮਹੌਲ ਉਸਾਰੀ ਕਰਦਾ ਹੈ।ਇਸ ਦਿ੍ਸ਼ਟੀ ਤੋਂ ਉਹ ‘ਲੋਹੜੀ’ ਨੂੰ ਗੀਤ ਗਾਉਣ,ਮੰਗਣ, ਖ਼ੁਸ਼ੀ ਮਨਾਉਣ, ਧੂਣਾ ਸੇਕਣ, ਤੜਕੇ ਉੱਠ ਕੇ ਖਿੱਚੜੀ/ਖੀਰ ਖਾਣ ਨਾਲ ਨਹੀਂ, ਧਰਤੀ ਦੇ ਸ਼ਿੰਗਾਰ ਨਾਲ ਜੋੜ ਕੇ, ਲੋਕ-ਨਾਇਕ ਸੱਚੇ ਸੂਰਮੇ ਦੀ ਤਲਾਸ਼ ਕਰਦਾ,ਉਸ ਦੀ ਮਹਾਨਤਾ ਤੇ ਪਰਸੰਗਿਤਾ ਦਰਸਾਉਂਦਾ ਹੈ :-

ਇਸ ਧਰਤੀ ਦੀ ਹਿੱਕ ਨੂੰ
ਇੱਕ ਠੰਢਾ ਬੁੱਲਾ ਚਾਹੀਦੈ
ਅਣਸੁੱਤੀਆਂ ਉਡੀਕਦੀਆਂ ਅੱਖਾਂ ਨੂੰ
ਇੱਕ ਹੋਰ‌ ਦੁੱਲਾ ਚਾਹੀਦੈ। (ਲੋਹੜੀ, ਪੰਨਾਂ 104)

ਕਵੀ ਦੁੱਲੇ ਦੇ ਜੀਵਨ, ਉਸ ਦੇ ਖੇਤਰ ਤੇ ਪਿਛੋਕੜ ਨਾਲ ਪਾਠਕ ਨੂੰ ਜੋੜ ਕੇ, ਲੋਹੜੀ ਸਲਾਮਤ ਰੱਖਦਿਆਂ ਉਸ ਨਾਲ ਜੁੜੇ ਕ੍ਰਾਂਤੀਕਾਰੀ ਪਲਾਂ ਦੀ ਦਾਸਤਾਨ ਨੂੰ ਹਕੀਕੀ ਰੂਪ ਦੇਣਾ ਚਾਹੁੰਦਾ ਹੈ ਤਾਂ ਕਿ ਅਵਾਮ ਨੂੰ ਹਾਕਮ ਦੇ ਦਸਤ-ਜਾਲ਼ ਵਿੱਚੋਂ ਛਡਾਇਆ ਜਾ ਸਕੇ। ਇਵੇਂ ਹੀ ਨਿਰੰਤਰ ਵਿਕਾਸ ਮੁਖੀ ਗਤੀਸ਼ੀਲਤਾ ਲਈ ਕਵੀ ਆਪਣੇ ਆਪ ਨੂੰ ਪੁਰਾਣੇ ਪੰਜਾਬ ਦੇ ਦਰਿਆ ‘ ਜੇਹਲਮ ‘ ਨਾਲ਼ ਇੱਕਸੁਰ ਕਰਦਾ ਹੈ। ਕਵੀ ਦੀ ਨਿਰੰਤਰ ਸੰਘਰਸ਼ੀਲ ਭੂਮਿਕਾ ਜੇਹਲਮ ਰਾਹੀਂ ਸਾਰੇ ਦਰਿਆਵਾਂ ਦਾ ਸੰਯੁਕਤ ਰੂਪ ਹੈ। ਸਥਾਪਤੀ ਤੋਂ ਨਾਬਰ ਮਨੁੱਖ ਦੀ ਨਾਬਰੀ ਦੀਆਂ ਜੜ੍ਹਾਂ ਦਰਿਆਵਾਂ ਦੇ ਸੁਤੰਤਰ ਵਹਿਣ – ਫਲਾਓ, ਲੋਕ-ਨਾਇਕ ਤੇ ਬਗ਼ਾਵਤ ਨੂੰ ਜਨਮ ਦੇਣ ਵਾਲੇ ਖੇਤਰ ਵਿੱਚਲੇ ਅਣਖੀ ਜਲ ਤੇ ਹਰਿਆਵਲ ਦਾ ਸਦੀਵੀ ਰੂਪ ਧਾਰਦੀਆਂ ਹਨ। ਸਿੰਧ ਦਰਿਆ ਵਿੱਚ ਪੈਣ ਲੱਗੇ ਜੇਹਲਮ ਅਤੇ ਉਸ ਵਿੱਚ ਸਮਾਏ ਹੋਰ ਦਰਿਆਵਾਂ ਨੇ

ਮੇਰਾ ਨਾਂ ਹੀ
ਜੇਹਲਮ ਰੱਖ ਕੇ
ਰੰਗ ਚੜ੍ਹਾ ਗਏ
ਮੇਰੇ ਤੇ ਗੂੜ੍ਹਾ
ਜਿਸ ‘ਚੋਂ ਜੰਮੇ
ਅਨੇਕਾਂ ਖ਼ਾਬ
ਕਰੀ ਬਗ਼ਾਵਤ
ਨਾ ਝੱਲੀ ਦਾਬ। ( ਜੇਹਲਮ, ਪੰਨਾ 27)

ਕਵੀ ਦਾ ਨਾਮ’ ਜੇਹਲਮ ‘ ਰੱਖ ਕੇ ਉਸ ਨੂੰ ਵਿਰਸੇ ਮੁਤਾਬਿਕ ‌ਬਾਗ਼ੀ/ ਨਾਬਰ ਬਣਾ ਦਿੱਤਾ।

‘ਵਿਰੋਧ ਦੀ ਭਾਸ਼ਾ’ ਅਤੇ ‘ਅਧਿਆਪਕ ‘ ਦਾ ਆਪਣੇ ਉਸਾਰੂ ਪੱਧਰ ਤੋਂ ਤਿਲਕ ਕੇ ਹੇਠਾਂ ਡਿਗੵ ਪੈਣਾ, ਇਸ ਕਾਵਿ ਸੰਗ੍ਰਹਿ ਦੇ ਦੋ ਹੋਰ ਧਿਆਨ ਦੇਣਯੋਗ ਪੱਖ ਹਨ, ਜੋ ਅੱਜ ਦੀ ਸਥਾਪਤੀ ਦੇ ਹੱਕ ਵਿੱਚ ਹੀ ਭੁਗਤਦੇ ਹਨ। ਵਿਰੋਧ ਦੀ ਭਾਸ਼ਾ ਦੇ ਸੁਆਮੀ ਸਮਝੌਤਾਵਾਦੀ ਹੋ ਕੇ ਸਤ੍ਹਾ ਦੀ ਮਲਾ਼ਈ ਦੇ ਹੱਕਦਾਰ ਬਣਦੇ ਹਨ। ਅਧਿਆਪਕ
ਗਿਆਨ ਤੇ ਧਿਆਨ
ਜਰਖੇਜ਼ ਤੇ ਬੀਆਬਾਨ
ਵਿਚਲੇ ਪਾੜੇ
ਵਿਕਾਸ ਤੇ ਉਜਾੜੇ
‘ਤੇ ਨਹੀਂ ਬੋਲਦੇ
( ਹੁਣ ਮਾਸਟਰ ਜੀ ਨਹੀਂ ਬੋਲਦੇ, ਪੰਨਾ 107)

ਕਵੀ, ਜ਼ਿੰਦਗੀ ਦੀ ਬਾਤ ਪਾਉਣ ਅਤੇ ਇਸ ਦੇ ਅਰਥ ਸਮਝਾਉਣ ਵਾਲੇ ਹੁਣ ਗੁੰਮ ਹੋ ਗਏ ਅਧਿਆਪਕ ਦੀ ‌ਭਾਲ਼ ਵਿੱਚ ਹੈ ਤਾਂ ਕਿ ਮਨੁੱਖ ਦੀ ਉਚਿਤ ਘਾੜਤ ਘੜ ਕੇ ਜੀਵਨ ਰਥ ਦੀ ਦਸ਼ਾ ਅਤੇ ਦਿਸ਼ਾ ਨੂੰ ਸੁਧਾਰਿਆ ਜਾ ਸਕੇ। ‘ਮਾਸਟਰ ਜੀ’ ਕੇਵਲ ਸਕੂਲ ਅਧਿਆਪਕ ਹੀ ਨਹੀਂ, ਮਾਸਟਰ ਜੀ ਰਾਹੀਂ ਤਾਂ ਸਮੁੱਚੀ ਖੋਖਲੀ ਸਿੱਖਿਆ ਪ੍ਰਣਾਲੀ ‘ਤੇ ਨਿਸ਼ਾਨਾ ਸਾਧਿਆ ਗਿਆ ਹੈ।

ਇਸ ਕਾਵਿ ਸੰਗ੍ਰਹਿ ਵਿੱਚ ਅਨੇਕਾਂ ਹੋਰ ਵਿਸ਼ੇ- ਮਾਂ ਬੋਲੀ, ਨਵ ਉਸਾਰੀ ਕਾਰਨ ਲੁਪਤ ਹੋ ਰਹੀ ਸਹਿਜ ਜੀਵਨ ਚਾਲ, ਰਿਸ਼ਤਿਆਂ ਦੀ ਟੁੱਟ ਭੱਜ, ਜੰਗਲ਼ ਮਿੱਟੀ ਪਾਣੀ ਦਾ ਪ੍ਰਦੂਸ਼ਣ, ਨਿੰਦਿਆ ਚੁਗਲੀ ਦਾ ਜ਼ੋਰ, ਬੇਇਤਫਾਕੀ ਅਤੇ ਅਵਿਸ਼ਵਾਸੀ ਦਾ ਦੁਖਾਂਤ, ਆਪਣਿਆਂ ਵੱਲੋਂ ਅਮਿੱਟ ਪੀੜਾਂ, ਹਾਰ ਕੇ ਵੀ ਨਾ ਹਾਰਨਾ, ਸਦਮੇ ਤੋਂ ਡਰ ਕੀ, ਅੱਧਿਆਂ ਦੀ ਜ਼ਿੰਦਗੀ, ਰੁੱਤਬੇ ਖਿਤਾਬ ਤੇ ਜ਼ਮੀਰਾਂ, ਰੁੱਖਾਂ ਦੀ ਕਦਰ, ਪਛਾਣ ਦੀ ਚਿੱਟੀ ਚਾਦਰ, ਮਾਨ ਸਨਮਾਨ ਦੀਆਂ ਗੱਲਾਂ, ਅਜੇ ਖੇਤ ਵੱਤ ਨਹੀਂ,ਅੰਨ੍ਹਾ ਬੋਲੀ਼ ਨੂੰ ਧੂਹੇ, ਵੰਡੀਆਂ ਤੋਂ ਬਚੋ, ਧਰਮਰਾਜ ਦੀ ਕੁਰਸੀ ‘ਤੇ ਠਗ, ਕਲਮ ਦੀ ਸਲਾਬ੍ਹੀ ਰੂਹ, ਇਕੱਲੇ ਰਹਿ ਜਾਣ ਦਾ ਸੱਚ- ਅਜੋਕੇ ਮਨੁੱਖੀ ਕਦਮਾਂ ਨੂੰ ਸਹੀ ਦਿਸ਼ਾ ਦੇਣ ਦੇ ਆਹਰ ਵਿੱਚ ਹਨ।

ਵਿਸ਼ਾ ਪੱਖ ਦੀ ਚੋਣ, ਉਸ ਨੂੰ ਨਿਭਾਉਣ, ਸੁਭਾਵਿਕ ਬਿਆਨ ਰਵਾਨੀ, ਸ਼ਬਦ-ਚੋਣ, ਬਣਤਰ- ਬੁਣਤਰ ਦੀ ਪੁਖਤਗੀ ਮੇਹਰ ਮਾਣਕ ਨੂੰ ਸ਼ਕਤੀਸ਼ਾਲੀ ਕਾਵਿ ਜੁਗਤ ਵਾਲ਼ਾ ਕਵੀ ਸਿੱਧ ਕਰਦੀ ਹੈ। ਲੰਬੀਆਂ ਕਵਿਤਾਵਾਂ ਕਿਤੇ ਵੀ ਝੋਲ ਨਹੀਂ ਮਾਰਦੀਆਂ, ਨਾ ਹੀ ਕਿਤੇ ਬੇਲੋੜਾ ਵਿਸਥਾਰ ਹੈ। ਪਤਾ ਨਹੀਂ ਲੱਗਦਾ ਕਵਿਤਾ ਕਿਹੜੇ ਵੇਲੇ ਪਾਠਕ ਦੀ ਉਂਗਲ ਫੜ ਕੇ ਉਸ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਸਾਰੀਆਂ ਕਵਿਤਾਵਾਂ ਵਿੱਚ ਕਾਫ਼ੀਆ ਮਿਲਾਉਣ ਦੀ ਚੁਸਤ-ਜੁਗਤ ਮਾਣਕ ਕੋਲ਼ ਹੀ ਹੈ। ਕਾਫ਼ੀਆ ਮਿਲਾਉਣ ਦੀ ਤੇਜ ਚਾਲ ਵੀ ਕਵਿਤਾ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦੀ ਹੈ ਜਿਵੇਂ:-
ਦੰਦੀਂ ਦੰਦਾਸਾ
ਖੁੱਲ੍ਹ ਕੇ ਹਾਸਾ
ਹੱਸ ਕੀ ਬੈਠੀ
ਮੈਂ ਮਰ ਜਾਣੀ
ਇਸ ਦੀ ਵੀ
ਅਜਬ ਕਹਾਣੀ
***
ਆ ਕੇ ਉਹਨੇ
ਚਾਹ ਕੇ ਉਹਨੇ ( ਰਾਵੀ, ਪੰਨਾ 11)

ਇਸ ਤੋਂ ਇਲਾਵਾ,ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਗ਼ਜ਼ਲ ਸਿਰਜਣ ਪ੍ਰਕਿਰਿਆ ਦੀ ਡੂੰਘੀ ਸੂਝ ਬੂਝ ਵਾਲ਼ਾ ਪਾਠਕ
ਕਿਤੇ ਕੋਈ ਤਕਨੀਕੀ ਊਣ ਪਕੜ ਵੀ ਸਕਦਾ।

ਅੰਤ ਵਿੱਚ ਕਵੀ ਦੇ ਗਿਲੇ ਬਾਰੇ ਗੱਲ ਕਰਨੀ ਬਣਦੀ ਹੈ। ਉਸ ਨੂੰ ਗਿਲਾ ਹੈ ਕਿ ‘ਜਿੰਨ੍ਹਾਂ ਲਈ ਮੈਂ ਬੋਲਿਆ’ ਕਿ ਮਨਾਂ ਉੱਤੇ ਉਸ ਦੇ ਸ਼ਬਦਾਂ ਦਾ ਅਸਰ ਏਨਾ ਕੁ ਹੈ ਜਿੰਨਾ ਪੱਥਰ ਉੱਤੇ ਪਾਏ ਪਾਣੀ ਦਾ।ਇਹ ਅਸਫਲ ਅਵਸਥਾ ਕੁੱਝ ਕਹਿਣ, ਕੁੱਝ ਕਰਨ ਵਾਲੇ਼ ਦੀ ਗਤੀਸ਼ੀਲਤਾ ਨੂੰ ਪ੍ਰੇਸ਼ਾਨ ਕਰਦੀ ਹੈ।ਧਰਮ, ਹੰਕਾਰ, ਹੈਵਾਨੀਅਤ ਨੇ ਮਨੁੱਖੀ ਮਨ ਵਿੱਚੋਂ ਉਸਾਰੂ ਚੇਤਨਾ ਮਾਰ ਹੀ ਦਿੱਤੀ ਹੈ ਅਤੇ ਉਹ ਖੁਸ਼ਹਾਲ ਤਬਦੀਲੀ ਲਈ ਨਹੀਂ, ਉੱਲੂਆਂ ਦੇ ਸਿਰ ਤੇ ਤਾਜ ਰੱਖਣ ਲਈ, ਮਰਨ ਮਿਟਣ ਲਈ ਬਿਹਬਲ ਹੈ।
ਬੇਸਮਝ/ ਅਚੇਤ/ਅੰਧ ਭਗਤ/ ਸਵਾਰਥੀ ਮਨੁੱਖ ਖੋਟੇ ਪ੍ਰਤੀਨਿਧ ਚੁਣ ਕੇ ਪੰਚਾਇਤ/ ਵਿਧਾਨ ਸਭਾ/ ਸੰਸਦ ਵਿੱਚ ਭੇਜਦਾ ਹੈ ਤੇ ਉਹ ਉਸ ਦੇ ਨੱਕ ਨਕੇਲ ਪਾ ਕੇ ਆਪਣੀ ਜੈ- ਜੈਕਾਰ ਤੀਕ ਸੀਮਤ ਰੱਖ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ। ਅਜਿਹੀ ਢੀਠ ਹੋ ਚੁੱਕੀ ਅਵਾਮ ਤੋਂ ਕਵੀ ਨੂੰ ਕਿਸੇ ਤਬਦੀਲੀ ਦੀ ਕੋਈ ਆਸ ਨਹੀਂ ਹੈ। ਕਵੀ ਆਪਣੀ ਬਣਦੀ ਉਸਾਰੂ ਭੂਮਿਕਾ ਨਿਭਾਉਣ ਲਈ ਆਪਣੇ ਵਾਂਗ ਜਾਗਦੇ ਜੁਝਾਰੂਆਂ ਦੀ ਜਥੇਬੰਦੀ ਵਿੱਚ ਸ਼ਾਮਲ ਹੋ ਜਾਣਾ ਚਾਹੁੰਦਾ ਹੈ:-

ਕਿਉਂ ਨਾ ਹਨੇਰੀਆਂ ਰਾਤਾਂ ਵਿੱਚ
ਜਾਗਦੀਆਂ ਨਜ਼ਰਾਂ ਸੰਗ
ਜਾ ਖੜਾਂ
ਤੇ ਉਨ੍ਹਾਂ ਦਾ ਹੱਥ ਫੜਾਂ । ( ਪੰਨਾ24)

ਵਰਤਮਾਨ ਦੌਰ ਵਿੱਚ ਅਜਿਹੀ ਏਕਤਾ ਹੀ ਲੋੜੀਂਦੀ ਹੈ। ਕਿਸੇ ਵੀ ਉਸਾਰੂ ਮੁਹਿੰਮ ਦਾ ਮੁੱਢ ਰੱਖਣ ਲਈ ਇਕੱਲੇ ਹੀ ਚੱਲਣਾ ਪੈਂਦਾ ਹੈ, ਕਾਫ਼ਲਾ ਬਾਅਦ ਵਿੱਚ ਬਣਦਾ ਹੈ। ਤੀਜੀ ਅੱਖ ਖੁੱਲ੍ਹੀ ਵਾਲ਼ੇ ਹਿਤੈਸ਼ੀ ਮਨੁੱਖ ਵਾਂਗ ਕਵੀ ਇਕੱਲਾ ਚੱਲਣ ਦੀ ਸਮਰੱਥਾ ਵੀ ਰੱਖਦਾ ਹੈ। ਕਵੀ ਦੀ ਦਿ੍ਸ਼ਟੀ ਵਿੱਚ ਇਹੋ ਚਾਲ ਹੀ ਬਿਹਤਰ ਹੈ:-

ਕਿਉਂ ਕਿਸੇ ਦੀ ਉਡੀਕ ਕਰਾਂ ਮੈਂ
ਕਿਉਂ ਨਾਂ ਅੱਗੇ ਕਦਮ ਧਰਾਂ ਮੈਂ

ਏਕਤਾ ‘ਤੇ ਧਿਆਨ ਕੇਂਦਰਿਤ ਕਰਦਿਆਂ ਕਦਮ ਅੱਗੇ ਵਧਾਉਣ ਵਾਲੇ ਕਵੀ ਦੀ ਸਿਰਜਣਾ ਪ੍ਰੇਰਨਾ ਸੋ੍ਤ ਹੋਣ ਨਾਲ਼- ਨਾਲ਼ ਇੱਕ ਵਧੀਆ ਕਾਵਿ-ਸੰਗ੍ਰਹਿ ਵੀ ਹੈ।

ਪਿ੍ੰ: ਨਵਤੇਜ ਗੜ੍ਹਦੀਵਾਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝੂਠਾ ਨਕਾਬ
Next articleਜਿਸਮ ਫਰੋਸ਼ੀ